ਗੋਨਿਆਣਾ(ਗੋਰਾ ਲਾਲ)- ਅੱਜ ਸਥਾਨਕ ਸ਼ਹਿਰ ਅੰਦਰ ਸਿਹਤ ਵਿਭਾਗ ਬਠਿੰਡਾ ਦੀ ਸੈਂਪਲ ਭਰਨ ਆਈ ਟੀਮ ਵੱਲੋਂ ਸਿਆਸੀ ਲੀਡਰਾਂ ਦੇ ਦਬਾਅ ਹੇਠ ਸੈਂਪਲ ਭਰਨ ਆਈ ਟੀਮ ਨੂੰ ਮਜਬੂਰਨ ਇਕ ਸਮਝੌਤੇ ਤਹਿਤ ਖਾਨਾਪੂਰਤੀ ਦੇ ਨਾਂ 'ਤੇ ਸਿਰਫ਼ ਇਕ ਮਸ਼ਹੂਰ ਕੰਪਨੀ ਦੇ ਬਿਸਕੁਟਾਂ ਦੇ ਪੈਕੇਟ ਦਾ ਸੈਂਪਲ ਲੈ ਕੇ ਕਾਗਜ਼ੀ ਕਾਰਵਾਈ ਕਰ ਕੇ ਖਿਸਕਣਾ ਪਿਆ ਜੋ ਮੰਡੀ ਵਾਸੀਆਂ ਵਿਚ ਕਾਫੀ ਚਰਚਾ ਦਾ ਵਿਸ਼ਾ ਰਹੀ। ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਸਿਹਤ ਵਿਭਾਗ ਬਠਿੰਡਾ ਤੋਂ ਡੀ. ਐੱਚ. ਓ ਡਾ. ਅਸ਼ੋਕ ਮੋਂਗਾਂ ਦੀ ਅਗਵਾਈ 'ਚ ਡਾ. ਰਾਜਦੀਪ ਕੌਰ ਅਤੇ ਸੰਜੇ ਖਟਿਆਲ ਪੂਰੇ ਰਾਮ ਲਸ਼ਕਰ ਨਾਲ ਖਾਣ ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਲੈਣ ਵਾਲੀ ਟੀਮ ਗੋਨਿਆਣਾ ਮੰਡੀ ਪਹੁੰਚੀ ਤੇ ਜਿਨ੍ਹਾਂ ਨਾਲ ਸਥਾਨਕ ਪੁਲਸ ਚੌਕੀ ਦੇ ਮੁਲਾਜ਼ਮ ਵੀ ਸਨ।
ਉਕਤ ਟੀਮ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰ 'ਚ ਇਕ ਹਲਵਾਈ ਦੀ ਦੁਕਾਨ ਜੈਨ ਮਿਸ਼ਠਾਨ ਭੰਡਾਰ 'ਤੇ ਸੈਂਪਲ ਲੈਣ ਲਈ ਦਾਖਲ ਹੋਈ ਤਾਂ ਮਠਿਆਈ ਦਾ ਸੈਂਪਲ ਲੈਣ ਲੱਗੇ ਤਾਂ ਦੁਕਾਨ ਦਾ ਮਾਲਕ ਰਮੇਸ਼ ਕੁਮਾਰ ਮੱਟੂ ਜੋ ਕਿ ਇਕ ਅਕਾਲੀ ਆਗੂ ਵੀ ਹੈ ਅਤੇ ਉਸ ਦੇ ਸਾਥੀਆਂ ਵੱਲੋਂ ਮਠਿਆਈਆਂ ਦਾ ਸੈਂਪਲ ਨਾ ਦੇਣ ਲਈ ਸੈਂਪਲ ਵਾਲੀ ਟੀਮ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਮਾਹੌਲ ਖਰਾਬ ਹੁੰਦਾ ਦੇਖ ਉਕਤ ਟੀਮ ਨੂੰ ਕੌਂਸਲ ਦੇ ਪ੍ਰਧਾਨ ਪ੍ਰੇਮ ਕੁਮਾਰ ਪ੍ਰੇਮਾ, ਕੌਂਸਲਰ ਅਤੇ ਹੋਰ ਐਸੋਸੀਏਸ਼ਨਾਂ ਦੇ ਆਗੂਆਂ ਨੇ ਦੁਕਾਨ ਦੇ ਕੋਲ ਅਨਾਜ ਮੰਡੀ ਵਿਚ ਇਕ ਦੁਕਾਨ 'ਤੇ ਗੱਲਬਾਤ ਕਰਨ ਲਈ ਬਠਾਇਆ ਗਿਆ। ਕਰੀਬ ਦੋ ਘੰਟੇ ਚੱਲੀ ਗੱਲਬਾਤ ਤੋਂ ਬਾਅਦ ਸਿਆਸੀ ਦਬਾਅ ਵਿਚ ਆਉਂਦਿਆਂ ਸਿਹਤ ਵਿਭਾਗ ਦੀ ਟੀਮ ਨੇ ਸਿਰਫ਼ ਬੰਦ ਪੈਕੇਟ ਕੰਪਨੀ ਦੇ ਬਿਸਕੁਟਾਂ ਦੇ ਸੈਂਪਲ ਹੀ ਲਏ ਅਤੇ ਕਿਸੇ ਵੀ ਤਰ੍ਹਾਂ ਦੀ ਮਠਿਆਈ ਦਾ ਸੈਂਪਲ ਨਹੀਂ ਲਿਆ। ਦੁਕਾਨ ਦੇ ਮਾਲਕ ਰਮੇਸ਼ ਕੁਮਾਰ ਮੱਟੂ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਹੀ ਖੁੱਲ੍ਹੀਆਂ ਸਨ ਤੇ ਮੇਰੀ ਦੁਕਾਨ 'ਤੇ ਧੱਕੇ ਨਾਲ ਸਿਹਤ ਵਿਭਾਗ ਦੀ ਟੀਮ ਦਾ ਆਉਣਾ ਕਿਸੇ ਰਾਜਨੀਤਕ ਸਾਜ਼ਿਸ਼ ਦਾ ਹਿੱਸਾ ਹੈ ਕਿਉਂਕਿ ਮੈਂ ਅਕਾਲੀ ਦਲ ਨਾਲ ਸਬੰਧਤ ਹਾਂ। ਇਸ ਸਬੰਧੀ ਜਦੋਂ ਟੀਮ ਦੀ ਅਗਵਾਈ ਕਰ ਰਹੇ ਡੀ. ਐੱਚ. ਓ ਡਾ. ਅਸ਼ੋਕ ਮੌਂਗਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਸਾਡੀ ਟੀਮ ਵੱਲੋਂ ਰੁਟੀਨ ਦੀ ਚੈਕਿੰਗ ਕਾਰਨ ਸ਼ਹਿਰ ਦੀਆਂ 2 ਦੁਕਾਨਾਂ ਤੋਂ ਸੈਂਪਲ ਲਏ ਗਏ ਹਨ ਅਤੇ ਸੈਂਪਲ ਲੈਣ ਸਮੇਂ ਕਿਸੇ ਨਾਲ ਵੀ ਕੋਈ ਪੱਖਪਾਤ ਨਹੀਂ ਕੀਤਾ ਗਿਆ। ਸਾਨੂੰ ਇਹ ਨਹੀਂ ਪਤਾ ਸੀ ਕਿ ਉਹ ਕਾਂਗਰਸ ਜਾਂ ਅਕਾਲੀ ਦਲ ਨਾਲ ਸਬੰਧਤ ਹੈ, ਜਦੋਂ ਇਸ ਸਬੰਧੀ ਚੌਕੀ ਇੰਚਾਰਜ ਬੂਟਾ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਐੱਸ. ਐੱਚ. ਓ ਸਾਹਿਬ ਦਾ ਫੋਨ ਆਇਆ ਸੀ ਕਿ ਬਠਿੰਡਾ ਤੋਂ ਮੰਡੀ ਵਿਚ ਸਿਹਤ ਵਿਭਾਗ ਦੀ ਸੈਂਪਲ ਭਰਨ ਵਾਲੀ ਟੀਮ ਦੁਕਾਨਾਂ ਤੋਂ ਸੈਂਪਲ ਲੈਣ ਲਈ ਪਹੁੰਚ ਰਹੀ ਹੈ, ਜਿਸ ਲਈ ਉਹ ਆਪਣੀ ਪੁਲਸ ਟੀਮ ਸਮੇਤ ਉਨ੍ਹਾਂ ਦੇ ਸੰਪਰਕ ਵਿਚ ਰਹੇ।
ਮੋਟਰਸਾਈਕਲ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀ ਮੌਤ
NEXT STORY