ਚੰਡੀਗੜ੍ਹ, (ਸ਼ਰਮਾ)- ਫੈਕਟਰੀ ਦੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਵਲੋਂ ਕੰਮ ਵਾਲੀ ਥਾਂ ’ਤੇ ਢੁੱਕਵੀਂ ਸਾਫ਼-ਸਫ਼ਾਈ ਯਕੀਨੀ ਬਣਾਉਣ ਸਬੰਧੀ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਕੋਵਿਡ-19 ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਸਿਹਤ ਵਿਭਾਗ ਨੇ ਕਿਹਾ ਹੈ ਕਿ ਇੰਪਲਾਇਰ ਨੂੰ ਇਕ ਵਿਆਪਕ ਕਾਰਜ ਯੋਜਨਾ ਤਿਆਰ ਕਰਨੀ ਚਾਹੀਦੀ ਹੈ ਕਿ ਇਕ ਸਮੇਂ ’ਤੇ 50 ਫੀਸਦੀ ਤੋਂ ਵੱਧ ਸਟਾਫ/ਲੇਬਰ ਨਾ ਆਵੇ। ਫੈਕਟਰੀ ਮੈਨੇਜਰ ਵਲੋਂ ਕੰਮ ਦੀਆਂ ਸ਼ਿਫ਼ਟਾਂ ਇਸ ਤਰ੍ਹਾਂ ਬਣਾਈਆਂ ਜਾਣ ਕੇ ਇਕ ਕਰਮਚਾਰੀ 8 ਘੰਟੇ ਤੋਂ ਵੱਧ ਕੰਮ ਨਾ ਕਰੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਸਾਰੇ ਕਰਮਚਾਰੀਆਂ ਨੂੰ ਇਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਜਿਵੇਂ ਨਿਯਮਿਤ ਤੌਰ ’ਤੇ ਹੱਥ ਧੋਣੇ, ਮਾਸਕ ਪਾਉਣਾ ਅਤੇ ਹਰ ਸਮੇਂ ਇਕ-ਦੂਜੇ ਤੋਂ ਘਟੋ-ਘੱਟ 1 ਮੀਟਰ ਦੀ ਦੂਰੀ ਬਣਾਈ ਰੱਖਣਾ, ਦਾ ਸਖ਼ਤੀ ਨਾਲ ਪਾਲਣ ਕਰਨ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ। ਸਾਰੀਆਂ ਭੀੜ ਵਾਲੀਆਂ ਥਾਵਾਂ ਜਿਵੇਂ ਕਿ ਪ੍ਰਵੇਸ਼ ਸਥਾਨ, ਵਾਟਰ ਕੂਲਰ, ਕੰਟੀਨ ਆਦਿ ਥਾਵਾਂ 'ਤੇ ਤੈਅ ਦੂਰੀ ਬਣਾਏ ਰੱਖਣ ਲਈ ਨਿਸ਼ਾਨਦੇਹੀ ਕੀਤੀ ਜਾਵੇ। ਮਾਸਕ ਇਸ ਢੰਗ ਨਾਲ ਪਹਿਨਿਆ ਜਾਵੇ ਕਿ ਨੱਕ ਅਤੇ ਮੂੰਹ ਚੰਗੀ ਤਰ੍ਹਾਂ ਢਕਿਆ ਜਾਵੇ। ਕੱਪੜੇ ਦੇ ਮਾਸਕ ਨੂੰ ਰੋਜ਼ਾਨਾ ਸਾਬਣ ਤੇ ਪਾਣੀ ਨਾਲ ਧੋ ਕੇ ਵਰਤਿਆ ਜਾਵੇ।
ਐਡਵਾਇਜ਼ਰੀ ’ਚ ਇੰਪਲਾਇਰ (ਨੌਕਰੀ ਦੇਣ ਵਾਲੇ) ਨੂੰ ਫੈਕਟਰੀ ’ਚ ਪ੍ਰਵੇਸ਼ ਸਥਾਨ ’ਤੇ ਹੱਥ ਸਾਫ਼ ਕਰਨ ਲਈ ਅਲਕੋਹਲ ਯੁਕਤ ਹੈਂਡ ਸੈਨੀਟਾਈਜ਼ਰ (ਘੱਟੋ-ਘੱਟ 70 ਪ੍ਰਤੀਸ਼ਤ ਇਥਾਈਲ ਅਲਕੋਹਲ) ਦਾ ਪ੍ਰਬੰਧ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਉਹ ਬਹੁ-ਮੰਜ਼ਿਲਾ ਇਮਾਰਤਾਂ, ਜਿੱਥੇ ਐਲੀਵੇਟਰ (ਲਿਫ਼ਟ ) ਦੀ ਵਰਤੋਂ ਕੀਤੀ ਜਾਂਦੀ ਹੈ, ’ਚ ਹਰ ਮੰਜ਼ਿਲ ’ਤੇ ਐਲੀਵੇਟਰ ਦੇ ਦਰਵਾਜ਼ੇ ਦੇ ਨਜ਼ਦੀਕ ਸੈਨੀਟਾਈਜ਼ਰ ਲਗਾਇਆ ਜਾਵੇ। ਸਟਾਫ਼ ਨੂੰ ਸਲਾਹ ਦਿੱਤੀ ਜਾਵੇ ਕਿ ਐਲੀਵੇਟਰ ਦਾ ਬਟਨ ਦੱਬਣ ਤੋਂ ਬਾਅਦ ਕਿਸੇ ਵੀ ਵਸਤੂ ਜਾਂ ਆਪਣੇ ਸਰੀਰ ਨੂੰ ਛੂਹਣ ਤੋਂ ਪਹਿਲਾਂ ਸੈਨੇਟਾਈਜ਼ਰ ਨਾਲ ਆਪਣੇ ਹੱਥ ਸਾਫ਼ ਕੀਤੇ ਜਾਣ। ਇਹ ਸਲਾਹ ਵੀ ਦਿੱਤੀ ਜਾਂਦੀ ਹੈ ਕਿ ਦਫ਼ਤਰਾਂ ’ਚ ਖੁੱਲ੍ਹੀਆਂ ਥਾਵਾਂ ਅਤੇ ਜ਼ਿਆਦਾ ਛੂਹੀਆਂ ਜਾਣ ਵਾਲੀਆਂ ਥਾਵਾਂ ਦੇ ਨਜ਼ਦੀਕ ਹੈਂਡ ਸੈਨੀਟਾਈਜ਼ਿੰਗ ਸਟੇਸ਼ਨ ਬਣਾਏ ਜਾਣ। ਦਫ਼ਤਰੀ ਥਾਵਾਂ ਨੂੰ ਰੋਗਾਣੂ-ਮੁਕਤ (ਡਿਸਇਨਫੈਕਟ) ਕਰਨ ਸਬੰਧੀ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਅੰਦਰੂਨੀ ਸਥਾਨ ਅਤੇ ਕਾਨਫਰੰਸ ਰੂਮ ਆਦਿ ਨੂੰ ਹਰ ਸ਼ਾਮ ਦਫ਼ਤਰ ਸਮੇਂ ਤੋਂ ਬਾਅਦ ਜਾਂ ਸਵੇਰੇ ਦਫ਼ਤਰ ਸਮੇਂ ਤੋਂ ਪਹਿਲਾਂ ਸਾਫ਼ ਕੀਤਾ ਜਾਵੇ। ਜੇਕਰ ਕੋਈ ਵੀ ਜਗ੍ਹਾ ’ਤੇ ਗੰਦਗੀ ਦਿਖਾਈ ਦਿੰਦੀ ਹੈ ਤਾਂ ਇਸ ਨੂੰ ਸਾਬਣ ਤੇ ਪਾਣੀ ਨਾਲ ਸਾਫ਼ ਕਰਨ ਤੋਂ ਬਾਅਦ ਡਿਸਇਨਫੈਕਟ ਕੀਤਾ ਜਾਵੇ। ਸਫ਼ਾਈ ਕਰਨ ਤੋਂ ਪਹਿਲਾਂ ਡਿਸਪੋਜ਼ੇਬਲ ਰਬੜ ਬੂਟ, ਦਸਤਾਨੇ (ਹੈਵੀ ਡਿਊਟੀ), ਕੱਪੜੇ ਦਾ ਮਾਸਕ ਪਹਿਨਿਆ ਜਾਵੇ।
ਸਾਰੇ ਅੰਦਰੂਨੀ ਖੇਤਰ ਜਿਵੇਂ ਕਿ ਪ੍ਰਵੇਸ਼ ਲਾਬੀ, ਕੌਰੀਡੋਰ ਤੇ ਪੌੜੀਆਂ, ਐਸਕਾਲੇਟਰਜ਼, ਐਲੀਵੇਟਰਜ਼, ਸਿਕਿਉਰਿਟੀ ਗਾਰਡ ਬੂਥ, ਦਫ਼ਤਰ ਦੇ ਕਮਰੇ, ਮੀਟਿੰਗ ਹਾਲ, ਕੈਫੇਟੇਰੀਆ ਆਦਿ ਨੂੰ 1 ਪ੍ਰਤੀਸ਼ਤ ਸੋਡੀਅਮ ਹਾਈਪੋਕਲੋਰਾਈਟ ਨਾਲ ਜਾਂ ਮਾਰਕਿਟ 'ਚ ਉਪਲੱਬਧ ਇਸ ਬਰਾਬਰ ਦੇ ਕਿਸੇ ਹੋਰ ਸਫ਼ਾਈ ਪ੍ਰੋਡਕਟ ਨਾਲ ਡਿਸਇਨਫੈਕਟ ਕੀਤਾ ਜਾਵੇ। ਕਰਮਚਾਰੀਆਂ ਨੂੰ ਸਿਹਤ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕਰਦਿਆਂ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਕਿਸੇ ਕਰਮਚਾਰੀ ਨੂੰ ਤੇਜ਼ ਬੁਖ਼ਾਰ/ਖੰਘ/ਛਿੱਕਾਂ/ ਸਾਹ ਲੈਣ ’ਚ ਤਕਲੀਫ਼ ਹੈ ਤਾਂ ਉਹ ਖ਼ੁਦ ਹੀ ਆਪਣੀ ਮੈਨੇਜਮੈਂਟ ਨੂੰ ਦੱਸਣ ਅਤੇ ਤੁਰੰਤ ਇਲਾਜ ਅਤੇ ਸਮੇਂ ਸਿਰ ਪਹਿਚਾਣ ਲਈ ਡਾਕਟਰੀ ਸਲਾਹ ਲਈ ਜਾਵੇ। ਸਟਾਫ਼/ਮਜ਼ਦੂਰਾਂ ਵਲੋਂ ਬਿਨਾਂ ਕਿਸੇ ਪੁਖ਼ਤਾ ਜਾਣਕਾਰੀ ਤੋਂ ਕੋਵਿਡ-19 ਦੇ ਬਾਰੇ ਗੱਲਾਂ/ਅਫ਼ਵਾਹਾਂ ਨਾ ਫੈਲਾਈਆਂ ਜਾਣ। ਸਪੈਸ਼ਲ ਇਕੋਨੋਮਿਕ ਜ਼ੋਨ (ਐਸ. ਈ. ਜੈੱਡ) ਅਤੇ ਐਕਸਪੋਰਟ ਓਰੀਐਂਟਿਡ ਯੂਨਿਟ (ਈ. ਓ. ਯੂਜ਼) ਇੰਡਸਟ੍ਰੀਅਲ ਅਸਟੇਟ ਅਤੇ ਇੰਡਸਟ੍ਰੀਅਲ ਟਾਊਨਸ਼ਿਪ ਵਾਲੀਆਂ ਮੈਨੂਫੈਕਚਰਿੰਗ ਤੇ ਹੋਰ ਉਦਯੋਗਿਕ ਇਕਾਈਆਂ ਵਲੋਂ ਜੇਕਰ ਸੰਭਵ ਹੋਵੇ ਤਾਂ ਆਪਣੇ ਖੇਤਰ ਦੇ ਅੰਦਰ ਜਾਂ ਕਿਸੇ ਨਾਲ ਲੱਗਦੀ ਇਮਾਰਤ 'ਚ ਆਪਣੇ ਵਰਕਰਾਂ ਦੇ ਰਹਿਣ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਜਾਵੇ। ਇੰਪਲਾਇਰ ਵਲੋਂ ਯਕੀਨੀ ਬਣਾਇਆ ਜਾਵੇ ਕਿ ਫੈਕਟਰੀ 'ਚ ਰਹਿ ਰਹੇ ਸਟਾਫ਼/ਵਰਕਰ ਆਪਣੇ ਡਿਊਟੀ ਸਮੇਂ ਤੋਂ ਬਾਅਦ ਬਿਨਾਂ ਕਿਸੇ ਕੰਮ ਫੈਕਟਰੀ ਤੋਂ ਬਾਹਰ ਇਧਰ-ਉਧਰ ਨਾ ਘੁੰਮਣ।
ਕੋਰੋਨਾ ਵਾਇਰਸ : ਮਹਾਰਾਸ਼ਟਰ ਦੇ ਹੋਰ ਗੁਰਦੁਆਰਿਆਂ 'ਚ ਫਸੇ 90 ਸ਼ਰਧਾਲੂ
NEXT STORY