ਜਲੰਧਰ,(ਧਵਨ): ਦਿੱਲੀ ਨਿਜ਼ਾਮੁਦੀਨ ਮਰਕਜ਼ ਘਟਨਾ ਨਾਲ ਸੰਬੰਧ ਰੱਖਦੇ ਤਬਲੀਗੀ ਜਮਾਤ ਦੇ ਗਾਇਬ ਲੋਕਾਂ ਨੂੰ ਅੱਜ ਪੰਜਾਬ ਦੇ ਸਿਹਤ ਵਿਭਾਗ ਨੇ ਚੇਤਾਵਨੀ ਦਿੱਤੀ ਹੈ। ਸਿਹਤ ਵਿਭਾਗ ਨੇ ਚੇਤਾਵਨੀ ਦਿੰਦੇ ਹੋਏ ਜਮਾਤ ਨਾਲ ਸਬੰਧਿਤ ਗਾਇਬ ਲੋਕਾਂ ਨੂੰ 24 ਘੰਟਿਆਂ ਦੀ ਡੈਡਲਾਈਨ ਦਿੰਦੇ ਹੋਏ ਕਿਹਾ ਹੈ ਕਿ ਜਾਂ ਤਾਂ ਉਹ ਨੇੜਲੇ ਪੁਲਸ ਥਾਣਿਆਂ 'ਚ ਆਪਣੀ ਰਿਪੋਰਟ ਕਰਨ ਜਾਂ ਫਿਰ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।
ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਨਿਜ਼ਾਮੁਦੀਨ ਮਰਕਜ਼ 'ਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਆਪਣੀ ਸਕ੍ਰੀਨਿੰਗ ਅਗਲੇ 24 ਘੰਟਿਆਂ ਦੇ ਅੰਦਰ ਕਰਵਾਉਣੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ 'ਚ ਪਹਿਲਾਂ ਹੀ ਸਖ਼ਤ ਸਟੈਂਡ ਲੈ ਚੁਕੇ ਹਨ ਅਤੇ ਉਨ੍ਹਾਂ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਮਾਮਲੇ ਨੂੰ ਲੈ ਕੇ ਉਹ ਕਿਸੇ ਨਾਲ ਕੋਈ ਵੀ ਸਮਝੌਤਾ ਕਰਨ ਲਈ ਤਿਆਰ ਨਹੀਂ ਹਨ। ਪੰਜਾਬ ਨਾਲ ਸੰਬਧ ਰੱਖਦੇ 467 ਤਬਲੀਗੀ ਜਮਾਤ ਦੇ ਲੋਕਾਂ ਨੇ ਨਿਜ਼ਾਮੁਦੀਨ 'ਚ ਹਿੱਸਾ ਲਿਆ ਸੀ। ਪੰਜਾਬ ਪੁਲਸ ਇਨ੍ਹਾਂ 'ਚੋਂ 445 ਲੋਕਾਂ ਦਾ ਪਤਾ ਲਗਾ ਚੁਕੀ ਹੈ, ਜਦਕਿ 22 ਹੋਰ ਲੋਕਾਂ ਨੇ ਅਜੇ ਤਕ ਆਪਣੀ ਜਾਣਕਾਰੀ ਨਹੀਂ ਦਿੱਤੀ ਹੈ। ਜਿਨ੍ਹਾਂ ਲੋਕਾਂ ਦਾ ਪਤਾ ਲੱਗਿਆ ਹੈ, ਉਨ੍ਹਾਂ 'ਚੋਂ 350 ਦੇ ਸੈਂਪਲ ਲੈ ਕੇ ਟੈਸਟ ਕਰਨ ਲਈ ਭੇਜੇ ਗਏ ਹਨ, ਜਿਨ੍ਹਾਂ 'ਚੋਂ 12 ਲੋਕਾਂ 'ਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ, ਜਦਕਿ 111 ਦੀ ਰਿਪੋਰਟ ਨੈਗੇਟਿਵ ਆਈ ਸੀ। 227 ਮਾਮਲਿਆਂ 'ਚ ਰਿਪੋਰਟ ਦਾ ਇੰਤਜਾਰ ਕੀਤਾ ਜਾ ਰਿਹਾ ਹੈ।
ਇਸ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਬਾਕੀ 22 ਤਬਲੀਗੀ ਜਮਾਤ ਦੇ ਲੋਕਾਂ ਨੂੰ ਬਾਹਰ ਆ ਕੇ ਆਪਣੇ ਟੈਸਟ ਕਰਵਾਉਣ ਅਤੇ ਪੰਜਾਬ ਸਰਕਾਰ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਇਸ ਮਹਾਮਾਰੀ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਿਜ਼ਾਮੁਦੀਨ ਮਰਕਜ਼ 'ਚ ਹਿੱਸਾ ਲੈਣ ਵਾਲੇ ਤਬਲੀਗੀ ਜਮਾਤ ਦੇ ਲੋਕਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੱਕ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ 28 ਮਾਰਚ ਨੂੰ ਇਸ ਸੰਬੰਧ 'ਚ ਐਡਵਾਇਜ਼ਰੀ ਜਾਰੀ ਕੀਤੀ ਸੀ ਅਤੇ ਉਸ ਤੋਂ ਬਾਅਦ 4 ਅਪ੍ਰੈਲ ਨੂੰ ਦੁਬਾਰਾ ਸਾਰੇ ਮੁੱਖ ਸਕੱਤਰਾਂ, ਸੂਬਿਆਂ ਦੇ ਸੀਨੀਅਰ ਅਧਿਕਾਰੀਆਂ ਅਤੇ ਡੀ. ਜੀ. ਪੀ. ਨੂੰ ਦੁਬਾਰਾ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ।
ਓ. ਪੀ. ਡੀ. ਬੰਦ ਕਰਨ ਵਾਲੇ ਨਿੱਜੀ ਹਸਪਤਾਲਾਂ ਦੇ ਲਾਇਸੈਂਸ ਹੋਣਗੇ ਰੱਦ : ਡਿਪਟੀ ਕਮਿਸ਼ਨਰ
NEXT STORY