ਚੰਡੀਗੜ੍ਹ, (ਸ਼ਰਮਾ)— ਸਿਹਤ ਵਿਭਾਗ ਵਲੋਂ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਹਜਾਮਤ ਦੀਆਂ ਦੁਕਾਨਾਂ/ਹੇਅਰ-ਕੱਟ ਸੈਲੂਨਾਂ ਦੀ ਸਫ਼ਾਈ ਅਤੇ ਸਵੱਛਤਾ ਬਣਾਏ ਰੱਖਣ ਸਬੰਧੀ ਵਿਸਥਾਰਤ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਜਾਮਤ ਦੀ ਦੁਕਾਨ/ਹੇਅਰ-ਕੱਟ ਸੈਲੂਨ ਦੇ ਮਾਲਕ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੋਈ ਵੀ ਸਟਾਫ ਮੈਂਬਰ ਜਿਸ 'ਚ ਕੋਵਿਡ-19 (ਬੁਖਾਰ, ਸੁੱਕੀ ਖੰਘ, ਸਾਹ ਲੈਣ 'ਚ ਤਕਲੀਫ਼ ਆਦਿ) ਦੇ ਲੱਛਣ ਹੋਣ ਨੂੰ ਕੰਮ 'ਤੇ ਨਾ ਬੁਲਾਇਆ ਜਾਵੇ ਅਤੇ ਉਕਤ ਵਿਅਕਤੀ ਤੁਰੰਤ ਡਾਕਟਰੀ ਸਲਾਹ ਲੈ ਕੇ ਘਰ ਦੇ ਅੰਦਰ ਰਹੇ। ਇਸੇ ਤਰ੍ਹਾਂ ਅਜਿਹੇ ਲੱਛਣ ਪਾਏ ਜਾਣ ਵਾਲੇ ਕਿਸੇ ਵੀ ਗਾਹਕ ਦਾ ਕੰਮ ਨਾ ਕੀਤਾ ਜਾਵੇ। ਜਿਸ ਕੇਸ 'ਚ ਕਿਸੇ ਨੂੰ (ਜਿਵੇਂ ਮਾਤਾ-ਪਿਤਾ/ਗਾਰਡੀਅਨਜ਼) ਨਾਲ ਲਿਆਉਣਾ ਜ਼ਰੂਰੀ ਨਾ ਹੋਵੇ ਦੁਕਾਨ 'ਤੇ ਆਉਣ ਵਾਲੇ ਗਾਹਕ ਆਪਣੇ ਨਾਲ ਕਿਸੇ ਹੋਰ ਵਿਅਕਤੀ ਨੂੰ ਨਾਲ ਨਾ ਲੈ ਕੇ ਆਉਣ। ਬੁਲਾਰੇ ਨੇ ਅੱਗੇ ਕਿਹਾ ਕਿ ਹਜਾਮਤ ਦੀ ਦੁਕਾਨਾਂ/ਹੇਅਰ-ਕੱਟ ਸੈਲੂਨ ਦੇ ਮਾਲਕ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੀ ਦੁਕਾਨ/ਸੈਲੂਨ 'ਚ ਬੇਲੋੜੀ ਭੀੜ ਨਾ ਹੋਵੇ।
ਇਸ ਤੋਂ ਇਲਾਵਾ ਸੇਵਾਵਾਂ ਲੈਣ ਸਮੇਂ ਗਾਹਕਾਂ ਵਲੋਂ ਸੰਭਵ ਹੱਦ ਤਕ ਮਾਸਕ ਦੀ ਵਰਤੋਂ ਕੀਤੀ ਜਾਵੇ। ਹਜਾਮਤ ਦੀ ਦੁਕਾਨ/ਹੇਅਰ-ਕੱਟ ਸੈਲੂਨ ਦੇ ਮਾਲਕ ਤੇ ਉਥੇ ਕੰਮ ਕਰਨ ਵਾਲੇ ਸਟਾਫ਼ ਵਲੋਂ ਲਾਜ਼ਮੀ ਤੌਰ 'ਤੇ ਮਾਸਕ ਦੀ ਵਰਤੋਂ ਕੀਤੀ ਜਾਵੇ। ਐਡਵਾਇਜ਼ਰੀ 'ਚ ਕਿਹਾ ਗਿਆ ਹੈ ਕਿ ਗਾਹਕਾਂ ਅਤੇ ਸਟਾਫ਼ ਦੇ ਆਪਸੀ ਵਿਹਾਰ ਦੌਰਾਨ ਕੋਵਿਡ-19 ਦੀ ਰੋਕਥਾਮ ਨਾਲ ਸਬੰਧਤ ਸਾਰੇ ਦਿਸ਼ਾ-ਨਿਰਦੇਸ਼ਾਂ ਜਿਵੇਂ ਕਿ ਵਾਰ-ਵਾਰ ਹੱਥ ਧੋਣਾ (ਸਾਬਣ ਤੇ ਪਾਣੀ ਜਾਂ ਅਲਕੋਹਲ ਅਧਾਰਤ ਹੈਂਡ ਸੈਨੀਟਾਈਜ਼ਰ ਨਾਲ), ਇਕ ਮੀਟਰ ਦੀ ਸਰੀਰਕ ਦੂਰੀ ਬਣਾਈ ਰੱਖਣਾ, ਰੈਸਪੀਰੇਟਰੀ (ਸੁਆਸ ਕਿਰਿਆ ਸਬੰਧੀ) ਹਾਈਜੀਨ ਦੀ ਪਾਲਣਾ, ਬਿਮਾਰੀ ਦੇ ਲੱਛਣਾਂ 'ਤੇ ਨਜ਼ਰ ਰੱਖਣਾ, ਜਨਤਕ ਥਾਵਾਂ 'ਤੇ ਨਾ ਥੁੱਕਣਾ ਆਦਿ ਦੀ ਲਾਜ਼ਮੀ ਤੌਰ 'ਤੇ ਪਾਲਣਾ ਕੀਤੀ ਜਾਵੇ। ਇਸ ਤੋਂ ਇਲਾਵਾ ਜਿਥੋਂ ਤਕ ਹੋ ਕੇ ਦੁਕਾਨ ਮਾਲਕਾਂ ਵੱਲੋਂ ਗਾਹਕਾਂ ਨੂੰ ਡਿਜੀਟਲ ਭੁਗਤਾਨ ਦੇ ਤਰੀਕਿਆਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ। ਜੇ ਨਕਦੀ ਦਾ ਲੈਣ-ਦੇਣ ਕੀਤਾ ਜਾਂਦਾ ਹੈ ਤਾਂ ਦੁਕਾਨਦਾਰ, ਸਟਾਫ਼ ਅਤੇ ਗ੍ਰਾਹਕ ਨਕਦੀ ਦੇ ਲੈਣ-ਦੇਣ ਤੋਂ ਪਹਿਲਾਂ ਅਤੇ ਬਾਅਦ ਆਪਣੇ ਹੱਥਾਂ ਨੂੰ ਤੁਰੰਤ ਸਾਫ਼ ਕਰਨਗੇ।
ਦੁਕਾਨਾਂ ਦੀ ਢੁਕਵੀਂ ਸਾਫ਼-ਸਫ਼ਾਈ ਸਬੰਧੀ ਸਰਵਿਸ ਰੂਮ, ਉਡੀਕ ਵਾਲੀਆਂ ਥਾਵਾਂ, ਕੰਮ ਕਰਨ ਵਾਲੀਆਂ ਥਾਵਾਂ ਆਦਿ ਸਮੇਤ ਅੰਦਰੂਨੀ ਖੇਤਰਾਂ ਨੂੰ ਹਰ 2-3 ਘੰਟੇ ਅੰਦਰ ਢੁੱਕਵੀਂ ਤਰ੍ਹਾਂ ਸਾਫ਼ ਕਰਨ ਦੀ ਸਲਾਹ ਦਿੱਤੀ ਗਈ ਹੈ। ਫਰਸ਼ਾਂ ਨੂੰ 1% ਸੋਡੀਅਮ ਹਾਈਪੋਕਲੋਰਾਈਟ ਜਾਂ ਮਾਰਕੀਟ 'ਚ ਉਪਲੱਬਧ ਇਸਦੇ ਬਰਾਬਰ ਦੇ ਕਿਸੇ ਹੋਰ ਡਿਸਇਨਫੈਕਟੈਂਟ ਨਾਲ ਸਾਫ ਕੀਤਾ ਜਾਵੇ। ਫਰਨੀਚਰ ਅਤੇ ਅਕਸਰ ਛੂਹੀਆਂ ਜਾਣ ਵਾਲੀਆਂ ਸਤਿਹਾਂ ਅਤੇ ਅਤੇ ਚੀਜ਼ਾਂ ਨੂੰ ਨਿਯਮਤ ਤੌਰ 'ਤੇ ਸਾਫ਼/ਡਿਸਇਨਫੈਕਟ ਕੀਤਾ ਜਾਵੇ। ਉਪਕਰਨਾਂ (ਕੈਂਚੀ, ਉਸਤਰਾ, ਕੰਘੀ, ਸਟਾਈਲਿੰਗ ਟੂਲਜ਼) ਨੂੰ ਹਰ ਵਰਤੋਂ ਦੇ ਬਾਅਦ 1% ਸੋਡੀਅਮ ਹਾਈਪੋਕਲੋਰਾਈਟ ਨਾਲ ਸਾਫ਼ ਕੀਤੇ ਜਾਵੇ। ਕੰਮ ਦੌਰਾਨ ਵਰਤੇ ਜਾਣ ਵਾਲੇ ਕੱਪੜੇ, ਤੌਲੀਏ ਅਤੇ ਸਬੰਧਤ ਚੀਜ਼ਾਂ ਨੂੰ ਨਿਯਮਿਤ ਤੋਰ 'ਤੇ ਸਾਫ਼ ਕੀਤਾ ਅਤੇ ਧੋਤਾ ਜਾਵੇ।
ਕੋਰੋਨਾ ਨੇ ਜ਼ਿਲ੍ਹੇ 'ਚ ਫਿਰ ਦਿੱਤੀ ਦਸਤਕ, ਟਰੱਕ ਡਰਾਇਵਰ ਦੀ ਰਿਪੋਰਟ ਆਈ ਪਾਜ਼ੇਟਿਵ
NEXT STORY