ਅੰਮ੍ਰਿਤਸਰ (ਕਮਲ) : ਸੂਬੇ ਦੇ ਲਗਭਗ 46 ਲੱਖ ਪਰਿਵਾਰਾਂ ਨੂੰ 'ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ' ਤਹਿਤ ਦੂਜੇ ਦਰਜੇ ਅਤੇ ਸਰਜਰੀ ਤੇ ਆਪ੍ਰੇਸ਼ਨ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਈ-ਕਾਰਡਜ਼ ਬਣਾਉਣ ਦਾ ਕੰਮ ਕਾਮਨ ਸਰਵਿਸ ਸੈਂਟਰਾਂ(ਸੀਐਸਸੀ) ਅਤੇ ਹਸਪਤਾਲਾਂ ਵਿਚ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਪੰਜਾਬ ਸਰਕਾਰ ਨੇ ਅਗਸਤ ਦੇ ਮਹੀਨੇ ਵਿਚ ਕੁੱਲ 17.02 ਲੱਖ ਈ-ਕਾਰਡ ਜਾਰੀ ਕੀਤੇ ਹਨ ਅਤੇ ਬਾਕੀ ਕਾਰਡ ਜਾਰੀ ਕਰਨ ਦਾ ਕੰਮ ਪ੍ਰਗਤੀ ਅਧੀਨ ਹੈ। ਉਕਤ ਜਾਣਕਾਰੀ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ. ਪੀ. ਸੋਨੀ ਨੇ ਵਾਰਡ ਨੰਬਰ 48 ਭੂਸ਼ਣਪੁਰਾ ਵਿਚ ਉਕਤ ਸਕੀਮ ਅਧੀਨ ਬਣਾਏ ਗਏ ਸਿਹਤ ਬੀਮਾ ਦੇ ਕਾਰਡ ਜਾਰੀ ਕਰਨ ਮੌਕੇ ਦਿੱਤੀ। ਉਨ੍ਹਾਂ ਦੱਸਿਆ ਕਿ ਕਾਮਨ ਸਰਵਿਸ ਸੈਂਟਰਾਂ(ਸੀਐਸੀ) ਅਤੇ ਹਸਪਤਾਲਾਂ ਵਿਚ ਯੋਗ ਪਰਿਵਾਰਾਂ ਨੂੰ ਈ-ਕਾਰਡ ਜਾਰੀ ਕਰਨ ਦੀ ਕਾਰਗੁਜ਼ਾਰੀ ਦੀ ਦੇਖ-ਰੇਖ ਦਾ ਕੰਮ ਸਟੇਟ ਸਿਹਤ ਏਜੰਸੀ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਆਲਮੀ ਸਿਹਤ ਬੀਮਾ ਸਕੀਮ ਤਹਿਤ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਸਬੰਧੀ ਨਿਰਦੇਸ਼ ਜ਼ਿਲਾ ਅਧਿਕਾਰੀਆਂ ਨੂੰ ਦਿੱਤੇ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਲੋਕ ਭਲਾਈ ਸਕੀਮ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਾਗੂ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਵੱਲੋਂ ਇਸ ਨੂੰ ਸਿਧਾਂਤਕ ਪ੍ਰਵਾਨਗੀ ਦਿੰਦੇ ਹੋਏ ਇਸ ਸਕੀਮ ਵਿਚ ਵਾਧਾ ਕਰਦਿਆਂ 45.89 ਲੱਖ ਪਰਿਵਾਰਾਂ(ਸੂਬੇ ਦੀ 75 ਫੀਸਦ ਆਬਾਦੀ) ਨੂੰ 5 ਹੋਰ ਸ਼੍ਰੇਣੀਆਂ ਸਮਾਰਟ ਰਾਸ਼ਨ ਧਾਰਕ, ਛੋਟੇ ਵਪਾਰੀ, ਜੇ ਫਾਰਮ ਧਾਰਕ ਕਿਸਾਨ, ਛੋਟੇ ਅਤੇ ਸੀਮਾਂਤ ਕਿਸਾਨ ਅਤੇ ਪ੍ਰਮਾਣਿਤ ਤੇ ਪੀਲੇ ਕਾਰਡ ਧਾਰਕ ਪੱਤਰਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਦਕਿ ਕੇਂਦਰ ਸਰਕਾਰ ਵੱਲੋਂ ਸਿਰਫ 2011 ਮਰਦਮਸ਼ੁਮਾਰੀ ਅਨੁਸਾਰ ਸਮਾਜਿਕ ਤੇ ਆਰਥਿਕ ਪੱਖੋਂ ਪੱਛੜੇ ਪਰਿਵਾਰਾਂ ਨੂੰ ਹੀ ਸ਼ਾਮਲ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਵੱਡੇ ਪੱਧਰ ਦੇ ਵਿਲੱਖਣ ਫੈਸਲੇ ਨਾਲ ਪੰਜਾਬ ਦੀ 2 ਕਰੋੜ ਤੋਂ ਵੱਧ ਲੋਕਾਂ ਨੂੰ ਇਸ ਬੀਮਾ ਯੋਜਨਾ ਅਧੀਨ ਸਿਹਤ ਸੁਰੱਖਿਆ ਮਿਲੇਗੀ। ਸੋਨੀ ਨੇ ਕਿਹਾ ਕਿ ਇਸ ਸਕੀਮ ਤਹਿਤ ਪਰਿਵਾਰਕ ਮੈਂਬਰਾਂ ਦੀ ਗਿਣਤੀ, ਉਮਰ ਜਾਂ ਲਿੰਗ ਦੇ ਬਿਨਾਂ ਭੇਦ-ਭਾਵ ਕਰਦੇ ਹੋਏ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਸਬੰਧੀ ਹੋਰ ਅਤੇ ਲਾਭਪਾਤਰੀਆਂ ਦੀ ਸੂਚੀ ਸਬੰਧੀ ਮੁਕੰਮਲ ਜਾਣਕਾਰੀ ਲੈਣ ਲਈ www.shapunjab.in 'ਤੇ ਸੰਪਰਕ ਕੀਤਾ ਜਾ ਸਕਦਾ ਹੈ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
NEXT STORY