ਜਲੰਧਰ (ਧਵਨ) : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਜੋ ਕਿ 2022 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਪਟਿਆਲਾ ਪੇਂਡੂ ਵਿਧਾਨ ਸਭਾ ਹਲਕੇ ਤੋਂ 50,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਕੇ ਚੁਣੇ ਗਏ ਸਨ, ਨੇ 3 ਮਹੀਨੇ ਪਹਿਲਾਂ ਸਿਹਤ ਵਿਭਾਗ ਮਿਲਣ ਤੋਂ ਬਾਅਦ ਇਨ੍ਹਾਂ ਵਿਚ ਬੁਨਿਆਦੀ ਸੁਧਾਰ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਗਲੇ ਇਕ ਸਾਲ ਅੰਦਰ ਸੂਬੇ ਦੀਆਂ ਸਿਹਤ ਸਹੂਲਤਾਂ ਵਿਚ ਵਿਆਪਕ ਸੁਧਾਰ ਦੇਖਣ ਨੂੰ ਮਿਲੇਗਾ। ਸਿਹਤ ਮੰਤਰੀ ਦੇ ਨਾਲ ‘ਜਗ ਬਾਣੀ’ ਨੇ ਸਿਹਤ ਵਿਭਾਗ ਅਤੇ ਜਲੰਧਰ ਉਪ-ਚੋਣ ਸਬੰਧੀ ਗੱਲਬਾਤ ਕੀਤੀ, ਜਿਨ੍ਹਾਂ ਦੇ ਉਨ੍ਹਾਂ ਨੇ ਖੁੱਲ੍ਹ ਕੇ ਜਵਾਬ ਦਿੱਤੇ :
ਸਵਾਲ : ਸਿਹਤ ਵਿਭਾਗ ਸਬੰਧੀ ਤੁਹਾਡੀਆਂ ਤਰਜੀਹਾਂ ਕੀ ਹਨ?
ਜਵਾਬ : ਸਿਹਤ ਵਿਭਾਗ ਵਿਚ ਸਭ ਤੋਂ ਪਹਿਲਾਂ ਹੇਰਾਫੇਰੀ ਨੂੰ ਕਿਸੇ ਵੀ ਪੱਧਰ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਾਰੇ ਡਾਕਟਰਾਂ, ਪੈਰਾ-ਮੈਡੀਕਲ ਸਟਾਫ਼ ਅਤੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਸਿਹਤ ਵਿਭਾਗ ਵਿਚ ਸਾਰਿਆਂ ਨੂੰ ਸੇਵਾ ਭਾਵਨਾ ਨਾਲ ਕੰਮ ਕਰਨਾ ਪਵੇਗਾ, ਤਾਂ ਹੀ ਅਸੀਂ ਸਿਹਤ ਵਿਭਾਗ ਦਾ ਕਾਇਆਕਲਪ ਕਰਨ ਵਿਚ ਕਾਮਯਾਬ ਹੋਵਾਂਗੇ।
ਸਵਾਲ : ਸਿਹਤ ਵਿਭਾਗ ਵਲੋਂ ਨਵੇਂ ਹਾਊਸ ਸਰਜਨ ਨਿਯੁਕਤ ਕਰਨ ਦੀ ਯੋਜਨਾ ਸੀ, ਉਸ ’ਤੇ ਅਮਲ ਕਦੋਂ ਤਕ ਹੋਵੇਗਾ?
ਜਵਾਬ : ਸੂਬੇ ਵਿਚ 550 ਹਾਊਸ ਸਰਜਨ ਨਿਯੁਕਤ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਹਾਊਸ ਸਰਜਨ ਦੀ ਤਨਖ਼ਾਹ ਵੀ 30,000 ਤੋਂ ਵਧਾ ਕੇ 70,000 ਰੁਪਏ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੈਡੀਕਲ ਅਫ਼ਸਰਾਂ, ਪੈਰਾ-ਮੈਡੀਕਲ ਅਤੇ ਹੋਰ ਡਾਕਟਰਾਂ ਦੀਆਂ ਭਰਤੀਆਂ ਵੀ ਅਗਲੇ 6 ਤੋਂ 8 ਮਹੀਨਿਆਂ ਦੌਰਾਨ ਕਰ ਦਿੱਤੀਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ।
ਇਹ ਵੀ ਪੜ੍ਹੋ- ਫਰੀਦਕੋਟ ਦੇ ਥਾਣੇ 'ਚ ਵਾਪਰੀ ਘਟਨਾ, ਮਹਿਲਾ ਸਬ-ਇੰਸਪੈਕਟਰ ਦੀ ਛਾਤੀ 'ਚ ਲੱਗੀ ਗੋਲ਼ੀ
ਸਵਾਲ : ਸੂਬੇ ਵਿਚ ਸਰਕਾਰੀ ਹਸਪਤਾਲਾਂ ਦੀਆਂ ਇਮਾਰਤਾਂ ਵਿਚ ਸੁਧਾਰ ਲਿਆਉਣ ਅਤੇ ਇਨਫ੍ਰਾਸਟ੍ਰਕਚਰ ਮੁਹੱਈਆ ਕਰਵਾਉਣ ਵਿਚ ਕਿੰਨਾ ਸਮਾਂ ਲੱਗੇਗਾ?
ਜਵਾਬ : ਸਭ ਤੋਂ ਪਹਿਲਾਂ ਸਰਕਾਰੀ ਹਸਪਤਾਲਾਂ ਵਿਚ ਸਟਾਫ਼ ਦੀ ਕਮੀ ਨੂੰ ਦੂਰ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਇਮਾਰਤਾਂ ਤੇ ਇਨਫ੍ਰਾਸਟ੍ਰਕਚਰ ਮੁਹੱਈਆ ਕਰਵਾਉਣ ਵੱਲ ਧਿਆਨ ਦਿੱਤਾ ਜਾਵੇਗਾ। ਇਸ ’ਤੇ ਕੁੱਲ 1200 ਤੋਂ 1500 ਕਰੋਡ਼ ਦੀ ਰਕਮ ਖ਼ਰਚ ਹੋਵੇਗੀ ਅਤੇ ਇਹ ਕੰਮ ਅਗਲੇ 3 ਸਾਲਾਂ ਵਿਚ ਕਰ ਦਿੱਤਾ ਜਾਵੇਗਾ। ਸਭ ਤੋਂ ਪਹਿਲਾਂ ਸਰਕਾਰੀ ਹਸਪਤਾਲਾਂ ਵਿਚ ਰੰਗ-ਰੋਗਨ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ਅਤੇ ਨਾਲ ਹੀ ਛੋਟੀ-ਮੋਟੀ ਮੁਰੰਮਤ ਦੇ ਕੰਮ ਪੂਰੇ ਕਰਵਾਏ ਜਾ ਰਹੇ ਹਨ ਤਾਂ ਜੋ ਹਸਪਤਾਲ ’ਚ ਆਉਣ ਵਾਲੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਸਰਕਾਰ ਸੂਬੇ ਵਿਚ ਨਵੇਂ ਮੈਡੀਕਲ ਕਾਲਜ ਵੀ ਖੋਲ੍ਹਣ ਜਾ ਰਹੀ ਹੈ।
ਸਵਾਲ : 'ਆਪ' ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲੰਧਰ ਵਿਚ ਪੀ. ਜੀ. ਆਈ. ਦੀ ਤਰਜ ’ਤੇ ਵੱਡਾ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਸੀ?
ਜਵਾਬ : ਕੇਜਰੀਵਾਲ ਨੇ ਜਲੰਧਰ ਵਾਸੀਆਂ ਨਾਲ ਜੋ ਵਾਅਦਾ ਕੀਤਾ ਹੈ, ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਪ-ਚੋਣ ਸੰਪੰਨ ਹੋਣ ਤੋਂ ਬਾਅਦ ਜਲੰਧਰ ਦੇ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰ ਕੇ 500 ਬੈੱਡਾਂ ਵਾਲਾ ਬਣਾ ਦਿੱਤਾ ਜਾਵੇਗਾ। ਸਿਵਲ ਹਸਪਤਾਲ ਵਿਚ ਅਤਿ-ਆਧੁਨਿਕ ਉਪਕਰਣ ਮੁਹੱਈਆ ਕਰਵਾਏ ਜਾਣਗੇ। ਇਕ ਸਾਲ ਅੰਦਰ ਅਤਿ-ਆਧੁਨਿਕ ਇਲਾਜ ਸਹੂਲਤਾਂ ਲੋਕਾਂ ਨੂੰ ਸਿਵਲ ਹਸਪਤਾਲ ਵਿਚ ਮਿਲਣੀਆਂ ਸ਼ੁਰੂ ਹੋ ਜਾਣਗੀਆਂ, ਜਿਸ ਤੋਂ ਬਾਅਦ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ। ਉਪ-ਚੋਣ ਸੰਪੰਨ ਹੋਣ ਤੋਂ ਬਾਅਦ ਜਲੰਧਰ ਵਿਚ ਨਵੇਂ ਮੁਹੱਲਾ ਕਲੀਨਿਕ ਵੀ ਖੋਲ੍ਹੇ ਜਾਣਗੇ। ਹੁਣ ਤਕ ਸੂਬੇ ਵਿਚ ਖੁੱਲ੍ਹੇ ਮੁਹੱਲਾ ਕਲੀਨਿਕਾਂ ਵਿਚ 26 ਲੱਖ ਲੋਕ ਇਲਾਜ ਕਰਵਾ ਚੁੱਕੇ ਹਨ। ਇਨ੍ਹਾਂ ਮੁਹੱਲਾ ਕਲੀਨਿਕਾਂ ਵਿਚ 41 ਤਰ੍ਹਾਂ ਦੇ ਟੈਸਟ ਅਤੇ 80 ਤਰ੍ਹਾਂ ਦੀਆਂ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ।
ਇਹ ਵੀ ਪੜ੍ਹੋ- ਕਰਜ਼ਾ ਲੈ ਕੇ ਕੀਤੇ ਭੈਣ ਦੇ ਵਿਆਹ ਤੋਂ ਬਾਅਦ ਕਰਜ਼ਾਈ ਹੋਇਆ ਪਿਓ, ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ
ਸਵਾਲ : ਜਲੰਧਰ ਉਪ-ਚੋਣ ਸਬੰਧੀ ਤੁਹਾਨੂੰ ਕਿਹੋ ਜਿਹਾ ਫੀਡਬੈਕ ਮਿਲਿਆ ਹੈ?
ਜਵਾਬ : ਜਲੰਧਰ ਉਪ-ਚੋਣ ਸਬੰਧੀ ਆਮ ਆਦਮੀ ਪਾਰਟੀ ਨੂੰ ਹਾਂ-ਪੱਖੀ ਰਿਸਪਾਂਸ ਮਿਲਿਆ ਹੈ। ਲੋਕ ਸੂਬੇ ਵਿਚ ਰੋਜ਼ਗਾਰ ਦੇ ਮੌਕੇ ਚਾਹੁੰਦੇ ਹਨ। ਗਰੀਬ ਪਰਿਵਾਰ ਚੰਗੀ ਸਿਹਤ ਤੇ ਸਿੱਖਿਆ ਸਬੰਧੀ ਸੇਵਾਵਾਂ ਲੈਣੀਆਂ ਚਾਹੁੰਦੇ ਹਨ, ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਮੁਹੱਈਆ ਕਰਵਾ ਰਹੀ ਹੈ। ਭਗਵੰਤ ਮਾਨ ਸਰਕਾਰ ਵਲੋਂ ਲੋਕਾਂ ਨੂੰ ਮੁਹੱਈਆ ਕਰਵਾਈ ਗਈ ਮੁਫਤ ਬਿਜਲੀ ਕਾਰਨ ਵੀ ਲੋਕ ‘ਆਪ’ ਨਾਲ ਜੁੜੇ ਹਨ। ਇਹ ਮੁਫਤ ਬਿਜਲੀ ਬਿਨਾਂ ਕਿਸੇ ਧਰਮ ਤੇ ਜਾਤੀ ਨੂੰ ਧਿਆਨ ਵਿਚ ਰੱਖ ਕੇ ਦਿੱਤੀ ਗਈ ਹੈ। ਐੱਨ. ਆਰ. ਆਈਜ਼ ਨੂੰ ਵੀ ਸਹੂਲਤ ਮਿਲਣ ਨਾਲ ਉਨ੍ਹਾਂ ਨੂੰ ਭਾਰੀ ਰਾਹਤ ਮਿਲੀ ਹੈ।
ਸਵਾਲ : ਕੀ ਕਾਂਗਰਸ ਨੂੰ ਚੌਧਰੀ ਸੰਤੋਖ ਸਿੰਘ ਦੇ ਦਿਹਾਂਤ ਨਾਲ ਹਮਦਰਦੀ ਲਹਿਰ ਦਾ ਕੋਈ ਲਾਭ ਮਿਲੇਗਾ?
ਜਵਾਬ : ਚੌਧਰੀ ਸੰਤੋਖ ਸਿੰਘ ਦਾ ਦਿਹਾਂਤ ਇਕ ਦੁੱਖਦਾਇਕ ਘਟਨਾ ਸੀ ਪਰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ 9 ਸਾਲਾਂ ਤਕ ਸੰਸਦ ਮੈਂਬਰ ਰਹਿਣ ਦੌਰਾਨ 45 ਕਰੋਡ਼ ਰੁਪਏ ਦੀ ਗ੍ਰਾਂਟ ਉਨ੍ਹਾਂ ਨੂੰ ਸੰਸਦ ਨਿਧੀ ਫੰਡਦੇ ਰੂਪ ਵਿਚ ਮਿਲੀ। ਜਲੰਧਰ ਜ਼ਿਲੇ ਵਿਚ ਕਿਸੇ ਵੀ ਸਕੂਲ, ਰੋਡ ਜਾਂ ਪਿੰਡ ਵਿਚ ਸਟੇਡੀਅਮ ਨਹੀਂ ਬਣਾਇਆ ਗਿਆ। ਇਹ ਗ੍ਰਾਂਟ ਕਿੱਥੇ ਖਰਚ ਕੀਤੀ ਗਈ, ਇਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ।
ਇਹ ਵੀ ਪੜ੍ਹੋ- ਸੁਰਜਨ ਚੱਠਾ ਦੀ ਗ੍ਰਿਫ਼ਤਾਰੀ ਮਗਰੋਂ ਨੰਗਲ ਅੰਬੀਆਂ ਦੀ ਪਤਨੀ ਦਾ ਪਹਿਲਾ ਬਿਆਨ ਆਇਆ ਸਾਹਮਣੇ(ਵੀਡੀਓ)
ਸਵਾਲ : ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨਾਲ ਮਤਰੇਆ ਵਤੀਰਾ ਕਰ ਰਹੀ ਹੈ।
ਜਵਾਬ : ਅਜਿਹਾ ਲੱਗਦਾ ਹੈ ਕਿ ਭਾਜਪਾ ਵਿਚ ਇਹ ਡਰ ਦੀ ਭਾਵਨਾ ਭਰ ਗਈ ਹੈ ਕਿ ਆਮ ਆਦਮੀ ਪਾਰਟੀ ਤੇਜ਼ੀ ਨਾਲ ਸੂਬਿਆਂ ਵਿਚ ਆਪਣੇ ਕਦਮ ਵਧਾ ਰਹੀ ਹੈ। ‘ਆਪ’ ਕੌਮੀ ਪਾਰਟੀ ਬਣ ਚੁੱਕੀ ਹੈ, ਇਸ ਲਈ ਉਸ ਦੇ ਅਕਸ ਨੂੰ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੰਜਾਬ ਵਿਚ ਭਗਵੰਤ ਮਾਨ ਸਰਕਾਰ ਦੇ ਨਾਲ ਭਾਜਪਾ ਸਰਕਾਰ ਮਤਰੇਆ ਵਤੀਰਾ ਕਰ ਰਹੀ ਹੈ। ਕੇਂਦਰ ਸਰਕਾਰ ਨੇ ਆਰ. ਡੀ. ਐੱਫ. ਨੂੰ ਖਤਮ ਕਰ ਦਿੱਤਾ ਹੈ, ਜਿਸ ਨਾਲ ਪੇਂਡੂ ਇਲਾਕਿਆਂ ਵਿਚ ਵਿਕਾਸ ਕਾਰਜ ਰੁਕ ਜਾਣ। ਇਸੇ ਤਰ੍ਹਾਂ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਵੀ ਪੰਜਾਬ ਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਮੁੱਖ ਮੰਤਰੀ ਨਾਲ ਮੀਟਿੰਗ ਕਰਕੇ NRI ਭਰਾਵਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਣਗੀਆਂ : ਧਾਲੀਵਾਲ
NEXT STORY