ਚੰਡੀਗੜ੍ਹ (ਮਨਪ੍ਰੀਤ) : ਪਿਛਲੇ ਦਿਨੀਂ ਹੋਈ ਬਾਰਸ਼ ਤੋਂ ਮਿਲੀ ਰਾਹਤ ਹੁਣ ਹੌਲੀ-ਹੌਲੀ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ। ਸ਼ਹਿਰ ’ਚ ਤਾਪਮਾਨ ਮੁੜ ਵੱਧਣ ਕਾਰਨ ਲੋਕਾਂ ਨੂੰ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ’ਚ 4.7 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਮੌਸਮ ਕੇਂਦਰ ਦੇ ਅੰਕੜਿਆਂ ਮੁਤਾਬਕ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਸੈਲਸੀਅਸ ਰਿਹਾ। ਭਾਵੇਂ ਇਹ ਆਮ ਤਾਪਮਾਨ ਨਾਲੋਂ 1.8 ਡਿਗਰੀ ਘੱਟ ਹੈ ਪਰ ਅਚਾਨਕ ਵਾਧੇ ਤੇ ਹਵਾ ’ਚ ਵਧੀ ਨਮੀ ਕਾਰਨ ਗਰਮੀ ਦਾ ਅਹਿਸਾਸ ਕਾਫ਼ੀ ਜ਼ਿਆਦਾ ਹੋ ਰਿਹਾ ਹੈ। ਘੱਟੋ-ਘੱਟ ਤਾਪਮਾਨ 20.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੇ ਦਿਨ ਦੇ ਮੁਕਾਬਲੇ 0.8 ਡਿਗਰੀ ਘੱਟ ਰਿਹਾ। ਹਾਲਾਂਕਿ ਰਾਤ ਦਾ ਤਾਪਮਾਨ ਆਮ ਨਾਲੋਂ 5.7 ਡਿਗਰੀ ਹੇਠਾਂ ਹੈ ਪਰ ਦਿਨ ਵੇਲੇ ਤੇਜ਼ ਧੁੱਪ ਤੇ ਨਮੀ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ। ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਬਾਰਸ਼ ਕਾਰਨ ਹਵਾ ’ਚ ਨਮੀ ਦੀ ਮਾਤਰਾ ਵਧੀ ਹੋਈ ਹੈ। ਹੁਣ ਤਾਪਮਾਨ ’ਚ ਹੋ ਰਹੇ ਵਾਧੇ ਨਾਲ ਗਰਮੀ ਤੇ ਹੁੰਮਸ ਦਾ ਅਸਰ ਹੋਰ ਤੇਜ਼ ਮਹਿਸੂਸ ਹੋ ਸਕਦਾ ਹੈ।
ਅਗਲੇ ਕੁੱਝ ਦਿਨ ਅੰਸ਼ਕ ਤੌਰ ’ਤੇ ਛਾਏ ਰਹਿਣਗੇ ਬੱਦਲ
ਮੌਸਮ ਵਿਭਾਗ ਨੇ ਚੰਡੀਗੜ੍ਹ ਲਈ ਵਿਸ਼ੇਸ਼ ਚਿਤਾਵਨੀ ਵੀ ਜਾਰੀ ਕੀਤੀ ਹੈ। ਅਨੁਮਾਨ ਹੈ ਕਿ ਸੋਮਵਾਰ ਨੂੰ ਕੁੱਝ ਇਲਾਕਿਆਂ ’ਚ ਗਰਜ-ਚਮਕ ਦੇ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਵਿਭਾਗ ਮੁਤਾਬਕ ਅਗਲੇ ਕੁੱਝ ਦਿਨ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣਗੇ। ਆਉਣ ਵਾਲੇ 24 ਤੋਂ 48 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 22 ਤੋਂ 24 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। 16 ਤੋਂ 18 ਜੂਨ ਤੱਕ ਵੀ ਮੌਸਮ ’ਚ ਕੋਈ ਵੱਡਾ ਬਦਲਾਅ ਆਉਣ ਦੀ ਉਮੀਦ ਨਹੀਂ ਹੈ ਤੇ ਤਾਪਮਾਨ 36 ਤੋਂ 37 ਡਿਗਰੀ ਸੈਲਸੀਅਸ ਦੇ ਵਿਚਕਾਰ ਬਣਿਆ ਰਹਿ ਸਕਦਾ ਹੈ।
SC ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਰਵਨੀਤ ਬਿੱਟੂ, ਵਕੀਲ ਨੇ ਜ਼ਰੂਰੀ ਦਸਤਾਵੇਜ਼ ਕਰਵਾਏ ਜਮ੍ਹਾਂ
NEXT STORY