ਚੰਡੀਗੜ੍ਹ : ਪੰਜਾਬ ’ਚ ਗਰਮੀ ਦਾ ਕਹਿਰ ਹੁਣ ਤੇਜ਼ੀ ਨਾਲ ਵੱਧਣ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਲੋਕਾਂ ਨੂੰ ਭਿਆਨਕ 'ਲੂ' (ਹੀਟ ਵੇਵ) ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ ਤਾਜ਼ਾ ਮੌਸਮ ਬੁਲੇਟਿਨ ਅਨੁਸਾਰ ਸੂਬੇ ’ਚ 18 ਮਈ ਤੋਂ ਲੈ ਕੇ 23 ਮਈ ਤੱਕ ਵੱਖ-ਵੱਖ ਹਿੱਸਿਆਂ ’ਚ 'ਲੂ' ਚੱਲਣ ਦੀ ਗੰਭੀਰ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਪੂਰੇ ਪੰਜਾਬ ’ਚ ਮੌਸਮ ਪੂਰੀ ਤਰ੍ਹਾਂ ਖ਼ੁਸ਼ਕ ਰਹੇਗਾ ਅਤੇ ਤੇਜ਼ ਧੁੱਪ ਕਾਰਨ ਤਾਪਮਾਨ ’ਚ ਲਗਾਤਾਰ ਵਾਧਾ ਦੇਖਣ ਨੂੰ ਮਿਲੇਗਾ, ਜਿਸ ਕਾਰਨ ਦੁਪਹਿਰ ਵੇਲੇ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜਾਵੇਗਾ। ਐਤਵਾਰ ਛੁੱਟੀ ਵਾਲੇ ਦਿਨ ਵੀ ਪੰਜਾਬ ਭਰ ’ਚ ਲੋਕਾਂ ਨੂੰ ਭਿਆਨਕ ਗਰਮੀ ਅਤੇ ਅੱਗ ਵਰ੍ਹਾਉਂਦੀ ਤਪਸ਼ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਬਾਜ਼ਾਰਾਂ ਤੇ ਸੜਕਾਂ 'ਤੇ ਦੁਪਹਿਰ ਵੇਲੇ ਸੰਨਾਟਾ ਪਸਰਿਆ ਰਿਹਾ।
ਇਹ ਵੀ ਪੜ੍ਹੋ : ਪੰਜਾਬ : ਡਿਊਟੀਆਂ ਨੇ ਪਾ 'ਤਾ ਵੱਡਾ ਪੰਗਾ, ਅਧਿਆਪਕਾਂ ਵਲੋਂ ਨੌਕਰੀ ਛੱਡਣ ਦੀ ਚਿਤਾਵਨੀ!
ਸ਼ਨੀਵਾਰ ਦੇ ਮੁਕਾਬਲੇ ਐਤਵਾਰ ਨੂੰ ਸੂਬੇ ਦੇ ਔਸਤਨ ਵੱਧ ਤੋਂ ਵੱਧ ਤਾਪਮਾਨ ’ਚ 1.2 ਡਿਗਰੀ ਸੈਲਸੀਅਸ ਦਾ ਉਛਾਲ ਦਰਜ ਕੀਤਾ ਗਿਆ ਹੈ। ਪੰਜਾਬ ਦਾ ਸਭ ਤੋਂ ਗਰਮ ਇਲਾਕਾ ਬਠਿੰਡਾ ਰਿਹਾ, ਜਿੱਥੇ ਪਾਰਾ 43.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਿਸ ਨੇ ਲੋਕਾਂ ਨੂੰ ਹਾਲੋਂ-ਬੇਹਾਲ ਕਰ ਦਿੱਤਾ। ਇਸੇ ਤਰ੍ਹਾਂ ਪਟਿਆਲਾ ’ਚ 42 ਡਿਗਰੀ ਤੇ ਲੁਧਿਆਣਾ ’ਚ 41.6 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ, ਜੋ ਕਿ ਆਮ ਨਾਲੋਂ ਦੋ ਡਿਗਰੀ ਦੇ ਕਰੀਬ ਵੱਧ ਰਿਹਾ। ਦੂਜੇ ਪਾਸੇ ਰਾਤਾਂ ਦੇ ਤਾਪਮਾਨ ’ਚ ਵੀ ਹੁਣ ਗਰਮੀ ਮਹਿਸੂਸ ਹੋਣ ਲੱਗੀ ਹੈ ਕਿਉਂਕਿ ਔਸਤਨ ਘੱਟ ਤੋਂ ਘੱਟ ਤਾਪਮਾਨ ’ਚ 0.4 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ, ਜੋ ਕਿ ਆਮ ਨਾਲੋਂ 1.6 ਡਿਗਰੀ ਸੈਲਸੀਅਸ ਜ਼ਿਆਦਾ ਹੈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਐਲਾਨ, ਵਿਦਿਆਰਥੀਆਂ ਨੂੰ ਮਿਲਿਆ ਆਖ਼ਰੀ ਮੌਕਾ, ਪੜ੍ਹੋ ਪੂਰਾ ਸ਼ਡਿਊਲ
ਹਾਲਾਂਕਿ ਦਿਨ ਦੀ ਭਾਰੀ ਤਪਸ਼ ਦੇ ਉਲਟ ਸੂਬੇ ’ਚ ਸਭ ਤੋਂ ਘੱਟ ਤਾਪਮਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ 12.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨਾਲ ਉੱਥੇ ਰਾਤ ਦੇ ਸਮੇਂ ਕੁਝ ਸੁਖਾਵੀਂ ਰਾਹਤ ਬਣੀ ਰਹੀ। ਮੌਸਮ ਮਾਹਰਾਂ ਮੁਤਾਬਕ ਆਉਣ ਵਾਲੇ ਦਿਨਾਂ ’ਚ 'ਲੂ' ਦਾ ਇਹ ਪ੍ਰਕੋਪ ਸੂਬੇ ਦੇ ਕਈ ਹਿੱਸਿਆਂ ’ਚ ਲੋਕਾਂ ਦੀ ਪਰੇਸ਼ਾਨੀ ਵਧਾ ਸਕਦਾ ਹੈ, ਇਸ ਲਈ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਦੁਪਹਿਰ ਵੇਲੇ (ਖ਼ਾਸ ਕਰਕੇ 12 ਤੋਂ 3 ਵਜੇ ਦੇ ਵਿਚਕਾਰ) ਸਿੱਧੀ ਧੁੱਪ ’ਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਿਹਤ ਨੂੰ ਤੰਦਰੁਸਤ ਰੱਖਣ ਲਈ ਵੱਧ ਤੋਂ ਵੱਧ ਤਰਲ ਪਦਾਰਥਾਂ ਜਿਵੇਂ ਪਾਣੀ, ਲੱਸੀ ਤੇ ਨਿੰਬੂ ਪਾਣੀ ਦਾ ਸੇਵਨ ਕਰਨ ਤੇ ਸਿਰ ਨੂੰ ਹਲਕੇ ਕੱਪੜੇ ਨਾਲ ਢੱਕ ਕੇ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਇਸ ਵਧਦੀ ਹੋਈ ਤਪਸ਼ ਤੇ ਲੂ ਦੇ ਮਾਰੂ ਅਸਰ ਤੋਂ ਬਚਿਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਨਿਗਮ ਨੇ ਬਦਲਿਆ ਨਹਿਰ ਕੰਢੇ ਫੈਂਸਿੰਗ ਦਾ ਡਿਜ਼ਾਈਨ, ਹੁਣ ਪਟੜੀ ਛੱਡ ਕੇ ਕੀਤੀ ਜਾਵੇਗੀ ਫੈਂਸਿੰਗ
NEXT STORY