ਫਾਜ਼ਿਲਕਾ (ਸੁਨੀਲ ਨਾਗਪਾਲ) — ਤੇਜ਼ ਬਾਰਸ਼ ਦੇ ਚਲਦੇ ਪੰਜਾਬ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸਾਰੇ ਡਿਪਟੀ ਕਮਿਸ਼ਨਰ ਨੂੰ ਇਸ ਲਈ ਖਾਸ ਇੰਤਜ਼ਾਮ ਕਰਨ ਦੀ ਹਿਦਾਇਤ ਦਿੱਤੀ ਗਈ ਹੈ ਪਰ ਫਾਜ਼ਿਲਕਾ ਦੇ ਸਰਹਦੀ ਇਲਾਕੇ 'ਚ ਪ੍ਰਸ਼ਾਸਨ ਦੇ ਸਾਰੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਉੱਥੇ ਤਬਾਹੀ ਦਾ ਮੰਜ਼ਰ ਯਾਦ ਆਉਣ ਲੱਗਾ ਹੈ ਪਰ ਪ੍ਰਸ਼ਾਸਨ ਦਾ ਜਵਾਬ ਹੈਰਾਨ ਕਰ ਦੇਣ ਵਾਲਾ ਹੈ। ਪ੍ਰਸ਼ਾਸਨ ਦੇ ਮੁਤਾਬਕ ਜਦ ਹੜ੍ਹ ਆਵੇਗਾ ਤਾਂ ਪਿੰਡ ਦੇ ਲੋਕਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ।
ਹਰ ਵਾਰ ਪੰਜਾਬ ਦੇ ਫਾਜ਼ਿਲਕਾ ਦੇ ਦਰਜਨ ਭਰ ਪਿੰਡ ਹੜ੍ਹ ਦੀ ਚਪੇਟ 'ਚ ਆ ਜਾਂਦੇ ਹਨ, ਲੋਕ ਘਰੋਂ ਬੇਘਰ ਹੋ ਜਾਂਦੇ ਹਨ। ਪਸ਼ੂਆਂ ਲਈ ਚਾਰਾ ਨਹੀਂ ਮਿਲਦਾ, ਇਹ ਸਭ ਹੋਣ ਦੇ ਬਾਵਜੂਦ ਪ੍ਰਸ਼ਾਸਨ ਅਧਿਕਾਰੀ ਲੋਕਾਂ ਵਿਚਾਲੇ ਆਪਣਾ ਪੱਲਾ ਝਾੜ ਨਿਕਲ ਜਾਂਦੇ ਹਨ ਪਰ ਇਨ੍ਹਾਂ ਗਰੀਬਾਂ ਦੀ ਕੋਈ ਸਾਰ ਨਹੀਂ ਲੈਂਦਾ। ਸੜਕਾਂ ਦੇ ਉਪਰ ਵਗਦਾ ਪਾਣੀ ਇਨ੍ਹਾਂ ਦੀਆਂ ਸਾਰੀਆਂ ਫਸਲਾਂ ਤਕ ਬਰਬਾਦ ਕਰ ਦਿੰਦਾ ਹੈ ਤਾਂ ਬਾਅਦ 'ਚ ਇਹੀ ਕਿਸਾਨ ਮੁਆਵਜ਼ੇ ਲਈ ਜ਼ਿਲਾ ਅਧਿਕਾਰੀਆਂ ਕੋਲ ਚੱਕਰ ਲਗਾਉਦੇ ਥੱਕ ਜਾਂਦੇ ਹਨ। ਸ਼ਾਇਦ ਅਜਿਹਾ ਹੀ ਮੰਜਰ ਇਸ ਵਾਰ ਵੀ ਨਜ਼ਰ ਆਵੇਗਾ ਕਿਉਂਕਿ ਕੁਝ ਦਿਨ ਪਹਿਲਾ ਪੰਜਾਬ ਭਰ 'ਚ ਤੇਜ ਬਾਰਸ਼ ਦੇ ਚਲਦੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਹੜ੍ਹ ਆਉਣ ਦੀ ਸੰਭਾਵਨਾ ਦੇ ਚਲਦੇ ਸਰਹਦੀ ਇਲਾਕਿਆਂ 'ਚ ਵੀ ਹੜ੍ਹ ਦੀ ਰੋਕਥਾਮ ਸੰਬੰਧੀ ਪੁਖਤਾ ਪ੍ਰਬੰਧ ਕਰਨ ਦੇ ਹੁਕਮ ਜਾਰੀ ਹੋਏ ਹਨ, ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਸ ਲਈ ਲਿਖਤੀ ਪੱਤਰ ਜਾਰੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਫਾਜ਼ਿਲਕਾ ਦੇ ਸਰਹੱਦੀ ਇਲਾਕੇ 'ਚ ਪੈਂਦੇ ਸਤਲੁਜ ਨਦੀ 'ਚੋਂ ਵੀ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਫਿਰ ਵੀ ਪ੍ਰਸ਼ਾਸਨ ਦਾ ਇਸ ਤੇ ਕੋਈ ਧਿਆਨ ਨਹੀਂ ਹੈ, ਨਾ ਤਾਂ ਇਥੇ ਕੋਈ ਕਿਸ਼ਤੀ ਦਾ ਇੰਤਜ਼ਾਮ ਕੀਤਾ ਗਿਆ ਹੈ ਤੇ ਨਾ ਹੀ ਲਾਈਫ ਜੈਕਟਸ, ਨਾ ਹੀ ਹੜ੍ਹ ਨਿਯੰਤਰਣ ਕਮੇਟੀ ਦਾ ਟੋਲ ਫ੍ਰੀ ਨੰਬਰ ਅਤੇ ਨਾ ਹੀ ਲੋਕਾਂ ਲਈ ਰਲੀਫ ਕੈਂਪ ਬਣਾਏ ਗਏ ਹਨ। ਅਜਿਹੇ ਮਾਹੌਲ 'ਚ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਹੜ੍ਹ ਆਉਣ ਤੋਂ ਬਾਅਦ ਪ੍ਰਸ਼ਾਸਨ ਉਨ੍ਹਾਂ ਕੋਲ ਪਹੁੰਚਦਾ ਹੈ ਤੇ ਖਾਲੀ ਦਾਅਵੇਆਂ ਦੇ ਫਿਰ ਵੀ ਕੁਝ ਹੱਥ ਨਹੀਂ ਲਗਦਾ।
ਉਥੇ ਹੀ ਪਿੰਡ ਦੇ ਲੋਕ ਦੱਸਦੇ ਹਨ ਕਿ ਸਤਲੁਜ ਨਦੀ ਦੇ ਇਕ ਪਾਸੇ ਦਾ ਬੰਨ ਮਜ਼ਬੂਤ ਹੈ, ਜਦ ਕਿ ਦੂਜੇ ਪਾਸੇ ਬੰਨ ਹੀ ਨਹੀਂ ਹੈ। ਇਹੀ ਕਾਰਨ ਹੈ ਕਿ ਬੰਨ ਦਾ ਸਾਰਾ ਪਾਣੀ ਇਕ ਪਾਸੇ ਵਹਿ ਤੁਰਦਾ ਹੈ ਤੇ ਪਾਣੀ ਦਰਜਨਾਂ ਦੇ ਹਿਸਾਬ ਨਾਲ ਪਿੰਡਾਂ ਨੂੰ ਘੇਰ ਲੈਂਦਾ ਹੈ। ਆਖਿਰਕਾਰ ਪ੍ਰਸ਼ਾਸਨ ਤੇ ਸਰਕਾਰ ਇਸ ਪਾਸੇ ਬੰਨ ਕਿਉਂ ਨਹੀਂ ਬਣਵਾਉਂਦੀ।
ਉਧਰ ਫਾਜ਼ਿਲਕਾ ਦੀ ਡੀ. ਸੀ. ਦਾ ਕਹਿਣਾ ਹੈ ਕਿ ਇਸ ਮਾਮਲੇ ਸੰਬੰਧੀ ਸਹੀ ਜਾਣਕਾਰੀ ਐੱਸ. ਡੀ. ਐੱਮ. ਹੀ ਦੇ ਸਕਦੇ ਹਨ ਕਿਉਂਕਿ ਹੜ੍ਹ ਨਾਲ ਸੰਬੰਧਤ ਸਾਰਾ ਕੰਮ ਉਨ੍ਹਾਂ ਦੇ ਅਧੀਨ ਹੈ, ਜਦ ਕਿ ਐੱਸ. ਡੀ. ਐੱਮ. ਨੇ ਡੀ. ਸੀ. ਕੋਲੋਂ ਇਸ ਸੰਬੰਧੀ ਜਾਣਕਾਰੀ ਲੈਣ ਦੀ ਗੱਲ ਕਹਿ ਦਿੱਤੀ। ਜਦ ਕੈਮਰੇ ਦੇ ਸਾਹਮਣੇ ਉਨ੍ਹਾਂ ਕੋਲੋਂ ਇਹ ਹੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਤੁਰੰਤ ਕਿਹਾ ਕਿ ਇਸ ਸੰਬੰਧੀ ਸਾਰਾ ਪਲਾਨ ਤਿਆਰ ਹੈ ਬਾਕੀ ਕੰਟਰੋਲ ਰੂਮ ਕਿਵੇਂ ਚਲ ਰਿਹਾ ਹੈ ਇਹ ਡੀ. ਸੀ. ਦੱਸਣਗੇ। ਐੱਸ. ਡੀ. ਐੱੰਮ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਜਦ ਹੜ੍ਹ ਆਵੇਗਾ ਤਾਂ ਲੋਕਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪੰਜਾਬ ਭਰ 'ਚ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪੁਖਤਾ ਪ੍ਰਬੰਧ ਕਰਨ 'ਚ ਲੱਗਾ ਹੈ ਪਰ ਫਾਜ਼ਿਲਕਾ ਦੇ ਸਰਹਦੀ ਇਲਾਕਿਆਂ 'ਚ ਅਜਿਹਾ ਹੁਣ ਤਕ ਕਿਉਂ ਨਹੀਂ ਅਸਲ 'ਚ ਫਾਜ਼ਿਲਕਾ ਜ਼ਿਲਾ ਪ੍ਰਸ਼ਾਸਨ ਹਰ ਬਾਰ ਦੀ ਤਰ੍ਹਾਂ ਇਸ ਵਾਰ ਵੀ ਫਿਰੋਜ਼ਪੁਰ ਤੋਂ ਪਾਣੀ ਵਧਣ ਦਾ ਸੰਦੇਸ਼ ਆਉਣ ਦੇ ਇੰਤਜ਼ਾਰ ਤਕ ਸੀਮਤ ਹਨ ਪਰ ਫਿਰ ਵੀ ਮੌਕੇ 'ਤੇ ਪੁਖਤਾ ਪ੍ਰਬੰਧ ਨਾ ਹੋਣ ਦੇ ਚਲਦੇ ਸਾਰਾ ਇਲਾਕਾ ਪਾਣੀ ਦੀ ਚਪੇਟ 'ਚ ਆ ਜਾਂਦਾ ਹੈ। ਇੰਨੇ ਵੱਡੇ ਪੱਧਰ ਦੇ ਮਾਮਲੇ ਤੇ ਇੰਨੀ ਢਿੱਲੀ ਕਾਰਜਗੁਜਾਰੀ ਫਾਜ਼ਿਲਕਾ ਪ੍ਰਸ਼ਾਸਨ 'ਤੇ ਕਈ ਸਵਾਲ ਖੜੇ ਕਰਦੀ ਹੈ।
ਹਸਪਤਾਲ 'ਚ ਇਲਾਜ ਕਰਵਾਉਣ ਆਇਆ ਕੈਦੀ ਪੁਲਸ ਨੂੰ ਧੱਕਾ ਦੇ ਕੇ ਹੋਇਆ ਫਰਾਰ
NEXT STORY