ਨਵਾਂਸ਼ਹਿਰ, (ਤ੍ਰਿਪਾਠੀ)- ਪਾਵਰਕਾਮ ਵੱਲੋਂ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਤੇ ਲੋਕਾਂ ਨੂੰ ਵਧੀਆ ਬਿਜਲੀ ਸਪਲਾਈ ਦੇਣ ਦੇ ਮੰਤਵ ਨਾਲ ਹਰ ਰੋਜ਼ ਲੰਬੇ-ਲੰਬੇ ਬਿਜਲੀ ਦੇ ਕੱਟ ਲਾਏ ਜਾ ਰਹੇ ਹਨ ਪਰ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਅਜੇ ਵੀ ਜਿਥੇ ਬਿਜਲੀ ਦੀਆਂ ਤਾਰਾਂ ਦੇ ਜਾਲ ਲੋਕਾਂ ਲਈ ਸਮੱਸਿਆਵਾਂ ਦਾ ਕਾਰਨ ਬਣ ਰਹੇ ਹਨ, ਉਥੇ ਹੀ ਰਿਹਾਇਸ਼ੀ ਖੇਤਰਾਂ 'ਚੋਂ ਲੰਘਣ ਵਾਲੀਆਂ ਹਾਈ ਪਾਵਰ ਤਾਰਾਂ, ਜੋ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ, ਨੂੰ ਰਿਹਾਇਸ਼ੀ ਖੇਤਰਾਂ 'ਚੋਂ ਬਾਹਰ ਕੱਢਣ ਲਈ ਕੋਈ ਯੋਜਨਾ ਅਮਲ 'ਚ ਨਹੀਂ ਲਿਆਂਦੀ ਜਾ ਰਹੀ।
ਸ਼ਹਿਰ ਦੀਆਂ ਕਈ ਥਾਵਾਂ 'ਤੇ ਬਿਜਲੀ ਦੀਆਂ ਤਾਰਾਂ ਇੰਨੀਆਂ ਨੀਵੀਆਂ ਹਨ ਕਿ ਇਨ੍ਹਾਂ ਤੱਕ ਬੱਚਿਆਂ ਦੇ ਹੱਥ ਵੀ ਆਰਾਮ ਨਾਲ ਪਹੁੰਚ ਸਕਦੇ ਹਨ। ਜ਼ਿਕਰਯੋਗ ਹੈ ਕਿ ਨਵਾਂਸ਼ਹਿਰ ਦੀ ਕੁਲਾਮ ਰੋਡ 'ਤੇ ਮੁਹੱਲੇ 'ਚ ਨਵੀਂ ਬਣ ਰਹੀ ਇਮਾਰਤ ਦੀ ਬਿਜਲੀ ਦੀ ਫਿਟਿੰਗ ਦੌਰਾਨ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਹਾਦਸਾ ਹੋ ਚੁੱਕਾ ਹੈ ਤੇ ਲੰਬੇ ਸਮੇਂ ਤੋਂ ਰਿਹਾਇਸ਼ੀ ਖੇਤਰਾਂ 'ਚੋਂ ਲੰਘਣ ਵਾਲੀਆਂ ਤਾਰਾਂ ਕਾਰਨ ਹੋ ਰਹੇ ਹਾਦਸਿਆਂ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਹਟਾਉਣ ਲਈ ਵਿਭਾਗ ਗੰਭੀਰਤਾ ਨਹੀਂ ਦਿਖਾ ਰਿਹਾ। 'ਜਗ ਬਾਣੀ' ਦੀ ਟੀਮ ਵੱਲੋਂ ਨਵਾਂਸ਼ਹਿਰ ਦੇ ਕੁਝ ਮੁਹੱਲਿਆਂ ਦਾ ਦੌਰਾ ਕਰ ਕੇ ਜਾਂਚ ਕੀਤੀ ਗਈ ਤਾਂ ਦੇਖਿਆ ਕਿ ਘਰਾਂ ਤੇ ਦੁਕਾਨਾਂ ਦੇ ਉੱਪਰੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਉਚਾਈ ਇੰਨੀ ਘੱਟ ਹੈ ਕਿ ਕਿਸੇ ਵੀ ਸਮੇਂ ਇਹ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ।
ਅਣਅਧਿਕਾਰਤ ਕਾਲੋਨੀਆਂ 'ਚ ਲਏ ਜਾ ਰਹੇ ਹਨ ਪਲਾਟ
ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਨੂੰ ਜ਼ਿਲਾ ਬਣੇ 2 ਤੋਂ ਵੱਧ ਦਹਾਕੇ ਬੀਤ ਗਏ ਹਨ ਪਰ ਸਰਕਾਰੀ ਕਾਲੋਨੀਆਂ ਨਾ ਕੱਟਣ ਕਾਰਨ ਲੋਕ ਆਪਣੇ ਘਰ ਦੀ ਤਮੰਨਾ 'ਚ ਅਣਅਧਿਕਾਰਤ ਕਾਲੋਨੀਆਂ 'ਚ ਹਾਈ ਵੋਲਟੇਜ ਤਾਰਾਂ ਦੇ ਹੇਠਾਂ ਪਲਾਟ ਲੈਣ ਲਈ ਮਜਬੂਰ ਹਨ। ਇਸ ਮਾਮਲੇ 'ਚ ਕਈ ਪਤਵੰਤੇ ਸੱਜਣਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਅਣਅਧਿਕਾਰਤ ਕਾਲੋਨੀਆਂ ਕੱਟਣ ਵਾਲੇ ਕਾਲੋਨਾਈਜ਼ਰਾਂ ਖਿਲਾਫ਼ ਸਖਤ ਕਦਮ ਉਠਾਉਣੇ ਚਾਹੀਦੇ ਹਨ।
ਹਾਈ ਵੋਲਟੇਜ ਤਾਰਾਂ ਹੇਠਾਂ ਮੋਬਾਇਲ ਸੁਣਨਾ ਖਤਰਨਾਕ
ਕੁਲਾਮ ਰੋਡ ਤੇ ਗੜ੍ਹਸ਼ੰਕਰ ਰੋਡ 'ਤੇ ਮੁਹੱਲਿਆਂ 'ਚ ਕਈ ਘਰਾਂ ਦੇ ਕੋਲ ਹੀ ਬਿਜਲੀ ਦੇ ਖੰਭੇ ਲਾਏ ਗਏ ਹਨ, ਜੋ ਬਿਜਲੀ ਐਕਟ ਖਿਲਾਫ਼ ਹੈ। ਇਨ੍ਹਾਂ ਘਰਾਂ 'ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਘਰਾਂ ਦੇ ਉੱਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਹੇਠਾਂ ਖੜ੍ਹੇ ਹੋਣ 'ਤੇ ਬਿਜਲੀ ਸਪਲਾਈ ਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਹੈ। ਇਨ੍ਹਾਂ ਤਾਰਾਂ ਹੇਠਾਂ ਮੋਬਾਇਲ ਵੀ ਸੁਣਨਾ ਕਾਫੀ ਖਤਰਨਾਕ ਸਿੱਧ ਹੋ ਸਕਦਾ ਹੈ। ਇਸ ਤਰ੍ਹਾਂ ਦੇ ਕੁਝ ਹਾਦਸੇ ਵੀ ਸਾਹਮਣੇ ਆ ਚੁੱਕੇ ਹਨ। ਇਸੇ ਤਰ੍ਹਾਂ ਹੀ ਸਰਦੀਆਂ 'ਚ ਪਤੰਗਬਾਜ਼ੀ ਦੇ ਸ਼ੌਕੀਨ ਬੱਚਿਆਂ ਲਈ ਵੀ ਇਹ ਤਾਰਾਂ ਕਿਸੇ ਹਾਦਸੇ ਨੂੰ ਸੱਦਾ ਦੇ ਸਕਦੀਆਂ ਹਨ।
ਜੀ. ਐੱਸ. ਟੀ. ਦੇ 3500 ਕਰੋੜ ਰੁਪਏ ਦੇਣ 'ਚ ਦੇਰੀ ਪੰਜਾਬ ਵਿਰੋਧੀ ਫੈਸਲਾ : ਜਾਖੜ
NEXT STORY