ਚੰਡੀਗੜ੍ਹ (ਰਮੇਸ਼) : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇਤਿਹਾਸ 'ਚ ਪਹਿਲੀ ਵਾਰ ਰਾਤ ਦੇ 8 ਵਜੇ ਅਰਜੈਂਟ ਕੋਰਟ ਲੱਗੀ, 9 ਵਜੇ ਮੰਗ 'ਤੇ ਸੁਣਵਾਈ ਕਰਕੇ ਹੁਕਮ ਜਾਰੀ ਕਰਦੇ ਹੋਏ ਅਤੇ 11 ਵਜੇ ਰਾਤ ਨੂੰ ਸਬੰਧਿਤ ਧਿਰਾਂ ਨੂੰ ਸੰਮਨ ਕੀਤੇ ਗਏ। ਉਕਤ ਕਾਰਵਾਈ ਲੁਧਿਆਣਾ 'ਚ ਫਿਰੋਜ਼ਪੁਰ ਰੋਡ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਮੁੱਖ ਸ਼ਾਖਾ ਦੀ ਪਟੀਸ਼ਨ 'ਤੇ ਹੋਈ, ਜਿਸ 'ਚ ਕਿਸਾਨਾਂ ਦੀਆਂ 7 ਜਥੇਬੰਦੀਆਂ ਵੱਲੋਂ 18 ਫਰਵਰੀ ਨੂੰ ਬੈਂਕ ਦੇ ਘਿਰਾਓ ਦੀ ਚਿਤਾਵਨੀ ਤੋਂ ਬਾਅਦ ਸੁਰੱਖਿਆ ਪ੍ਰਦਾਨ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਪਟੀਸ਼ਨ 'ਚ ਕਿਹਾ ਗਿਆ ਸੀ ਕਿ ਲੁਧਿਆਣਾ 'ਚ ਪੀ. ਐੱਨ. ਬੀ. ਦੀਆਂ 60 ਤੋਂ ਜ਼ਿਆਦਾ ਸ਼ਾਖਾਵਾਂ ਹਨ, ਜਿੱਥੇ ਕੈਸ਼ ਦੀ ਟਰਾਂਜੈਕਸ਼ਨ ਮੁੱਖ ਸ਼ਾਖਾ ਤੋਂ ਹੁੰਦੀ ਹੈ ਅਤੇ ਲੱਖਾਂ ਦੀ ਨਕਦੀ ਇਕ ਸਥਾਨ ਤੋਂ ਦੂਜੇ ਸਥਾਨ 'ਤੇ ਪਹੁੰਚਾਈ ਜਾਂਦੀ ਹੈ।
ਬੈਂਕ 'ਚ ਕਰੋੜਾਂ ਦਾ ਲੈਣ-ਦੇਣ ਹੁੰਦਾ ਹੈ ਅਤੇ ਕਾਫ਼ੀ ਮਾਤਰਾ 'ਚ ਕੈਸ਼ ਹੁੰਦਾ ਹੈ, ਅਜਿਹੀ ਸੂਰਤ 'ਚ ਜੇਕਰ 7 ਜਥੇਬੰਦੀਆਂ ਦੇ ਕਿਸਾਨ ਬੈਂਕ ਦਾ ਘਿਰਾਓ ਕਰਦੇ ਹਨ ਤਾਂ ਹਾਲਾਤ ਵਿਗੜ ਸਕਦੇ ਹਨ, ਜਿਸ 'ਚ ਮਾਲੀ ਨੁਕਸਾਨ ਦਾ ਵੀ ਸ਼ੱਕ ਹੈ, ਇਸ ਲਈ ਉਕਤ ਘਿਰਾਓ ਨੂੰ ਰੋਕਿਆ ਜਾਵੇ ਅਤੇ ਸਬੰਧਿਤ ਵਿਭਾਗਾਂ ਨੂੰ ਬੈਂਕ ਦੀ ਸੁਰੱਖਿਆ ਦੇ ਹੁਕਮ ਦਿੱਤੇ ਜਾਣ। ਕਿਸਾਨ ਯੂਨੀਅਨਾਂ ਵੱਲੋਂ 30 ਜਨਵਰੀ ਨੂੰ ਬੈਂਕ ਅਥਾਰਿਟੀ ਨੂੰ ਪੱਤਰ ਲਿਖ ਕੇ ਕਿਹਾ ਗਿਆ ਸੀ ਕਿ ਉਹ ਕਿਸਾਨਾਂ ਤੋਂ ਰਿਕਵਰੀ ਬੰਦ ਕਰੇ, ਉਨ੍ਹਾਂ ਨੂੰ ਭੇਜੇ ਗਏ ਨੋਟਿਸਾਂ ਨੂੰ ਵਾਪਸ ਲਵੇ ਅਤੇ ਜੋ ਸਕਿਓਰਿਟੀ ਦੇ ਰੂਪ 'ਚ ਚੈੱਕ ਲਏ ਜਾਂਦੇ ਹੈ, ਨੂੰ ਰਿਕਵਰੀ ਲਈ ਇਸਤੇਮਾਲ ਨਾ ਕੀਤਾ ਜਾਵੇ ਅਤੇ ਚੈੱਕ ਬਾਊਂਸ ਹੋਣ ਤੋਂ ਬਾਅਦ ਕਿਸਾਨਾਂ 'ਤੇ ਅਪਰਾਧਿਕ ਮਾਮਲੇ ਦਰਜ ਨਾ ਕੀਤੇ ਜਾਣ। ਉਕਤ ਸ਼ਰਤਾਂ ਨੂੰ ਨਾ ਮੰਨਣ ਦੀ ਸੂਰਤ 'ਚ ਕਿਸਾਨਾਂ ਨੇ ਬੈਂਕ ਦੇ ਘਿਰਾਓ ਦਾ ਐਲਾਨ ਕੀਤਾ ਸੀ।
ਸਿਹਰਾ ਕਤਲ ਕੇਸ: ਪੁਲਸ 'ਤੇ ਦੁਕਾਨਦਾਰ ਨਾਲ ਮਿਲੀਭੁਗਤ ਦੇ ਦੋਸ਼
NEXT STORY