ਚੰਡੀਗੜ੍ਹ (ਗੰਭੀਰ) : ਮੀਡੀਆ ਰਿਪੋਰਟਾਂ ’ਚ ਕਥਿਤ ਬੇਰਹਿਮੀ, ਅਣਗਹਿਲੀ ਤੇ ਲਾਸ਼ਾਂ ਦੇ ਗ਼ੈਰ-ਕਾਨੂੰਨੀ ਨਿਪਟਾਰੇ ਨੂੰ ਉਜਾਗਰ ਕਰਨ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਦੇ ਰਾਏਪੁਰ ਕਲਾਂ ਵਿਖੇ ਗਊਸ਼ਾਲਾ ’ਚ ਕਰੀਬ 50 ਪਸ਼ੂਆਂ ਦੀ ਕਥਿਤ ਮੌਤ ਦਾ ਖ਼ੁਦ ਨੋਟਿਸ ਲੈਣ ਤੋਂ ਬਾਅਦ ਵੀਰਵਾਰ ਨੂੰ ਨੋਟਿਸ ਜਾਰੀ ਕੀਤਾ ਹੈ। ਚੀਫ ਜਸਟਿਸ ਸ਼ੀਲ ਨਾਗੂ ਤੇ ਜਸਟਿਸ ਸੰਜੀਵ ਬੇਰੀ ਨੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਨੂੰ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਜਸਟਿਸ ਸੰਜੇ ਵਸ਼ਿਸ਼ਟ ਨੇ 16 ਜਨਵਰੀ ਨੂੰ ਸ਼ੁਰੂਆਤੀ ਹੁਕਮ ਪਾਸ ਕਰਦਿਆਂ ਕਿਹਾ ਸੀ ਕਿ ਲਗਭਗ ਸਾਰੇ ਖੇਤਰੀ ਅਖਬਾਰਾਂ ਨੇ ਪ੍ਰਮੁੱਖਤਾ ਨਾਲ ਇਹ ਖ਼ਬਰ ਛਾਪੀ ਸੀ ਕਿ ਚੰਡੀਗੜ੍ਹ ਦੇ ਮੱਖਣਮਾਜਰਾ ਵਿਖੇ ਸ਼ਵਦਾਹ ਪਲਾਂਟ ’ਚ ਕਈ ਗਾਵਾਂ ਦੀਆਂ ਲਾਸ਼ਾਂ ਮਿਲੀਆਂ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਰਾਏਪੁਰ ਕਲਾਂ ਗਊਸ਼ਾਲਾ ’ਚ ਲਗਭਗ 50 ਤੋਂ 60 ਪਸ਼ੂ ਭੇਤਭਰੇ ਹਾਲਾਤ ’ਚ ਮ੍ਰਿਤ ਪਾਏ ਗਏ। ਇਹ ਗਊਸ਼ਾਲਾ ਚੰਡੀਗੜ੍ਹ ਨਗਰ ਨਿਗਮ ਦੇ ਕੰਟਰੋਲ ਹੇਠ ਦੱਸੀ ਜਾਂਦੀ ਹੈ। ਇਕ ਰਿਪੋਰਟ ’ਚ ਦੋਸ਼ ਲਾਇਆ ਗਿਆ ਹੈ ਕਿ ਕਈ ਲਾਸ਼ਾਂ ਵਿਗੜੀ ਹੋਈ ਹਾਲਤ ’ਚ ਮਿਲੀਆਂ, ਜਿਨ੍ਹਾਂ ਦੀਆਂ ਅੱਖਾਂ, ਖੁਰ ਤੇ ਸਿੰਙ ਗਾਇਬ ਸਨ, ਜਿਸ ਨਾਲ ਸਾਜ਼ਿਸ਼ ਤੇ ਗ਼ੈਰ-ਕਾਨੂੰਨੀ ਤਸਕਰੀ ਦਾ ਸ਼ੱਕ ਪੈਦਾ ਹੁੰਦਾ ਹੈ। ਇਹ ਵੀ ਦੱਸਿਆ ਗਿਆ ਕਿ ਰਾਏਪੁਰ ਕਲਾਂ ’ਚ 12 ਸਤੰਬਰ 2025 ਨੂੰ 1.79 ਕਰੋੜ ਰੁਪਏ ਦੀ ਲਾਗਤ ਨਾਲ ਉਦਘਾਟਨ ਕੀਤਾ ਗਿਆ ਲਾਸ਼ ਨਿਪਟਾਰੇ ਦਾ ਪਲਾਂਟ ਪੰਜ ਸਾਲਾ ਸਾਲਾਨਾ ਰੱਖ-ਰਖਾਅ ਕੰਟ੍ਰੈਕਟ ਤਹਿਤ ਹੋਣ ਦੇ ਬਾਵਜੂਦ ਇਕ ਹਫ਼ਤੇ ਤੋਂ ਵੀ ਜ਼ਿਆਦਾ ਸਮੇਂ ਤੋਂ ਬੰਦ ਪਿਆ ਹੈ। ਦੋਸ਼ ਹੈ ਕਿ ਇਸ ਦੇ ਨਤੀਜੇ ਵਜੋਂ ਲਾਸ਼ਾਂ ਦਾ ਢੇਰ ਲੱਗ ਗਿਆ। ਮੀਡੀਆ ਨੇ ਗਊਸ਼ਾਲਾ ’ਚ ਰੱਖੇ ਗਏ ਪਸ਼ੂਆਂ ਦੀ ਤਰਸਯੋਗ ਹਾਲਤ ਦੀ ਵੀ ਰਿਪੋਰਟ ਕੀਤੀ।
9 ਮਾਰਚ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
ਅਦਾਲਤ ਨੇ ਰਾਏਪੁਰ ਕਲਾਂ, ਭਾਰਤ ਸਰਕਾਰ (ਸਿਹਤ ਮੰਤਰਾਲੇ ਅਤੇ ਵਾਤਾਵਰਨ ਮੰਤਰਾਲੇ ਦੇ ਸਕੱਤਰਾਂ ਜਰੀਏ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ (ਆਪਣੇ ਡਿਪਟੀ ਕਮਿਸ਼ਨਰ ਰਾਹੀਂ), ਚੰਡੀਗੜ੍ਹ ਨਗਰ ਨਿਗਮ (ਆਪਣੇ ਕਮਿਸ਼ਨਰ ਰਾਹੀਂ) ਨੂੰ ਨੋਟਿਸ ਜਾਰੀ ਕੀਤਾ। ਇਸ ਮਾਮਲੇ ਦੀ ਸੁਣਵਾਈ ਹੁਣ 9 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਵੇਰਕਾ ਮਿਲਕ ਪਲਾਂਟ 'ਚ ਵੱਡਾ ਘਪਲਾ, ਮੁਲਾਜ਼ਮ ਨੇ ਡਕਾਰੇ ਲੱਖਾਂ ਰੁਪਏ
NEXT STORY