ਖੰਨਾ/ਬੀਜਾ,(ਬਿਪਨ)- ਹਲਕਾ ਸਮਰਾਲਾ ਦੀਆਂ ਟੁੱਟੀਆਂ ਸੜਕਾਂ ਤੋਂ ਪ੍ਰੇਸ਼ਾਨ ਸਮਰਾਲਾ ਇਲਾਕੇ ਦੀਆਂ ਸਮੂਹਿਕ ਜਥੇਬੰਦੀਆਂ ਦੀ ਇੱਕ ਹੰਗਾਮੀ ਮੀਟਿੰਗ ਅੱਜ ਸਥਾਨਕ ਮੇਨ ਚੌਂਕ ਸਥਿਤ ਗੁਰਦੁਆਰਾ ਸਾਹਿਬ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਨੇ ਕਿਹਾ ਕਿ ਪਹਿਲਾਂ ਤਾਂ ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਸੰਘਰਸ਼ ਨੂੰ ਡਰਾਮਾ ਕਹਿ ਕੇ ਆਪਣਾ ਵਿਰੋਧੀ ਬਣਾਇਆ ਗਿਆ ਸੀ ਅਤੇ ਹੁਣ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਵਾਰ-ਵਾਰ ਮਿਲਣ ਲਈ ਕਹਿਣ ਦੇ ਬਾਵਜੂਦ ਵੀ ਟਾਲ-ਮਟੋਲ ਵਾਲਾ ਰਵੱਈਆ ਹੀ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਹੁਣ ਸਮਾਜਸੇਵੀ ਜਥੇਬੰਦੀਆਂ ਪ੍ਰਸ਼ਾਸਨ ਨੂੰ ਮਿਲਣ ਲਈ ਉਨ੍ਹਾਂ ਦੇ ਦਫ਼ਤਰ ਨਹੀਂ ਜਾਣਗੀਆਂ, ਸਗੋਂ ਹੁਣ ਸਾਰੀਆਂ ਜਥੇਬੰਦੀਆਂ ਇੱਕ ਮੰਚ 'ਤੇ ਇਕੱਠੀਆਂ ਹੋ ਕੇ ਸਮਰਾਲਾ ਦੇ ਮੇਨ ਚੌਕ ਨੂੰ ਘੇਰਨਗੀਆਂ, ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਖੁਦ ਪਹੁੰਚਣਗੇ ਅਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਇਸ ਸਬੰਧ 'ਚ ਸਮਰਾਲਾ ਇਲਾਕੇ ਦੀਆਂ ਸਮਾਜਿਕ, ਧਾਰਮਿਕ, ਸਪੋਰਟਸ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ 'ਚ 29 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਸਥਾਨਕ ਚੰਡੀਗੜ੍ਹ ਰੋਡ ਸਥਿਤ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਖੇ ਇਕੱਠੀਆਂ ਹੋਣਗੀਆਂ, ਜਿੱਥੋਂ ਉਹ ਵੱਖ-ਵੱਖ ਬਾਜ਼ਾਰਾਂ 'ਚੋਂ ਰੋਸ ਮਾਰਚ ਕਰਦੀਆਂ ਸਮਰਾਲਾ ਦੇ ਮੁੱਖ ਚੌਂਕ ਵਿਚ ਆ ਕੇ ਧਰਨੇ 'ਤੇ ਬੈਠ ਜਾਣਗੀਆਂ। ਉਨ੍ਹਾਂ ਦੱਸਿਆ ਕਿ ਲੁਧਿਆਣਾ-ਚੰਡੀਗੜ੍ਹ ਅਤੇ ਖੰਨਾ-ਨਵਾਂਸ਼ਹਿਰ ਮਾਰਗ ਨੂੰ ਮੁਕੰਮਲ ਰੂਪ 'ਚ ਬੰਦ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਜਾਵੇਗੀ ਅਤੇ ਵੱਖ-ਵੱਖ ਆਗੂਆਂ ਵੱਲੋਂ ਸੰਬੋਧਨ ਕਰਕੇ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੇ ਚਿੱਠੇ ਲੋਕਾਂ ਅੱਗੇ ਖੋਲ੍ਹੇ ਜਾਣਗੇ।
ਇਸ ਮੌਕੇ ਸੁਦੇਸ਼ ਸ਼ਰਮਾ, ਜਥੇ: ਅਮਰਜੀਤ ਸਿੰਘ ਬਾਲਿਓਂ, ਨਿਰਮਲ ਸਿੰਘ, ਰਾਜਵਿੰਦਰ ਸਮਰਾਲਾ, ਸੰਤੋਖ ਸਿੰਘ ਨਾਗਰਾ, ਪਰਮਜੀਤ ਸਿੰਘ ਖੜਕ ਵੱਲੋਂ ਵੀ ਸਰਕਾਰ ਵਿਰੁੱਧ ਆਪਣੀ ਭੜਾਸ ਕੱਢਦੇ ਹੋਏ ਕਿਹਾ ਗਿਆ ਕਿ ਬੇਸ਼ੱਕ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਵੀ ਸੜਕਾਂ ਦਾ ਇਹੀ ਹਾਲ ਸੀ, ਪ੍ਰੰਤੂ ਕਰੀਬ ਸਵਾ ਸਾਲ ਬੀਤ ਜਾਣ ਮਗਰੋਂ ਮੌਜੂਦਾ ਪੰਜਾਬ ਸਰਕਾਰ ਨੇ ਵੀ ਸੜਕਾਂ ਦੇ ਨਵੀਨੀਕਰਨ ਸਬੰਧੀ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਸੜਕਾਂ ਦੀ ਖਸਤਾ ਹਾਲਤ ਤੋਂ ਦੁਖੀ ਹਨ ਤਾਂ ਉਹ ਇਸ ਰੋਸ ਮਾਰਚ ਅਤੇ ਚੱਕਾ ਜਾਮ ਵਿਚ ਪਹੁੰਚ ਕੇ ਲੋਕ ਸੰਘਰਸ਼ ਦਾ ਹਿੱਸਾ ਬਣਨ।
ਲੋਕਾਂ ਨੂੰ ਬਦਲਵੇਂ ਰਸਤਿਆਂ ਤੋਂ ਆਉਣ ਦੀ ਅਪੀਲ
ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਨੇ ਕਿਹਾ ਕਿ ਸਾਡੀ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਕੋਈ ਵੀ ਮੰਸ਼ਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੜਕਾਂ ਦੀ ਮਾੜੀ ਦਸ਼ਾ ਸੁਧਾਰਨ ਲਈ ਅੱਜ ਕੀਤੇ ਜਾ ਰਹੇ ਰੋਸ ਮਾਰਚ ਅਤੇ ਚੱਕਾ ਜਾਮ ਕਾਰਨ ਲੁਧਿਆਣਾ-ਚੰਡੀਗੜ੍ਹ ਅਤੇ ਖੰਨਾ-ਨਵਾਂਸ਼ਹਿਰ ਮਾਰਗ ਮੁਕੰਮਲ ਰੂਪ 'ਚ ਬੰਦ ਰੱਖੇ ਜਾਣਗੇ। ਉਨ੍ਹਾਂ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਆਪਣੇ ਬਦਲਵਿਆਂ ਰਸਤਿਆਂ ਰਾਹੀਂ ਹੀ ਆਪਣੀ ਮੰਜ਼ਿਲ ਵੱਲ ਰਵਾਨਗੀ ਕਰਨ ਕਿਉਂਕਿ ਇਨ੍ਹਾਂ ਸੜਕਾਂ ਨੂੰ ਮੁਕੰਮਲ ਰੂਪ 'ਚ ਬੰਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਐਂਬੂਲੈਂਸਾਂ ਨੂੰ ਹੀ ਐਮਰਜੈਂਸੀ ਹਾਲਾਤਾਂ ਵਿਚ ਨਿਕਲਣ ਦਿੱਤਾ ਜਾਵੇਗਾ।
ਹੁਸ਼ਿਆਰਪੁਰ ਦੇ ਕਈ ਇਲਾਕਿਆਂ ਤੇ ਬਜ਼ਾਰਾਂ 'ਚ ਦੇਖਣ ਨੂੰ ਮਿਲਿਆ ਨਦੀਆਂ ਵਰਗਾ ਨਜ਼ਾਰਾ
NEXT STORY