ਚੰਡੀਗੜ੍ਹ, (ਸ਼ਰਮਾ)- ਪੰਜਾਬ ਸਰਕਾਰ ਨੇ ਸੂਬੇ ਦੇ ਮੈਡੀਕਲ ਕਾਲਜਾਂ ਦੀਆਂ ਫੀਸਾਂ ’ਚ ਲੋੜੀਂਦਾ ਵਾਧਾ ਕੀਤਾ ਹੈ। ਇਹ ਪ੍ਰਗਟਾਵਾ ਅੱਜ ਇੱਥੇ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ। ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਹਿਲਾਂ 2010 ਅਤੇ 2015 ’ਚ ਮੈਡੀਕਲ ਕਾਲਜਾਂ ਦੀਆਂ ਫੀਸਾਂ ’ਚ ਸੋਧ ਕੀਤੀ ਸੀ, ਜੋ ਕਿ ਹੁਣ ਕੀਤੇ ਵਾਧੇ ਤੋਂ ਬਹੁਤ ਜ਼ਿਆਦਾ ਸੀ। ਫੀਸ ਵਾਧੇ ਸਬੰਧੀ ਵਿਰੋਧੀ ਧਿਰਾਂ ਵਲੋਂ ਸਿਰਫ ਸਿਆਸੀ ਲਾਹਾ ਲੈਣ ਲਈ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ 2010 ’ਚ ਫੀਸਾਂ ’ਚ 98 ਫੀਸਦੀ ਅਤੇ 2015 ’ਚ 225 ਫੀਸਦੀ ਵਾਧਾ ਕੀਤਾ ਸੀ, ਜਦਕਿ ਮੌਜੂਦਾ ਸਰਕਾਰ ਨੇ ਸਿਰਫ 77 ਫੀਸਦੀ ਵਾਧਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਫੀਸਾਂ ’ਚ ਕੀਤਾ ਗਿਆ ਵਾਧਾ ਅਤਿ ਲੋੜੀਂਦਾ ਸੀ ਅਤੇ ਇਸ ਸਬੰਧੀ ਪੰਜਾਬ ਸਰਕਾਰ ਵਲੋਂ ਡਾਕਟਰ ਕੇ. ਕੇ. ਤਲਵਾਰ ਦੀ ਅਗਵਾਈ ਵਾਲੀ ਡਾਕਟਰੀ ਸਿੱਖਿਆ ਸਬੰਧੀ ਗਠਿਤ ਸਲਾਹਕਾਰ ਕਮੇਟੀ ਵਲੋਂ ਪੂਰੀ ਘੋਖ ਤੋਂ ਬਾਅਦ ਇਸ ਫੀਸ ਵਾਧੇ ਸਬੰਧੀ ਪੰਜਾਬ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਸੀ। ਇਸ ਤੋਂ ਇਲਾਵਾ ਸਰਕਾਰ ਦੇ ਵੀ ਧਿਆਨ ’ਚ ਆਇਆ ਸੀ ਕਿ ਵਧੀ ਹੋਈ ਮਹਿੰਗਾਈ ਕਾਰਨ ਸਰਕਾਰੀ ਮੈਡੀਕਲ ਕਾਲਜਾਂ ’ਤੇ ਵਿੱਤੀ ਬੋਝ ਦਿਨੋਂ-ਦਿਨ ਵਧ ਰਿਹਾ ਸੀ। ਉਨ੍ਹਾਂ ਕਿਹਾ ਇਕ ਡਾਕਟਰ ਬਣਾਉਣ ’ਤੇ ਸੂਬਾ ਸਰਕਾਰ ਦਾ ਘੱਟੋ-ਘੱਟ 13-14 ਲੱਖ ਰੁਪਏ ਸਾਲਾਨਾ ਖਰਚਾ ਹੋ ਜਾਂਦਾ ਹੈ। ਨਿੱਜੀ ਕਾਲਜਾਂ ’ਚ ਐੱਮ. ਬੀ. ਬੀ.ਐੱਸ. ਦੇ ਪੂਰੇ ਕੋਰਸ ਦੀ ਫੀਸ ਸਰਕਾਰੀ ਮੈਡੀਕਲ ਕਾਲਜਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੈ ਅਤੇ ਸਰਕਾਰ ਨੇ ਇਨ੍ਹਾਂ ਪ੍ਰਾਈਵੇਟ ਮੈਡੀਕਲ ਕਾਲਜਾਂ ਦੀਆਂ ਫੀਸਾਂ ’ਚ ਇਕਸਾਰਤਾ ਲਿਆਉਣ ਲਈ ਕਈ ਉਪਰਾਲੇ ਕੀਤੇ ਹਨ। ਸੋਨੀ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜਾਂ ’ਚ ਵਿਦਿਆਰਥੀ 1.50 ਲੱਖ ਰੁਪਏ ਸਾਲਾਨਾ ਫੀਸ ਦੇ ਕੇ ਕੁੱਲ 7.80 ਲੱਖ ਰੁਪਏ ’ਚ ਸਾਢੇ 4 ਸਾਲ ਦਾ ਕੋਰਸ ਮੁਕੰਮਲ ਕਰ ਲੈਣਗੇ।
ਉਨ੍ਹਾਂ ਦੱਸਿਆ ਕਿ ਨਿੱਜੀ ਮੈਡੀਕਲ ਕਾਲਜਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਤੋਂ ਪਹਿਲਾਂ ਐੱਮ.ਬੀ.ਬੀ.ਐੱਸ. ਦੇ ਪੂਰੇ ਕੋਰਸ ਦੀ ਫੀਸ ਪੰਜ ਸਾਲ ਦੀ ਲਈ ਜਾਂਦੀ ਸੀ, ਜਿਸ ਨੂੰ ਸਾਡੀ ਸਰਕਾਰ ਨੇ ਠੀਕ ਕਰਦਿਆਂ ਮੈਡੀਕਲ ਕਾਲਜਾਂ ਨੂੰ ਪਾਬੰਦ ਕੀਤਾ ਕਿ ਉਹ ਸਿਰਫ ਸਾਢੇ 4 ਸਾਲ ਦੀ ਹੀ ਫੀਸ ਲੈਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਗਰੀਬ ਵਿਦਿਆਰਥੀਆਂ ਲਈ ਸਿੱਖਿਆ ਹਾਸਲ ਕਰਨ ਨੂੰ ਯਕੀਨੀ ਬਣਾਉਣ ਲਈ ਐੱਸ. ਸੀ. ਸਕਾਲਰਸ਼ਿਪ ਸਕੀਮ ਚਲਾਈ ਜਾ ਰਹੀ ਹੈ, ਜਿਸ ਨਾਲ ਗਰੀਬ ਵਿਦਿਆਰਥੀ ਭਵਿੱਖ ’ਚ ਡਾਕਟਰ ਬਣਨ ਦਾ ਆਪਣਾ ਸੁਪਨਾ ਸਾਕਾਰ ਕਰ ਸਕਦੇ ਹਨ। ਮੌਜੂਦਾ ਸਮੇਂ ਸੂਬੇ ’ਚ 3 ਸਰਕਾਰੀ ਮੈਡੀਕਲ ਕਾਲਜ ਚੱਲ ਰਹੇ ਹਨ ਅਤੇ 2 ਸਾਲਾਂ ’ਚ 3 ਹੋਰ ਨਵੇਂ ਮੈਡੀਕਲ ਕਾਲਜ ਮੋਹਾਲੀ, ਹੁਸ਼ਿਆਰਪੁਰ ਅਤੇ ਕਪੂਰਥਲਾ ’ਚ ਸ਼ੁਰੂ ਹੋ ਜਾਣਗੇ। ਵਧੀਆਂ ਫੀਸਾਂ ਨਵੇਂ ਸੈਸ਼ਨ ਤੋਂ ਲਾਗੂ ਹੋਣਗੀਆਂ ਅਤੇ ਪਹਿਲਾਂ ਤੋਂ ਡਾਕਟਰੀ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ’ਤੇ ਇਸ ਫੀਸ ਵਾਧੇ ਦਾ ਕੋਈ ਅਸਰ ਨਹੀਂ ਹੋਵੇਗਾ।
‘ਨੀਟ’ ਅਤੇ ‘ਜੇ. ਈ. ਈ.’ ਦੇ ਪ੍ਰੀਖਿਆ ਕੇਂਦਰਾਂ ’ਚ ਲਾਗੂ ਹੋਵੇਗਾ 2 ਗਜ਼ ਦੀ ਦੂਰੀ ਦਾ ਫਾਰਮੂਲਾ
NEXT STORY