ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ)-ਪਿਛਲੇ ਦਿਨੀਂ ਹਲਕਾ ਸਾਹਨੇਵਾਲ ਦੇ ਪਿੰਡ ਚੂਹੜਵਾਲ ਤੋਂ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਰਮਨਦੀਪ ਸਿੰਘ ਦੇ ਘਰ ਜਿਥੇ ਸੁੰਨਸਾਨ ਪਈ ਹੋਈ ਹੈ, ਉਥੇ ਹੀ ਸਾਰੇ ਪਿੰਡ ਵਿਚ ਹੀ ਖਾਮੋਸ਼ੀ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਰਮਨਦੀਪ ਸਿੰਘ ਦੇ ਮਾਪਿਆਂ ਵਲੋਂ ਜਿਥੇ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਪੁੱਤਰ ਕਿਸੇ ਦਾ ਕਤਲ ਨਹੀਂ ਕਰ ਸਕਦਾ, ਉਥੇ ਹੀ ਪਿੰਡ ਦੇ ਲੋਕ ਵੀ ਇਹ ਮੁੱਢੋਂ ਨਕਾਰ ਰਹੇ ਹਨ ਕਿ ਉਹ ਕਤਲ ਵਰਗੇ ਘਿਨੌਣੇ ਜੁਰਮ ਕਰ ਸਕਦਾ ਹੈ।

ਅੱਜ ਮਾਂਗਟ ਬਲਾਕ 'ਚ ਪੈਂਦੇ ਪਿੰਡ ਚੂਹੜਵਾਲ ਜਾ ਕੇ ਰਮਨਦੀਪ ਦੇ ਪਿਤਾ ਗੁਰਦੇਵ ਸਿੰਘ ਤੇ ਮਾਤਾ ਗੁਰਨਾਮ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਬੜੇ ਦੁਖੀ ਮਨ ਨਾਲ ਦੱਸਿਆ ਕਿ ਲੰਘੀ 7 ਨਵੰਬਰ ਨੂੰ ਉਹ ਦੋਵੇਂ ਆਪਣੀ ਵਿਆਹੀ ਹੋਈ ਧੀ ਦੇ ਬੀਮਾਰ ਹੋਣ ਕਾਰਨ ਮਿਹਰਬਾਨ ਹਸਪਤਾਲ ਵਿਚ ਉਸਦੀ ਖ਼ਬਰ ਲੈਣ ਗਏ ਹੋਏ ਸੀ ਤੇ ਘਰ ਵਿਚ ਸਿਰਫ ਰਮਨਦੀਪ ਸਿੰਘ ਤੇ ਉਸਦੀ ਵੱਡੀ ਭਰਜਾਈ ਸਰਬਜੀਤ ਕੌਰ ਹੀ ਸਨ। ਉਨ੍ਹਾਂ ਦੱਸਿਆ ਕਿ ਰਮਨਦੀਪ ਸਿੰਘ ਦਾ ਵੱਡਾ ਭਰਾ ਗੁਰਸੇਵਕ ਸਿੰਘ ਮਿਹਰਬਾਨ ਨੇੜੇ ਹੀ ਕਿਸੇ ਫੈਕਟਰੀ 'ਚ ਕੰਮ ਕਰਦਾ ਹੈ, ਜਦਕਿ ਰਮਨਦੀਪ ਲੁਧਿਆਣਾ ਦੇ ਕਾਰ ਬਾਜ਼ਾਰ ਵਿਚ ਸਿਲਾਈ-ਕਢਾਈ ਦੀਆਂ ਮਸ਼ੀਨਾਂ ਦੀ ਮੁਰੰਮਤ ਦਾ ਕੰਮ ਕਰਦਾ ਹੈ। ਇਸ ਤੋਂ ਛੋਟਾ ਅਜਮੇਰ ਸਿੰਘ ਪ੍ਰਾਈਵੇਟ ਤੌਰ 'ਤੇ ਬਿਜਲੀ ਵਿਭਾਗ 'ਚ ਲੱਗਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਦਿਨ 1.30 ਵਜੇ 3-4 ਗੱਡੀਆਂ 'ਚ 35-40 ਵਿਅਕਤੀ ਸਿਵਲ ਵਰਦੀ 'ਚ ਆਏ ਤੇ ਆਉਂਦਿਆਂ ਹੀ ਰਮਨਦੀਪ ਨਾਲ ਮਾਮੂਲੀ ਗੱਲਬਾਤ ਕੀਤੀ ਤੇ ਫਿਰ ਉਸ ਦੀਆਂ ਪਿੱਛੇ ਬਾਹਾਂ ਬੰਨ੍ਹ ਕੇ ਉਸ ਨੂੰ ਗੱਡੀ ਵਿਚ ਸੁੱਟ ਲਿਆ ਤੇ ਨਾਲ ਲੈ ਗਏ। ਬਾਕੀ ਕੁਝ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਕੋਈ ਵੀ ਇਤਰਾਜ਼ਯੋਗ ਸਾਮਾਨ ਨਹੀਂ ਮਿਲਿਆ ਪਰ ਫਿਰ ਵੀ ਉਹ ਸਾਡੇ ਘਰ 'ਚ ਲੱਗੀ ਆਟਾ ਚੱਕੀ ਦੀਆਂ ਚਾਬੀਆਂ ਤੇ ਇਥ ਪੁਰਾਣਾ ਲੈਪਟਾਪ ਤੇ ਕੁਝ ਕੁ ਮਹੀਨੇ ਪਹਿਲਾਂ ਖਰੀਦੀ ਪੁਰਾਣੀ ਇਨੋਵਾ ਗੱਡੀ ਨਾਲ ਲੈ ਗਏ। ਉਹ ਰਮਨਦੀਪ ਦੇ ਵੱਡੇ ਭਰਾ ਗੁਰਸੇਵਕ ਸਿੰਘ ਨੂੰ ਰਸਤੇ 'ਚੋਂ ਗ੍ਰਿਫਤਾਰ ਕਰਕੇ ਲੈ ਗਏ। ਰਮਨਦੀਪ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਬਾਅਦ 'ਚ ਪੈਂਦੇ ਥਾਣੇ ਮਿਹਰਬਾਨ ਵਿਖੇ ਉਨ੍ਹਾਂ ਦੇ ਪੁੱਤਰਾਂ ਦੀ ਗ੍ਰਿਫਤਾਰੀ ਸਬੰਧੀ ਪਤਾ ਕਰਨ ਗਏ ਤਾਂ ਪੁਲਸ ਨੇ ਵੀ ਕੋਈ ਸਪੱਸ਼ਟ ਜਾਣਕਾਰੀ ਨਾ ਦਿੱਤੀ। ਪੀੜਤ ਮਾਪਿਆਂ ਨੇ ਭਰੇ ਮਨ ਨਾਲ ਕਿਹਾ ਕਿ ਸਾਡੇ ਦੋਵੇਂ ਪੁੱਤਰਾਂ 'ਤੇ ਪੁਲਸ ਵਲੋਂ ਅਣਮਨੁੱਖੀ ਤਸ਼ੱਦਦ ਢਾਹਿਆ ਜਾ ਰਿਹਾ ਹੈ, ਜਦਕਿ ਉਨ੍ਹਾਂ ਦੇ ਪੁੱਤਰ ਅਜਿਹੇ ਕੰਮਾਂ 'ਚ ਸ਼ਾਮਲ ਨਹੀਂ ਹਨ। ਉਨ੍ਹਾਂ ਕਿਹਾ ਕਿ ਰਮਨਦੀਪ ਸਿੰਘ ਸਾਰੇ ਪਿੰਡ 'ਚ ਹੀ ਹਰਮਨ ਪਿਆਰਾ ਨੌਜਵਾਨ ਹੈ ਤੇ ਹਰੇਕ ਦੇ ਦੁੱਖ-ਸੁੱਖ 'ਚ ਅੱਗੇ ਹੋ ਕੇ ਖੜ੍ਹਦਾ ਹੈ ਤੇ ਧਾਰਮਿਕ ਕੰਮਾਕਾਰਾਂ 'ਚ ਹਿੱਸਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਰਮਨਦੀਪ ਸਿੰਘ ਬਾਰੇ ਉਨ੍ਹਾਂ ਨੂੰ ਅਖ਼ਬਾਰ ਵਿਚ ਪੜ੍ਹ ਕੇ ਪਤਾ ਲੱਗਾ ਹੈ ਕਿ ਉਸ ਨੇ ਕਈ ਹਿੰਦੂ ਆਗੂਆਂ ਦਾ ਕਤਲ ਕੀਤਾ ਹੈ ਤੇ ਇਸ ਤੋਂ ਇਲਾਵਾ ਸਿਰਸੇ ਵਾਲੇ ਡੇਰੇ ਨਾਲ ਸਬੰਧਤ ਦੋ ਪ੍ਰੇਮੀ ਪਿਉ-ਪੁੱਤਰ ਤੇ ਇਕ ਪਾਦਰੀ ਦੇ ਕਤਲ ਦਾ ਵੀ ਨਾਂ ਉਸ ਨਾਲ ਜੋੜਿਆ ਜਾ ਰਿਹਾ ਹੈ।
ਇਸ ਸਬੰਧੀ ਜਦੋਂ ਪੱਤਰਕਾਰਾਂ ਵਲੋਂ ਪਿੰਡ ਦੇ ਕੁਝ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੇ ਚਿਹਰਿਆਂ 'ਤੇ ਸਹਿਮ ਸਾਫ ਨਜ਼ਰ ਆ ਰਿਹਾ ਸੀ। ਉਨ੍ਹਾਂ ਆਪਣਾ ਨਾਂ ਨਾ ਛਾਪਣ ਦੀ ਸੂਰਤ 'ਚ ਦੱਸਿਆ ਕਿ ਵਿਸ਼ਵਾਸ ਨਹੀਂ ਹੁੰਦਾ ਕਿ ਰਮਨਦੀਪ ਸਿੰਘ ਅਜਿਹੀਆਂ ਕਤਲ ਦੀਆਂ ਘਟਨਾਵਾਂ ਵਿਚ ਸ਼ਾਮਲ ਹੋ ਸਕਦਾ ਹੈ ਕਿਉਂਕਿ ਉਹ ਇਕ ਸਾਧਾਰਨ ਨੌਜਵਾਨ ਹੈ, 10 ਜਮਾਤਾਂ ਪਿੰਡ ਦੇ ਸਕੂਲ 'ਚ ਪੜ੍ਹਿਆ ਹੋਇਆ ਹੈ ਤੇ ਸਿਲਾਈ-ਕਢਾਈ ਦੀਆਂ ਮਸ਼ੀਨਾਂ ਮੁਰੰਮਤ ਕਰਨ ਦਾ ਕੰਮ ਕਰਦਾ ਹੈ।
ਰਮਨਦੀਪ ਸਿੰਘ ਬਾਰੇ ਉਸਦੇ ਮਾਪਿਆਂ ਤੇ ਨਗਰ ਨਿਵਾਸੀਆਂ ਵਲੋਂ ਤਾਂ ਉਸਦੇ ਪੱਖ 'ਚ ਗੱਲ ਕੀਤੀ ਜਾ ਰਹੀ ਹੈ ਪਰ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਚਾਈ ਕੀ ਹੈ।
ਧਾਰਾ-144 ਦੀ ਉਲੰਘਣਾ ਦੇ ਕੇਸ 'ਚ ਸੰਸਦ ਮੈਂਬਰ ਬਿੱਟੂ ਨੇ ਅਦਾਲਤ ਨੂੰ ਸੌਂਪਿਆ ਐਫੀਡੇਵਿਟ
NEXT STORY