ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਬੇਸ਼ਕ ਕੌਮੀ ਤਿਉਹਾਰ ਹੋਲਾ-ਮਹੱਲਾ ਮੇਲੇ ਦਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹਿਲਾ ਪੜਾਅ ਸਮਾਪਤ ਹੋ ਗਿਆ ਹੈ ਅਤੇ ਤਿੰਨ ਦਿਨ ਲਗਾਤਾਰ ਮੀਂਹ ਪੈਣ ਕਾਰਨ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਘੱਟ ਰਹੀ। ਪਰ ਮੇਲੇ ਦੇ ਚੌਥੇ ਦਿਨ ਮੌਸਮ ਸਾਫ ਹੋਣ ਅਤੇ ਧੁੱਪ ਚੜ੍ਹਨ ਕਾਰਨ ਬੀਤੀ ਸ਼ਾਮ ਤੋਂ ਹੀ ਸੰਗਤਾਂ ਦੀ ਆਮਦ 'ਚ ਕਾਫੀ ਵਾਧਾ ਦੇਖਿਆ ਗਿਆ।
ਪੰਜਵੇਂ ਦਿਨ ਵੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੰਗਤਾਂ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ, ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਮੇਲੇ ਦੌਰਾਨ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਪ੍ਰਬੰਧ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ ਅਤੇ ਜੋ ਪਾਬੰਦੀਆਂ ਲਾਈਆਂ ਗਈਆਂ ਸਨ ਉਨ੍ਹਾਂ ਦੀ ਫੂਕ ਨਿਕਲ ਗਈ। ਮੇਲੇ ਦੇ ਪੰਜਵੇਂ ਦਿਨ ਸੰਗਤਾਂ ਕਾਫੀ ਤਾਦਾਦ 'ਚ ਪੁੱਜੀਆਂ ਹੋਈਆਂ ਸਨ। ਜਿਸ ਕਾਰਨ ਸੰਗਤ ਦੇ ਵਾਹਨਾਂ ਲਈ ਬਣਾਈਆਂ ਪਾਰਕਿੰਗਾਂ 'ਚ ਜਗ੍ਹਾ ਘਟਦੀ ਵੇਖੀ ਗਈ।
ਸਾਮਾਨ ਵਿੱਕਣ ਕਾਰਨ ਦੁਕਾਨਦਾਰ ਹੋਏ ਖੁਸ਼
ਮੇਲੇ ਦੇ ਪਹਿਲੇ ਤਿੰਨ ਦਿਨ ਜਿਹੜੇ ਦੁਕਾਨਦਾਰ ਸਾਮਾਨ ਨਾ ਵਿਕਣ ਕਾਰਨ ਵਿਹਲੇ ਬੈਠੇ ਸਨ, ਸੰਗਤ ਦੀ ਆਮਦ ਵਧਣ ਕਾਰਨ ਉਨ੍ਹਾਂ ਦਾ ਸਾਮਾਨ ਵਿਕਣ ਕਾਰਣ ਉਹ ਵੀ ਖੁਸ਼ ਨਜ਼ਰ ਆ ਰਹੇ ਸਨ। ਤੇਜ਼ ਧੁੱਪ ਹੋਣ ਕਾਰਨ ਕੋਲਡ ਡਰਿੰਕ ਰੱਖ ਕੇ ਬੈਠੇ ਦੁਕਾਨਦਾਰਾਂ ਦਾ ਠੰਡਾ ਵੀ ਵਿਕਣ ਲੱਗ ਪਿਆ।
ਮੰਗਤਿਆਂ ਦੀ ਭਰਮਾਰ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲੇ 'ਚ ਮੰਗਤਿਆਂ ਦੇ ਸ਼ਾਮਲ ਹੋਣ 'ਤੇ ਪ੍ਰਸ਼ਾਸਨ ਨੇ ਮੁਕੰਮਲ ਪਾਬੰਦੀ ਲਾਈ ਹੋਈ ਸੀ। ਇਸ ਦੇ ਬਾਵਜੂਦ ਮੰਗਤੇ ਵੱਖ-ਵੱਖ ਥਾਵਾਂ ਉਪਰ ਭੀਖ ਮੰਗ ਕੇ ਸੰਗਤ ਨੂੰ ਤੰਗ-ਪ੍ਰੇਸ਼ਾਨ ਕਰਦੇ ਵੇਖੇ ਗਏ। ਮੰਗਤਿਆਂ 'ਚ ਖਾਸ ਕਰਕੇ ਔਰਤਾਂ ਅਤੇ ਕੁੜੀਆਂ ਸੰਗਤ ਦਾ ਉਦੋਂ ਤੱਕ ਖਹਿੜਾ ਨਹੀਂ ਛੱਡਦੀਆਂ ਜਦੋਂ ਤੱਕ ਸੰਗਤ ਉਨ੍ਹਾਂ ਨੂੰ ਦਾਨ ਨਹੀਂ ਦਿੰਦੇ।
ਮੋਟਰਸਾਈਕਲ ਦੇ ਪਟਾਕੇ ਵੱਜਣੇ ਜਾਰੀ
ਮੇਲੇ 'ਚ ਸ਼ਾਮਲ ਨੌਜਵਾਨਾਂ ਵੱਲੋਂ ਆਪਣੇ ਮੋਟਰਸਾਈਕਲਾਂ 'ਤੇ ਪਟਾਕੇ ਵਜਾ ਕੇ ਸੰਗਤ ਨੂੰ ਕਾਫੀ ਤੰਗ-ਪ੍ਰੇਸ਼ਾਨ ਕੀਤਾ। ਥਾਂ-ਥਾਂ 'ਤੇ ਪੰਜਾਬ ਪੁਲਸ ਅਤੇ ਟ੍ਰੈਫ਼ਿਕ ਪੁਲਸ ਤਾਇਨਾਤ ਹੋਣ ਦੇ ਬਾਵਜੂਦ ਉਕਤ ਨੌਜਵਾਨਾਂ ਨੇ ਇਨ੍ਹਾਂ ਦੀ ਪ੍ਰਵਾਹ ਨਹੀਂ ਕੀਤੀ। ਪਟਾਕੇ ਵਜਾਉਣ 'ਤੇ ਪ੍ਰਸ਼ਾਸਨ ਨੇ ਪਾਬੰਦੀ ਲਾਈ ਹੋਈ ਸੀ, ਪਰ ਇਸਦੇ ਬਾਵਜੂਦ ਸੜਕਾਂ 'ਤੇ ਉਕਤ ਮੋਟਰਸਾਈਕਲ ਮੇਲੇ ਏਰੀਏ 'ਚ ਦੌੜਦੇ ਆਮ ਵੇਖੇ ਗਏ।
ਸੜਕਾਂ 'ਤੇ ਲੱਗਿਆ ਰਿਹਾ ਜਾਮ
ਮੇਲੇ ਵਿਚ ਪਾਰਕਿੰਗ ਦੀ ਘਾਟ ਕਾਰਨ ਸੰਗਤਾਂ ਨੇ ਆਪਣੇ ਵਾਹਨ ਸੜਕ ਦੀਆਂ ਸਾਈਡਾਂ 'ਤੇ ਖੜ੍ਹੇ ਕੀਤੇ। ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਹੇਠਲੇ ਪਾਸੇ ਕੌਮੀ ਮਾਰਗ ਪਿੰਡ ਕਲਿਆਣਪੁਰ ਨਜ਼ਦੀਕ ਰੋਜ਼ਾਨਾ ਜਾਮ ਵਾਲੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ।
ਥਾਣੇ ਤੋਂ ਸਿਰਫ 3 ਕਿਲੋਮੀਟਰ ਦੂਰੀ ’ਤੇ ਚੱਲ ਰਹੀ ਹੈ ਨਾਜਾਇਜ਼ ਮਾਈਨਿੰਗ, ਪੁਲਸ ਬੇਖਬਰ
NEXT STORY