ਸ੍ਰੀ ਕੀਰਤਪੁਰ ਸਾਹਿਬ (ਬਾਲੀ) - ਖਾਲਸਾਈ ਸ਼ਾਨ ਤੇ ਆਨ ਦਾ ਪ੍ਰਤੀਕ ਸਾਲਾਨਾ ਕੌਮੀ ਤਿਉਹਾਰ ਹੋਲਾ ਮਹੱਲਾ ਮੇਲੇ ਉਥੇ ਸ੍ਰੀ ਕੀਰਤਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ। ਇਸ ਦਾ ਪਹਿਲਾ ਪੜਾਅ ਅੱਜ ਸ੍ਰੀ ਕੀਰਤਪੁਰ ਸਾਹਿਬ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਦੇ ਨਾਲ ਬੋਲੇ ਸੋ ਨਿਹਾਲ -ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਆਰੰਭ ਹੋ ਗਿਆ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਅਰਦਾਸ ਕਰਦੇ ਹੋਏ ਮੇਲੇ ਦੀ ਚੜ੍ਹਦੀ ਕਲਾ ਤੇ ਸੁਖ-ਸ਼ਾਂਤੀ ਦੀ ਕਾਮਨਾ ਕੀਤੀ ਗਈ।
ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਹੋਲਾ ਮਹੱਲਾ ਮੇਲੇ ਦੇ ਇਤਿਹਾਸ 'ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਦਸਮ ਪਾਤਸ਼ਾਹ ਸਾਹਿਬ ਸੀ੍ਰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਨੂੰ ਵੱਖਰੀ ਪਹਿਚਾਣ ਦੇਣ ਅਤੇ ਜਬਰ-ਜ਼ੁਲਮ ਦੇ ਖ਼ਿਲਾਫ਼ ਲੜਨ ਲਈ ਸੰਨ 1699 ਈ. ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਅਤੇ ਸਿੰਘਾਂ 'ਚ ਬੀਰ ਰਸ ਪੈਦਾ ਕਰਨ ਲਈ, ਜ਼ੁਲਮ ਦਾ ਨਾਸ਼ ਕਰਨ ਲਈ ਹੋਲੀ ਦੇ ਤਿਉਹਾਰ ਤੋਂ ਵੱਖਰੀ ਪਹਿਚਾਣ ਦੇਣ ਲਈ ਸੰਨ 1701 ਈ. ਵਿਚ ਹੋਲਾ ਮਹੱਲਾ ਮੇਲੇ ਦੀ ਸ਼ੁਰੂਆਤ ਕਰਦੇ ਹੋਏ ਸਿੰਘਾਂ ਨੂੰ ਯੁੱਧ ਕਲਾ ਵਿਚ ਨਿਪੁੰਨ ਕਰਨ ਲਈ ਸ਼ਾਸਤਰਬਾਜ਼ੀ, ਘੋੜਸਵਾਰੀ, ਨੇਜ਼ੇਬਾਜ਼ੀ ਆਦਿ ਦੇ ਮੁਕਾਬਲੇ ਸ਼ੁਰੂ ਕਰਵਾਏ। ਅੰਦਾਜ਼ੇ ਦੇ ਮੁਤਾਬਕ ਪਹਿਲੇ ਦਿਨ ਇਥੇ ਸਾਰੇ ਗੁਰੂ ਘਰਾਂ 'ਚ ਲਗਭਗ 50 ਹਜ਼ਾਰ ਲੋਕ ਨਤਮਸਤਕ ਹੋਏ। ਉਸੇ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਸਿੰਘਾਂ ਵੱਲੋਂ ਹਰ ਸਾਲ ਛੇ ਰੋਜ਼ਾ ਹੋਲਾ ਮਹੱਲਾ ਮੇਲਾ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਮੇਲੇ 'ਚ ਵੱਧ ਚੜ੍ਹ ਕਿ ਹਿੱਸਾ ਲੈ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਉਨਾਂ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਮੇਲੇ ਵਿਚ ਹੁੱਲੜਬਾਜ਼ੀ ਕਰਨ ਦੀ ਬਜਾਏ ਇਕ ਗੁਰੂ ਦੇ ਸੱਚੇ ਸਿੱਖ ਦੀ ਤਰਾਂ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੇਨੈਜਰ ਰਣਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੇਲੇ ਦੌਰਾਨ ਆਉਣ ਵਾਲੀ ਸੰਗਤ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਦੱਸਿਆ ਕਿ ਹੋਲਾ ਮਹੱਲਾ ਮੇਲੇ ਦਾ ਪਹਿਲਾ ਪੜਾਅ 25 ਫਰਵਰੀ ਤੋਂ 27 ਫਰਵਰੀ ਤੱਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਚੱਲੇਗਾ। ਗੁ. ਪਤਾਲਪੁਰੀ ਸਾਹਿਬ ਵਿਖੇ ਅਰੰਭ ਹੋਏ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਦੇ ਭੋਗ 27 ਫਰਵਰੀ ਨੂੰ ਪਾਏ ਜਾਣਗੇ। 28 ਫਰਵਰੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੀ ਅਰੰਭਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੇਲਾ ਦਾ ਦੂਸਰਾ ਪੜਾਅ ਸ਼ੁਰੂ ਹੋਵੇਗਾ ਜੋ 2 ਮਾਰਚ ਤੱਕ ਚੱਲੇਗਾ। ਇਨਾਂ ਦੱਸਿਆ ਕਿ ਸ੍ਰੀ ਕੀਰਤਪੁਰ ਸਾਹਿਬ ਮੇਲੇ ਦੌਰਾਨ ਗੁ. ਪਤਾਲਪੁਰੀ ਸਾਹਿਬ, ਗੁ. ਚਰਨ ਕੰਵਲ ਸਾਹਿਬ ਵਿਖੇ ਧਾਰਮਿਕ ਦੀਵਾਨ ਅੱਜ ਤੋਂ ਸ਼ੁਰੂ ਹੋ ਜਾਣਗੇ ਜੋ 1 ਮਾਰਚ ਸਵੇਰ ਤੱਕ ਚੱਲਣਗੇ।
ਅੱਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਮੇਲੇ ਦੇ ਪਹਿਲੇ ਦਿਨ ਹਜ਼ਾਰਾਂ ਦੀ ਤਦਾਦ ਵਿਚ ਸੰਗਤਾਂ ਨੇ ਗੁ. ਬਾਬਾ ਗੁਰਦਿੱਤਾ ਜੀ, ਦਰਗਾਹ ਬਾਬਾ ਬੁੱਢਣ ਸ਼ਾਹ ਜੀ, ਗੁ. ਪਤਾਲਪੁਰੀ ਸਾਹਿਬ, ਡੇਰਾ ਬਾਬਾ ਸ੍ਰੀ ਚੰਦ ਜੀ, ਗੁ. ਸੀਸ ਮਹਿਲ ਸਾਹਿਬ, ਗੁ. ਬਿਬਾਣਗੜ੍ਹ ਸਾਹਿਬ ਜੀ, ਗੁ. ਚਰਨ ਕੰਵਲ ਸਾਹਿਬ ਆਦਿ ਧਾਰਮਿਕ ਅਸਥਾਨਾਂ ਤੇ ਮੱਥਾ ਟੇਕਿਆ। ਸੰਗਤਾਂ ਰਾਤ ਨੂੰ ਹੀ ਆਪਣੇ ਵਾਹਨਾਂ ਟਰੈਕਟਰ ਟਰਾਲੀਆਂ, ਗੱਡੀਆਂ, ਕਾਰਾਂ, ਮੋਟਰ ਸਾਈਕਲਾਂ ਅਤੇ ਬੱਸਾਂ ਰਾਹੀਂ ਸ੍ਰੀ ਕੀਰਤਪੁਰ ਸਾਹਿਬ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ। ਸੰਗਤਾਂ ਨੇ ਗੁ. ਪਤਾਲਪੁਰੀ ਸਾਹਿਬ ਦੇ ਸਰੋਵਰ ਅਤੇ ਅਸਥਘਾਟ ਵਿਚ ਇਸ਼ਨਾਨ ਵੀ ਕੀਤਾ। ਸੰਗਤਾਂ ਆਪਣੇ ਵੱਡੇ ਵਾਹਨਾਂ ਨੂੰ ਪਾਰਕਿੰਗਾਂ ਵਿਚ ਖੜਾ ਕਰਕੇ ਪੈਦਲ ਹੀ ਲਿੰਕ ਸੜਕਾਂ ਰਾਹੀਂ ਗੁਰਦੁਆਰਿਆਂ ਨੂੰ ਮੱਥਾ ਟੇਕਣ ਲਈ ਜਾ ਰਹੀਆਂ ਹਨ।
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਗੁ. ਬਾਬਾ ਗੁਰਦਿੱਤਾ ਜੀ ਵਿਖੇ ਵੀ ਮੇਲੇ ਦੀ ਆਰੰਭਤਾ ਮੌਕੇ ਅਰਦਾਸ ਕੀਤੀ ਗਈ।ਮੇਲੇ ਦੀ ਸ਼ੁਰੂਆਤ ਮੌਕੇ ਦਰਗਾਹ ਬਾਬਾ ਬੁੱਢਣ ਸ਼ਾਹ ਜੀ ਵਿਖੇ ਵੀ ਮਹੰਤ ਮੋਹਤਮਿਮ ਬਾਬਾ ਦਿਲਬਾਗ ਸ਼ਾਹ ਦੀ ਅਗਵਾਈ ਹੇਠ ਸਮੂਹ ਪੁਜਾਰੀਆਂ ਨੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕਰਦੇ ਹੋਏ ਮੇਲੇ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਰਣਜੀਤ ਸਿੰਘ ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਮਰਜੀਤ ਸਿੰਘ ਮੀਤ ਮੈਨੇਜਰ, ਭਗਵੰਤ ਸਿੰਘ ਐਡੀਸ਼ਨਲ ਮੈਨੇਜਰ, ਸਤਨਾਮ ਸਿੰਘ ਰਿਆੜ, ਬਲਵਿੰਦਰ ਸਿੰਘ ਮੀਤ ਮੈਨੇਜਰ ਬਾਬਾ ਗੁਰਦਿੱਤਾ ਜੀ, ਜਸਵਿੰਦਰ ਸਿੰਘ ਮੀਰਪੁਰ, ਮਨਿੰਦਰ ਸਿੰਘ ਸਾਹਿਬ, ਹਰਦੇਵ ਸਿੰਘ, ਗਗਨਦੀਪ ਸਿੰਘ, ਬਾਬਾ ਲੱਖਾ ਸਿੰਘ, ਤਜਿੰਦਰ ਸਿੰਘ ਪੱਪੂ, ਸੁਰਿੰਦਰ ਸਿੰਘ ਭਿੰਦਰ ਆਦਿ ਸਮੇਤ ਭਾਰੀ ਤਦਾਦ ਵਿਚ ਸੰਗਤਾਂ ਹਾਜ਼ਰ ਸਨ।
ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)-ਖਾਲਸੇ ਦੀ ਜਨਮ-ਭੂਮੀ 'ਤੇ ਮਨਾਏ ਜਾ ਰਹੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ-ਮਹੱਲਾ ਦੀ ਰਸਮੀ ਸ਼ੁਰੂਆਤ ਸ਼ਨੀਵਾਰ ਦੇਰ ਰਾਤ 12 ਵਜੇ ਇਤਿਹਾਸਕ ਗੁ. ਕਿਲਾ ਅਨੰਦਗੜ੍ਹ ਸਾਹਿਬ ਵਿਖੇ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਵੱਲੋਂ ਅਰਦਾਸ ਕਰਨ ਉਪਰੰਤ 10 ਪੁਰਾਤਨ ਨਗਾਰੇ ਵਜਾ ਕੇ ਕੀਤੀ ਗਈ। ਬੀਤੀ ਸ਼ਾਮ ਤੋਂ ਚੱਲ ਰਹੇ ਧਾਰਮਕ ਸਮਾਗਮਾਂ ਦੌਰਾਨ ਸਿੱਖ ਪੰਥ ਦੇ ਉੱਘੇ ਕੀਰਤਨੀ ਜੱਥਿਆਂ ਅਤੇ ਢਾਡੀ ਸਿੰਘਾਂ ਵੱਲੋਂ ਵੱਡੀ ਗਿਣਤੀ 'ਚ ਜੁੜੀਆਂ ਸੰਗਤਾਂ ਨੂੰ ਗੁਰਬਾਣੀ, ਕੀਰਤਨ ਰਾਹੀਂ ਗੁਰੂ-ਚਰਨਾਂ ਨਾਲ ਜੋੜਿਆ ਗਿਆ। ਦੇਰ ਰਾਤ ਸਮਾਗਮ ਦੀ ਸਮਾਪਤੀ ਦੀ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਵੱਲੋਂ ਕਰਨ ਉਪਰੰਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਸਕੱਤਰ ਪਰਮਜੀਤ ਸਿੰਘ ਸਰੋਆ, ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ. ਸੁਰਿੰਦਰ ਸਿੰਘ, ਤਖਤ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ, ਗੁ. ਸ਼ਹੀਦ ਬਾਬਾ ਸੰਗਤ ਸਿੰਘ ਦੇ ਪ੍ਰਬੰਧਕ ਮਹਿੰਦਰ ਸਿੰਘ ਮਾਹਲ, ਗੁ. ਤਪ ਅਸਥਾਨ ਦੇ ਪ੍ਰਬੰਧਕ ਬਾਬਾ ਤੀਰਥ ਸਿੰਘ ਤੇ ਕਾਰ ਸੇਵਾ ਵਾਲੇ ਬਾਬਾ ਦਿਲਬਾਗ ਸਿੰਘ ਆਦਿ ਪੰਥਕ ਸ਼ਖਸੀਅਤਾਂ ਵੱਲੋਂ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਅਕਾਸ਼-ਗੁੰਜਾਊ ਜੈਕਾਰਿਆਂ ਦੌਰਾਨ ਇਤਿਹਾਸਕ 10 ਨਗਾਰਿਆਂ 'ਤੇ ਚੋਟ ਲਾ ਕੇ ਕੌਮੀ ਤਿਉਹਾਰ ਹੋਲਾ-ਮਹੱਲਾ ਦੀ ਰਸਮੀ ਸ਼ੁਰੂਆਤ ਕੀਤੀ ਗਈ।
ਪੰਜ ਸਾਲਾ ਬੱਚੀ ਦੀ ਗਲਾ ਵੱਢ ਕੇ ਹੱਤਿਆ
NEXT STORY