ਕੀਰਤਪੁਰ ਸਾਹਿਬ : ਕੌਮੀ ਤਿਉਹਾਰ ਹੋਲੇ ਮਹੱਲੇ ਦੇ ਪਹਿਲੇ ਪੜਾਅ ਦੇ ਤੀਜੇ ਦਿਨ ਮੀਂਹ ਦੇ ਬਾਵਜੂਦ ਧਾਰਮਿਕ ਨਗਰੀ ਕੀਰਤਪੁਰ ਸਾਹਿਬ 'ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਸੰਗਤ ਗੁਰਧਾਮਾਂ ਦੇ ਦਰਸ਼ਨਾਂ ਲਈ ਪਹੁੰਚੀ। ਇਤਿਹਾਸਕ ਗੁਰਦੁਆਰਿਆਂ ਗੁਰਦੁਆਰਾ ਪਤਾਲਪੁਰੀ ਸਾਹਿਬ, ਬਾਬਾ ਗੁਰਦਿੱਤਾ, ਗੁਰਦੁਆਰਾ ਚਰਨ ਕੰਵਲ, ਗੁਰਦੁਆਰਾ ਮੰਜੀ ਸਾਹਿਬ, ਗੁਰਦੁਆਰਾ ਬਿਬਾਣਗੜ੍ਹ, ਗੁਰਦੁਆਰਾ ਸੀਸ ਮਹਿਲ, ਕੋਟ ਸਾਹਿਬ ਤੇ ਦਰਗਾਹ ਪੀਰ ਬਾਬਾ ਬੁੱਢਣ ਸ਼ਾਹ ਵਿਖੇ ਸ਼ਰਧਾਲੂਆਂ ਦੀਆਂ ਰੌਣਕਾਂ ਵੇਖਣ ਨੂੰ ਮਿਲੀਆਂ। ਇਸ ਤੋਂ ਪਹਿਲਾਂ ਸੰਗਤ ਨੇ ਗੁਰਦੁਆਰਾ ਪਤਾਲਪੁਰੀ ਪੁੱਜ ਕੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰ ਕੇ ਮੱਥਾ ਟੇਕਿਆ।
ਮਿਲੀ ਜਾਣਕਾਰੀ ਮੁਤਾਬਕ ਮੇਲੇ ਦੇ ਪ੍ਰਬੰਧਾਂ ਲਈ 15 ਦੇ ਕਰੀਬ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੋਂ ਇਲਾਵਾ 60 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਗੁਰਦੁਆਰਾ ਬਾਬਾ ਗੁਰਦਿੱਤਾ ਤੇ ਪਤਾਲਪੁਰੀ ਦੇ ਇੰਚਾਰਜ ਬਲਵਿੰਦਰ ਸਿੰਘ ਮੁਤਾਬਕ ਸੰਗਤ ਦੀ ਰਿਹਾਇਸ਼ ਲਈ ਸਰਾਂ ਤੋਂ ਇਲਾਵਾ ਟੈਂਟ ਵੀ ਲਗਾਏ ਗਏ ਹਨ। ਹੋਲੇ ਮਹੱਲੇ ਦੇ ਸਬੰਧ ਵਿਚ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਵੱਡੇ ਦਾਅਵੇ ਉਸ ਸਮੇਂ ਖੋਖਲੇ ਸਾਬਤ ਹੋਏ ਜਦੋਂ ਮੀਂਹ ਦੇ ਪਾਣੀ ਨੇ ਸੜਕਾਂ ਜਲ ਥਲ ਕਰ ਦਿੱਤੀਆਂ ਤੇ ਚਾਰੇ ਪਾਸੇ ਚਿੱਕੜ ਹੋ ਗਿਆ।
ਬੁੱਢਾ ਦਲ ਵੱਲੋਂ ਹੋਲਾ ਮਹੱਲਾ ਅੱਜ
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿਚ ਬੁੱਢਾ ਦਲ ਵੱਲੋਂ ਹੋਲਾ ਮਹੱਲਾ ਸ਼ਨੀਵਾਰ ਨੂੰ ਆਰੰਭ ਹੋਵੇਗਾ। ਇਸ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 9 ਮਾਰਚ ਨੂੰ ਭੋਗ ਪਾਏ ਜਾਣਗੇ। 8 ਤੇ 9 ਮਾਰਚ ਨੂੰ ਗੁਰਦੁਆਰਾ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਗੱਤਕੇ ਦੇ ਮੁਕਾਬਲੇ ਕਰਵਾਏ ਜਾਣਗੇ। ਨੌਂ ਮਾਰਚ ਨੂੰ ਬੁੱਢਾ ਦਲ ਵੱਲੋਂ ਦਿਲਜੀਤ ਸਿੰਘ ਬੇਦੀ ਦੀ ਸੰਪਾਦਨਾ ਹੇਠ ਪ੍ਰਕਾਸ਼ਤ 'ਵਿਰਾਸਤ ਖਾਲਸਾ ਪੰਥ ਬੁੱਢਾ ਦਲ ਪੰਜਵਾਂ ਤਖ਼ਤ' ਪੁਸਤਕ ਅਤੇ ਰਸਾਲਾ 'ਨਿਹੰਗ ਸਿੰਘ ਸੰਦੇਸ਼” ਵੀ ਰਿਲੀਜ਼ ਕੀਤਾ ਜਾਵੇਗਾ।
ਮਨੀਮਾਜਰਾ 'ਚ 26 ਨਾਜਾਇਜ਼ ਬੇਕਰੀਆਂ ਨੂੰ ਸ਼ੋਕਾਜ ਨੋਟਿਸ ਜਾਰੀ
NEXT STORY