ਚੰਡੀਗੜ੍ਹ (ਪਾਂਡੇ)— ਬੀਤੇ 38 ਦਿਨ ਤੋਂ ਹਰਿਆਣਾ ਪੁਲਸ ਦੀ ਐੱਸ.ਆਈ. ਟੀ. ਲਈ ਸਿਰਦਰਦ ਬਣੀ ਹੋਈ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਅਤੇ ਮੁੱਖ ਰਾਜ਼ਦਾਰ ਹਨੀਪ੍ਰੀਤ ਨੂੰ ਆਖਿਰ ਐੱਸ. ਆਈ. ਟੀ. ਨੇ ਹਿਰਾਸਤ 'ਚ ਲੈ ਲਿਆ ਹੈ। ਹਨੀਪ੍ਰੀਤ ਨੂੰ ਬੇਹੱਦ ਨਾਟਕੀ ਢੰਗ ਨਾਲ ਜ਼ੀਰਕਪੁਰ ਦੇ ਪਟਿਆਲਾ ਰੋਡ ਤੋਂ ਹਿਰਾਸਤ 'ਚ ਲਿਆ ਗਿਆ, ਜਿਸ ਕਾਰਨ ਹਰਿਆਣਾ ਪੁਲਸ ਦੇ ਕੰਮ ਕਰਨ ਦੇ ਢੰਗ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ। ਦੱਸਣਯੋਗ ਹੈ ਕਿ ਹਨੀਪ੍ਰੀਤ 'ਤੇ 25 ਅਗਸਤ ਨੂੰ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਪਿੱਛੋਂ ਅਦਾਲਤ ਦੇ ਕੰਪਲੈਕਸ 'ਚੋਂ ਉਸ ਨੂੰ ਭਜਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ। ਹਨੀਪ੍ਰੀਤ ਵਿਰੁੱਧ ਪੰਚਕੂਲਾ 'ਚ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ।
ਪੰਚਕੂਲਾ ਪੁਲਸ ਹਨੀਪ੍ਰੀਤ ਨੂੰ ਅਧਿਕਾਰਤ ਤੌਰ 'ਤੇ ਗ੍ਰਿਫਤਾਰ ਕਰ ਕੇ ਬੁੱਧਵਾਰ ਨੂੰ ਪੰਚਕੂਲਾ ਦੀ ਇਕ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਅਦਾਲਤ ਕੋਲੋਂ ਹਨੀਪ੍ਰੀਤ ਲਈ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਕਿਉਂਕਿ ਉਸ ਕੋਲੋਂ ਇਹ ਪੁੱਛਿਆ ਜਾਣਾ ਹੈ ਕਿ ਬੀਤੇ 38 ਦਿਨ ਤਕ ਉਹ ਕਿੱਥੇ ਰਹੀ? ਉਸ ਕੋਲੋਂ ਐੱਸ. ਆਈ. ਟੀ. ਦੀ ਇਕ ਖਾਸ ਟੀਮ ਮੰਗਲਵਾਰ ਪੁੱਛਗਿੱਛ ਕਰਦੀ ਰਹੀ। ਹਨੀਪ੍ਰੀਤ ਨੂੰ ਲੈ ਕੇ ਹਰਿਆਣਾ ਪੁਲਸ ਵਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ ਪਰ ਪੁਲਸ ਉਸ ਤੱਕ ਨਹੀਂ ਪਹੁੰਚ ਸਕੀ ਸੀ।
ਦੱਸਿਆ ਜਾਂਦਾ ਹੈ ਕਿ ਹਨੀਪ੍ਰੀਤ ਇਕ ਦਿਨ ਪਹਿਲਾਂ ਹੀ ਚੰਡੀਗੜ੍ਹ ਆ ਗਈ ਸੀ ਅਤੇ ਇਕ ਯੋਜਨਾ ਅਧੀਨ 2 ਨਿਊਜ਼ ਚੈਨਲਾਂ ਕੋਲੋਂ ਉਸ ਦੀ ਇੰਟਰਵਿਊ ਕਰਵਾਈ ਗਈ। ਇੰਟਰਵਿਊ ਕਰਵਾਉਣ 'ਚ ਪੁਲਸ ਦੀ ਭੂਮਿਕਾ ਵੀ ਸ਼ੱਕੀ ਮੰਨੀ ਜਾ ਰਹੀ ਹੈ। ਮੰਗਲਵਾਰ ਸਵੇਰੇ 2 ਨਿਊਜ਼ ਚੈਨਲਾਂ 'ਤੇ ਇੰਟਰਵਿਊ ਪ੍ਰਸਾਰਿਤ ਹੋਣ ਦੇ ਤੁਰੰਤ ਬਾਅਦ ਹਰਿਆਣਾ ਪੁਲਸ ਦੀ ਐੱਸ. ਆਈ. ਟੀ. ਟੀਮ ਹਰਕਤ 'ਚ ਆਈ ਅਤੇ ਉਸ ਨੇ ਆਪਣੀ ਸਾਖ ਬਚਾਉਣ ਲਈ ਬਾਅਦ ਦੁਪਹਿਰ ਤਿੰਨ ਵਜੇ ਹਨੀਪ੍ਰੀਤ ਨੂੰ ਜ਼ੀਰਕਪੁਰ ਤੋਂ ਹਿਰਾਸਤ 'ਚ ਲੈ ਲਿਆ।
ਹਨੀਪ੍ਰੀਤ ਨੇ ਮੰਗਲਵਾਰ ਕੁਝ ਨਿਊਜ਼ ਚੈਨਲਾਂ 'ਤੇ ਪ੍ਰਸਾਰਿਤ ਆਪਣੀ ਇੰਟਰਵਿਊ ਦੌਰਾਨ ਕਿਹਾ ਕਿ ਪੰਚਕੂਲਾ 'ਚ ਹਿੰਸਾ ਭੜਕਾਉਣ ਦੇ ਦੋਸ਼ਾਂ ਨੂੰ ਲੈ ਕੇ ਉਹ ਬੇਹੱਦ ਦੁਖੀ ਹੈ। ਉਸ ਦੇ 'ਪਾਪਾ' ਨਿਰਦੋਸ਼ ਹਨ। 25 ਅਗਸਤ ਨੂੰ ਉਨ੍ਹਾਂ ਨੂੰ 2 ਮਾਮਲਿਆਂ 'ਚ ਦੋਸ਼ੀ ਠਹਿਰਾਏ ਜਾਣ ਕਾਰਨ ਉਹ ਡਿਪ੍ਰੈਸ਼ਨ 'ਚ ਆ ਗਈ ਸੀ। ਉਹ ਆਪਣੇ ਅਗਲੇ ਕਦਮ ਬਾਰੇ ਕਾਨੂੰਨੀ ਸਲਾਹ ਲੈ ਰਹੀ ਹੈ। ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਹਮਣੇ ਵੀ ਪੇਸ਼ ਹੋ ਸਕਦੀ ਹੈ।
ਹਨੀਪ੍ਰੀਤ ਨੇ ਕਿਹਾ ਕਿ ਉਸ ਵਿਰੁੱਧ ਲਾਏ ਗਏ ਦੋਸ਼ ਠੀਕ ਨਹੀਂ ਹਨ। ਇਕ ਕਾਰ 'ਚ ਬੈਠ ਕੇ ਦਿੱਤੀ ਇਸ ਇੰਟਰਵਿਊ ਦੌਰਾਨ ਹਨੀਪ੍ਰੀਤ ਨੇ ਕਿਹਾ ਕਿ ਮੈਂ ਅੱਗਾਂ ਲਾਉਣ ਵਾਲਿਆਂ ਨਾਲ ਮੌਜੂਦ ਨਹੀਂ ਸੀ। ਇਸ ਲਈ ਮੇਰੇ 'ਤੇ ਕਿਵੇਂ ਦੋਸ਼ ਲੱਗ ਸਕਦੇ ਹਨ? ਮੈਂ ਤਾਂ 25 ਅਗਸਤ ਨੂੰ ਆਪਣੇ ਪਾਪਾ ਨਾਲ ਸੀ ਅਤੇ ਇਕ ਬੇਟੀ ਵਜੋਂ ਆਪਣਾ ਫਰਜ਼ ਨਿਭਾ ਰਹੀ ਸੀ। ਹਰ ਬੇਟੀ ਆਪਣੇ ਪਿਤਾ ਨਾਲ ਰਹਿੰਦੀ ਹੈ। ਮੈਂ ਵੀ ਆਪਣੇ ਪਾਪਾ ਨਾਲ ਸੀ। ਮੈਂ ਤਾਂ ਇਸ ਉਮੀਦ ਨਾਲ ਸਿਰਸਾ ਤੋਂ ਆਪਣੇ ਪਾਪਾ ਨਾਲ ਪੰਚਕੂਲਾ ਆਈ ਸੀ ਕਿ ਉਹ ਸ਼ਾਮ ਤਕ ਉਥੋਂ ਵਾਪਸ ਆ ਜਾਣਗੇ ਪਰ ਜਦੋਂ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ ਤਾਂ ਮੈਂ ਪ੍ਰੇਸ਼ਾਨ ਹੋ ਗਈ।
ਹਨੀਪ੍ਰੀਤ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ 'ਚ ਕਦੇ ਕੀੜੀ ਵੀ ਨਹੀਂ ਮਾਰੀ। ਇਸ ਲਈ ਜਦੋਂ ਮੇਰੇ 'ਤੇ ਗੰਭੀਰ ਦੋਸ਼ ਲੱਗੇ ਤਾਂ ਮੈਂ ਬੇਹੱਦ ਪ੍ਰੇਸ਼ਾਨ ਹੋ ਗਈ। ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਕਾਨੂੰਨੀ ਪ੍ਰਕਿਰਿਆਵਾਂ ਦਾ ਕੀ ਮਤਲਬ ਹੁੰਦਾ ਹੈ। ਇਹ ਪੁੱਛਣ 'ਤੇ ਕਿ ਉਹ ਰੋਹਤਕ ਜਾਣ ਪਿੱਛੋਂ ਹੁਣ ਤਕ ਕਿੱਥੇ ਲੁਕੀ ਹੋਈ ਸੀ ਤਾਂ ਹਨੀਪ੍ਰੀਤ ਨੇ ਕਿਹਾ ਕਿ ਮੈਂ ਦਿੱਲੀ ਚਲੀ ਗਈ ਸੀ।
ਰਾਮ ਰਹੀਮ ਨਾਲ ਰਿਸ਼ਤਿਆਂ ਨੂੰ ਲੈ ਕੇ ਉਨ੍ਹਾਂ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਵਲੋਂ ਲਾਏ ਦੋਸ਼ਾਂ 'ਤੇ ਹਨੀਪ੍ਰੀਤ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਕੋਈ ਕਿਵੇਂ ਇਕ ਪਿਤਾ ਅਤੇ ਉਸ ਦੀ ਪੁੱਤਰੀ ਦਰਮਿਆਨ ਪਵਿੱਤਰ ਰਿਸ਼ਤਿਆਂ 'ਤੇ ਉਂਗਲ ਉਠਾ ਸਕਦਾ ਹੈ। ਅਜਿਹੇ ਦੋਸ਼ ਲਾਉਣ ਵਾਲੇ ਲੋਕਾਂ ਕੋਲ ਕੀ ਸਬੂਤ ਹਨ? ਇਹ ਸਭ ਅਫਵਾਹਾਂ ਹਨ। ਡੇਰਾ ਸੱਚਾ ਸੌਦਾ ਅੰਦਰ ਜ਼ਮੀਨ 'ਚ ਦਬਾਏ ਪਿੰਜਰਾਂ ਬਾਰੇ ਪੁੱਛਣ 'ਤੇ ਹਨੀਪ੍ਰੀਤ ਨੇ ਕਿਹਾ ਕਿ ਕੀ ਕੋਈ ਪਿੰਜਰ ਮਿਲਿਆ ਹੈ? ਮੇਰੇ ਪਾਪਾ ਬਾਰੇ ਜੋ ਕੁਝ ਕਿਹਾ ਜਾ ਰਿਹਾ ਹੈ, ਮੈਂ ਤਾਂ ਇਹੀ ਕਹਾਂਗੀ ਕਿ ਉਹ ਬੇਕਸੂਰ ਹਨ ਅਤੇ ਸਮਾਂ ਆਉਣ 'ਤੇ ਸਭ ਲੋਕ ਵੀ ਇਹ ਦੇਖਣਗੇ। ਹਨੀਪ੍ਰੀਤ ਨੇ ਕਿਹਾ ਕਿ ਮੈਂ ਜ਼ਿੰਦਗੀ ਵਿਚ ਕਦੇ ਵੀ ਅਭਿਨੇਤਰੀ ਬਣਨ ਬਾਰੇ ਨਹੀਂ ਸੋਚਿਆ ਸੀ।
ਡਾਕਾ ਮਾਰਨ ਦੀ ਯੋਜਨਾ ਬਣਾਉਂਦੇ ਹੋਏ ਪੰਜ ਕਾਬੂ , ਤਿੰਨ ਮੋਟਰਸਾਇਕਲ, 15 ਮੋਬਾਇਲ, ਐਲ.ਸੀ.ਡੀਜ਼, ਗੈਸ ਸਿਲੰਡਰ ਬਰਾਮਦ
NEXT STORY