ਹੁਸ਼ਿਆਰਪੁਰ (ਗੁਪਤਾ)-ਦੇਸ਼ ਭਰ ਵਿਚ ਬਸੰਤ ਪੰਚਮੀ ਦਾ ਤਿਉਹਾਰ ਬਡ਼ੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਹਰ ਸਾਲ ਚਾਈਨਾ ਡੋਰ ਦੀ ਵਜ੍ਹਾ ਨਾਲ ਬਹੁਤ ਸਾਰੇ ਹਾਦਸੇ ਵੀ ਵਾਪਰਦੇ ਹਨ। ਇਸ ਬਾਰੇ ਇਕ ਵਿਸ਼ੇਸ਼ ਮੀਟਿੰਗ ਸ਼ਿਵ ਸੈਨਾ ਪੰਜਾਬ ਦੇ ਜ਼ਿਲਾ ਪ੍ਰਧਾਨ ਸ਼ਿਵਮ ਵੈਦ ਅਤੇ ਸਿਟੀ ਪ੍ਰਧਾਨ ਵਿਵੇਕ ਵਿਜਨ ਦੀ ਅਗਵਾਈ ਵਿਚ ਹੋਈ। ਜਿਸ ਵਿਚ ਸ਼ਿਵ ਸੈਨਾ ਪੰਜਾਬ ਦੇ ਉੱਤਰੀ ਭਾਰਤ ਦੇ ਪ੍ਰਮੁੱਖ ਮਿੱਕੀ ਪੰਡਤ, ਦੋਆਬਾ ਪ੍ਰਧਾਨ ਰਾਹੁਲ ਖੰਨਾ, ਜ਼ਿਲਾ ਚੇਅਰਮੇਨ ਵਿਕਾਸ ਜਸਰਾ ਅਤੇ ਬਲਾਕ ਪ੍ਰਧਾਨ ਜਿੰਦਰ ਬਣਿਆਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ’ਚ ਸ਼ਾਮਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼ਿਵ ਸੈਨਾ ਪੰਜਾਬ ਦੇ ਜ਼ਿਲਾ ਪ੍ਰਧਾਨ ਸ਼ਿਵਮ ਵੈਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ’ਤੇ ਪਾਬੰਦੀ ਲਾਈ ਹੋਈ ਹੈ। ਇਸ ’ਤੇ ਅਮਲ ਕਰਨ ਸਬੰਧੀ ਜ਼ਿਲਾ ਡਿਪਟੀ ਕਮਿਸ਼ਨਰ ਵੱਲੋਂ ਸਮੇਂ-ਸਮੇਂ ’ਤੇ ਹਦਾਇਤਾਂ ਵੀ ਜਾਰੀ ਹੁੰਦੀਆਂ ਰਹਿੰਦੀਆਂ ਹਨ ਪਰ ਚਾਈਨਾ ਡੋਰ ਦੇ ਵਪਾਰੀ ਆਪਣੇ ਇਸ ਧੰਦੇ ਨੂੰ ਬੇਖੌਫ ਚਲਾਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਤੰਗ ਕੱਟ ਜਾਣ ’ਤੇ ਇਹ ਡੋਰ ਜਦੋਂ ਜ਼ਮੀਨ ਵੱਲ ਆਉਂਦੀ ਹੈ ਤਾਂ ਕਈ ਵਾਰ ਰਸਤੇ ਤੋਂ ਗੁਜ਼ਰ ਰਹੇ ਵਾਹਨ ਚਾਲਕਾਂ ਦੇ ਗਲੇ ਵਿਚ ਫਸ ਜਾਂਦੀ ਹੈ ਜਿਸ ਨਾਲ ਜਾਨ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਸ਼ਿਵਮ ਵੈਦ ਨੇ ਇਲਾਕੇ ਦੇ ਸਾਰੇ ਦੁਕਾਨਦਾਰਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਕੋਈ ਵੀ ਦੁਕਾਨਦਾਰ ਬਸੰਤ ਪੰਚਮੀ ਦੇ ਪਾਵਨ ਤਿਉਹਾਰ ’ਤੇ ਚਾਈਨਾ ਡੋਰ ਦੀ ਵਿਕਰੀ ਕਰਕੇ ਇਸ ਤਿਉਹਾਰ ਦਾ ਮਜ਼ਾ ਕਿਰਕਰਾ ਨਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਦੁਕਾਨਦਾਰ ਕੋਲ ਚਾਈਨਾ ਡੋਰ ਦੇਖੀ ਗਈ ਤਾਂ ਉਹ ਇਸਦੀ ਜਾਣਕਾਰੀ ਸਬੰਧਤ ਅਧਿਕਾਰੀਆਂ ਨੂੰ ਦੇਣਗੇ ਅਤੇ ਉਸ ’ਤੇ ਬਣਦੀ ਕਾਰਵਾਈ ਕਰਵਾਉਣਗੇ। ਮੀਟਿੰਗ ’ਚ ਸ਼ਾਮਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼ਿਵਮ ਵੈਦ ਨੇ ਕਿਹਾ ਕਿ ਅਸੀਂ ਵੱਖ-ਵੱਖ ਸਕੂਲਾਂ ਵਿਚ ਜਾ ਕੇ ਬੱਚਿਆਂ ਨੂੰ ਚਾਈਨਾ ਡੋਰ ਦੇ ਨੁਕਸਾਨ ਬਾਰੇ ਜਾਗਰੂਕ ਕਰਾਂਗੇ ਤਾ ਜੋ ਬੱਚੇ ਇਸ ਦੀ ਵਰਤੋਂ ਨਾ ਕਰਨ। ਇਸ ਮੌਕੇ ਸਿਟੀ ਪ੍ਰਧਾਨ ਵਿਵੇਕ ਵਿਜਨ ਨੇ ਕਿਹਾ ਕਿ ਚਾਈਨਾ ਡੋਰ ਸੰਬਧੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਵੀ ਵੱਖ-ਵੱਖ ਸੰਸਥਾਵਾਂ ਵੱਲੋਂ ਲਿਖਤੀ ਸ਼ਿਕਾਇਤਾਂ ਕੀਤੀਆਂ ਜਾ ਚੁਕੀਆਂ ਹਨ ਅਤੇ ਡਿਪਟੀ ਕਮਿਸ਼ਨਰ ਨੇ ਇਸ ’ਤੇ ਰੋਕ ਲਾਉਣ ਸਬੰਧੀ ਭਰੋਸਾ ਵੀ ਦਿੱਤਾ। ਪਰ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਇਹ ਦੁਕਾਨਦਾਰ ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗ ਕੇ ਧਡ਼ੱਲੇ ਨਾਲ ਚਾਈਨਾ ਡੋਰ ਦਾ ਕਾਰੋਬਾਰ ਕਰੀ ਜਾ ਰਹੇ ਹਨ। ਵਿਵੇਕ ਵਿਜਨ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਟਾਂਡਾ ਸ਼ਹਿਰ ਵਿਚ ਸ਼ਰੇਆਮ ਵੇਚੀ ਜਾ ਰਹੀ ਚਾਈਨਾ ਡੋਰ ਦੇ ਧੰਦੇ ’ਤੇ ਰੋਕ ਲਾਉਣ ਲਈ ਠੋਸ ਉਪਰਾਲੇ ਕਰੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ। ਅਜਿਹਾ ਨਾ ਹੋਣ ’ਤੇ ਸ਼ਿਵ ਸੈਨਾ ਪੰਜਾਬ ਰੋਸ ਪ੍ਰਦਰਸ਼ਨ ਕਰੇਗੀ ਤੇ ਜਾਮ ਲਾਏਗੀ। ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਪੰਡਿਤ ਮਿਥਲੇਸ਼ ਗਰਗ, ਵਿਕਾਸ ਜਸਰਾ, ਰਾਹੁਲ ਖੰਨਾ, ਜਿੰਦਰ ਬਣਿਆਲ, ਅਕਾਸ਼ ਰਾਣਾ, ਸੁਧਾਂਸ਼ੂ ਮਲਹੋਤਰਾ, ਟੋਨੀ ਗਿਲ ਰਡ਼ਾ, ਹਰਜੀਤ ਸਿੰਘ, ਰਾਹੁਲ ਕੁਮਾਰ ਜਾਜਾ, ਗਗਨ, ਰਣਜੀਤ ਸਿੰਘ ਅਤੇ ਹੋਰ ਹਾਜ਼ਰ ਸਨ।
ਉਦਘਾਟਨੀ ਮੈਚ ’ਚ ਮਹਿੰਮਦੋਵਾਲ ਨੇ ਮਾਹਿਲਪੁਰ ਨੂੰ 1-0 ਨਾਲ ਹਰਾਇਆ
NEXT STORY