ਹੁਸ਼ਿਆਰਪੁਰ (ਘੁੰਮਣ)-ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਜ਼ਿਲੇ ਵਿਚ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਕੰਪਲੈਕਸ ਵਿਖੇ ਬਣੇ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਾ ਦਫ਼ਤਰ ਨੌਜਵਾਨਾਂ ਲਈ ਰਾਹ-ਦਸੇਰਾ ਬਣਿਆ ਹੋਇਆ ਹੈ। ਉਹ ਅੱਜ ਵਿਸ਼ੇਸ਼ ਤੌਰ ’ਤੇ ਦਫ਼ਤਰ ਵਿਖੇ ਪਹੁੰਚੇ ਹੋਏ ਸਨ ਅਤੇ ਇਸ ਦੌਰਾਨ ਉਨ੍ਹਾਂ ਜਿਥੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ, ਉਥੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਘਰ-ਘਰ ਰੋਜ਼ਗਾਰ ਮਿਸ਼ਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਉਹ ਹਫ਼ਤੇ ਵਿਚ ਇਕ ਦਿਨ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਚ ਬੈਠਣਗੇ ਅਤੇ ਇਥੇ ਆਉਣ ਵਾਲੇ ਪ੍ਰਾਰਥੀਆਂ ਦੀਆਂ ਰੋਜ਼ਗਾਰ ਸਬੰਧੀ ਲੋਡ਼ਾਂ ਦਾ ਜਾਇਜ਼ਾ ਲੈਣਗੇ। ਉਨ੍ਹਾਂ ਕਿਹਾ ਕਿ ਦਫ਼ਤਰ ਵਿਚ ਦੋ ਦਿਨ ਹੋਰ ਪ੍ਰਸ਼ਾਸਨਿਕ ਅਧਿਕਾਰੀ ਬੈਠਣਗੇ ਤਾਂ ਜੋ ਬਿਊਰੋ ਦੀ ਕਾਰਜਸ਼ੈਲੀ ਦਾ ਨਿਰੰਤਰ ਜਾਇਜ਼ਾ ਲੈਣ ਨਾਲ ਹਾਂ-ਪੱਖੀ ਨਤੀਜੇ ਸਾਹਮਣੇ ਆ ਸਕਣ। ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਹਰ ਰੋਜ਼ ਨੌਜਵਾਨ ਇਥੇ ਆ ਕੇ ਨੌਕਰੀਆਂ ਸਬੰਧੀ ਜਾਣਕਾਰੀ ਹਾਸਲ ਕਰਨ ਤੋਂ ਇਲਾਵਾ ਖੁਦ ਹੀ ਕੰਪਿਊਟਰਾਂ ’ਤੇ ਆਪਣਾ ਬਾਇਓ ਡਾਟਾ ਤਿਆਰ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ਬਾਰੇ ਜਾਣੂ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਦਫ਼ਤਰ ਰਾਹੀਂ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤੀ ਵਿਚ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੋਲ੍ਹੇ ਗਏ ਇਸ ਦਫ਼ਤਰ ਦਾ ਮੁੱਖ ਉਦੇਸ਼ ਨੌਜਵਾਨਾਂ ਲਈ ਵੱਧ ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਕਰਨਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੋਜ਼ਗਾਰ ਪ੍ਰਾਪਤੀ ਵਿਚ ਸਹਾਇਤਾ ਤੋਂ ਇਲਾਵਾ ਦਫਤਰ ਵੱਲੋਂ ਕੈਰੀਅਰ ਗਾਈਡੈਂਸ, ਕਾਊਂਸਲਿੰਗ, ਹੁਨਰ ਵਿਕਾਸ, ਉੱਦਮਤਾ ਆਦਿ ਬਾਰੇ ਵੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਇਸ ਦਫ਼ਤਰ ਵਿਖੇ ਆਈਲਟਸ ਦੀ ਸਹੂਲਤ ਤੋਂ ਇਲਾਵਾ ਇਮੀਗਰੇਸ਼ਨ ਮਾਹਰ ਦੀਆਂ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ, ਜੋ ਨੌਜਵਾਨਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਹਰ ਹਫ਼ਤੇ ਸ਼ਡਿਊਲ ਤਿਆਰ ਹੋਵੇਗਾ ਅਤੇ ਇਸ ਸ਼ਡਿਊਲ ਮੁਤਾਬਕ ਵੱਖ-ਵੱਖ ਵਿਭਾਗਾਂ ਵੱਲੋਂ ਨੌਜਵਾਨਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ਸ਼ਡਿਊਲ ਮੁਤਾਬਕ ਹਰ ਸ਼ੁੱਕਰਵਾਰ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਵੱਲੋਂ ਵੱਖ-ਵੱਖ ਕੋਰਸਾਂ ਬਾਰੇ ਦੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਬਿਊਰੋ ਵੱਲੋਂ ਸਵੈ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਸ਼੍ਰੀਮਤੀ ਈਸ਼ਾ ਕਾਲੀਆ ਨੇ ਪੰਜਾਬ ਸਰਕਾਰ ਦੀ ‘ਘਰ-ਘਰ ਰੋਜ਼ਗਾਰ ਯੋਜਨਾ’ ਤਹਿਤ ਜਿਥੇ ਨੌਜਵਾਨਾਂ ਨੂੰ 13 ਫਰਵਰੀ ਨੂੰ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਹੁਸ਼ਿਆਰਪੁਰ ਅਤੇ ਸਰਕਾਰੀ ਆਈ.ਟੀ.ਆਈ. ਤਲਵਾਡ਼ਾ ਵਿਖੇ ਲੱਗ ਰਹੇ ਰੋਜ਼ਗਾਰ ਮੇਲੇ ਦਾ ਲਾਹਾ ਲੈਣ ਦੀ ਅਪੀਲ ਕੀਤੀ, ਉਥੇ 18 ਫਰਵਰੀ ਨੂੰ ਰਿਆਤ ਬਾਹਰਾ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਮੈਗਾ ਰੋਜ਼ਗਾਰ ਮੇਲੇ ਵਿਚ ਵੀ ਵੱਧ ਤੋਂ ਵੱਧ ਸ਼ਿਰਕਤ ਕਰਨ ਲਈ ਕਿਹਾ ਤਾਂ ਜੋ ਉਨ੍ਹਾਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਸਕਣ।
ਚੋਰਾਂ ਨੇ ਫੌਜੀ ਜਵਾਨ ਦੇ ਘਰ ਨੂੰ ਬਣਾਇਆ ਨਿਸ਼ਾਨਾ
NEXT STORY