ਹੁਸ਼ਿਆਰਪੁਰ (ਘੁੰਮਣ)-ਅਧਿਆਪਕ ਸੰਘਰਸ਼ ਕਮੇਟੀ ਦੇ ਬੈਨਰ ਹੇਠ ਅੱਜ ਪੂਰੇ ਪੰਜਾਬ ’ਚ ਅਧਿਆਪਕ ਸੰਘਰਸ਼ ਮਹਾਸੰਗਰਾਮ ਦਾ ਰੂਪ ਧਾਰਨ ਕਰ ਚੁੱਕਾ ਹੈ ਅਤੇ ਪੁਲਸ ਪ੍ਰਸ਼ਾਸਨ ਦੀਆਂ ਡਾਂਗਾਂ ਤੇ ਪਾਣੀ ਦੀਆਂ ਤੋਪਾਂ ਦੀਆਂ ਬੁਛਾਡ਼ਾਂ ਅੱਗੇ ਅਧਿਆਪਕ ਜ਼ਖ਼ਮੀ ਹਾਲਤ ’ਚ ਵੀ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਛਾਤੀ ਤਾਣ ਕੇ ਖਡ਼੍ਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਕ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਪ੍ਰਿੰ. ਅਮਨਦੀਪ ਸ਼ਰਮਾ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ’ਚ ਹਾਜ਼ਰ ਯੂਨੀਅਨ ਆਗੂਆਂ ਅਜੀਬ ਦਿਵੇਦੀ, ਅਜੀਤ ਸਿੰਘ ਰੂਪ ਤਾਰਾ, ਸੋਮਨਾਥ, ਮਨਿੰਦਰ ਸਿੰਘ ਮਰਵਾਹਾ, ਵਿਪਨ ਸਨਿਆਲ, ਲਖਵਿੰਦਰ ਸਿੰਘ ਕੈਰੇਂ, ਮਦਨ ਲਾਲ, ਜਸਵੀਰ ਸਿੰਘ ਤੇ ਅੰਮ੍ਰਿਤਪਾਲ ਨੇ ਕੀਤਾ। ਸੂਬਾ ਕਮੇਟੀ ਦੇ ਸੱਦੇ ’ਤੇ ਬੁਲਾਈ ਗਈ ਇਸ ਮੀਟਿੰਗ ਵਿਚ ਯੂਨੀਅਨ ਆਗੂਆਂ ਨੇ ਪੂਰੇ ਪੰਜਾਬ ਦੀ ਤਰ੍ਹਾਂ ਜ਼ਿਲਾ ਹੁਸ਼ਿਆਰਪੁਰ ’ਚ ਸਿੱਖਿਆ ਮੰਤਰੀ ਪੰਜਾਬ ਕ੍ਰਿਸ਼ਨ ਕਮਾਰ ਵੱਲੋਂ ਚਲਾਏ ਜਾ ਰਹੇ ਗੈਰ-ਜ਼ਰੂਰੀ ਪ੍ਰਾਜੈਕਟ ‘ਪਡ਼੍ਹੋ ਪੰਜਾਬ-ਪਡ਼੍ਹਾਓ ਪੰਜਾਬ’ ਦਾ ਪੂਰੀ ਤਰ੍ਹਾਂ ਬਾਈਕਾਟ ਕਰਨ ਦਾ ਐਲਾਨ ਕੀਤਾ। ਅਧਿਆਪਕ ਆਗੂਆਂ ਨੇ ਕਿਹਾ ਕਿ ਇਸ ਪ੍ਰਾਜੈਕਟ ਦਾ ਸਿੱਖਿਆ ਨਾਲ ਕੋਈ ਸਰੋਕਾਰ ਨਾ ਹੋ ਕੇ ਇਹ ਪ੍ਰਾਜੈਕਟ ਗੈਰ-ਅਕਾਦਮਿਕ, ਗੈਰ-ਵਿਗਿਆਨਕ ਅਤੇ ਬਾਲ-ਮਾਨਸਿਕਤਾ ’ਤੇ ਬੋਝ ਹੈ। ਅਧਿਆਪਕ ਆਗੂਆਂ ਨੇ ਅਪੀਲ ਕੀਤੀ ਕਿ ਇਸ ਪ੍ਰਾਜੈਕਟ ਤਹਿਤ ਕਿਸੇ ਵੀ ਸੀ. ਐੱਮ. ਟੀ., ਬੀ. ਐੱਮ. ਟੀ., ਬੀ. ਐੱਮ., ਡੀ. ਐੱਮ. ਅਤੇ ਜ਼ਿਲਾ ਕੋਆਰਡੀਨੇਟਰ ਦੀ ਸਕੂਲਾਂ ਵਿਚ ਕੋਈ ਵਿਜਿਟ ਨਾ ਪੈਣ ਦਿੱਤੀ ਜਾਵੇ। ਬਲਕਿ ਇਨ੍ਹਾਂ ਸਾਰਿਆਂ ਨੂੰ ਵੀ ਆਪੋ-ਆਪਣੇ ਸਕੂਲਾਂ ’ਚ ਹਾਜ਼ਰੀ ਲਾ ਕੇ ਵਿਦਿਆਰਥੀਆਂ ਨੂੰ ਰਵਾਇਤੀ ਤਰੀਕਿਆਂ ਨਾਲ ਪਡ਼੍ਹਾਉਣ ਲਈ ਕਿਹਾ। ਇਸ ਮੌਕੇ ਐਲਾਨ ਕੀਤਾ ਗਿਆ ਕਿ ਜੇਕਰ ਜ਼ਿਲੇ ਵਿਚ ਸਿੱਖਿਆ ਸਕੱਤਰ ਕਿਤੇ ਵੀ ਜਾਂਦੇ ਹਨ ਤਾਂ ਉਨ੍ਹਾਂ ਦਾ ਜ਼ਿਲਾ ਅਧਿਆਪਕ ਸੰਘਰਸ਼ ਕਮੇਟੀ ਤੇ ਅਧਿਆਪਕ ਵਰਗ ਵੱਲੋਂ ਤਿੱਖਾ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜੇਕਰ ਕਿਸੇ ਵੀ ਉੱਚ ਅਧਿਕਾਰੀ ਵੱਲੋਂ ਅਧਿਆਪਕ ਵਰਗ ਨੂੰ ਨਾਜਾਇਜ਼ ਪ੍ਰੇਸ਼ਾਨ ਕੀਤਾ ਜਾਂਦਾ ਹੈ ਤਾਂ ਇਸ ਸਬੰਧੀ ਤੁਰੰਤ ਜ਼ਿਲਾ ਕਮੇਟੀ ਤੇ ਬਲਾਕ ਕਮੇਟੀ ਦੇ ਧਿਆਨ ਵਿਚ ਲਿਆਂਦਾ ਜਾਵੇ। ਜੇਕਰ ਇਸ ਸਬੰਧੀ ਕਿਸੇ ਅਧਿਕਾਰੀ ਬਾਰੇ ਸੂਚਨਾ ਮਿਲਦੀ ਹੈ ਤਾਂ ਉਨ੍ਹਾਂ ਦੇ ਘਰਾਂ ਵਿਚ ਜਾ ਕੇ ਘਿਰਾਓ ਕਰਨ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸੁਨੀਲ ਸ਼ਰਮਾ, ਜਸਪ੍ਰੀਤ ਕੌਰ, ਪਰਮਜੀਤ ਸਿੰਘ, ਬਲਜੀਤ ਸਿੰਘ, ਸਰਦਾਰਾ ਸਿੰਘ, ਜਤਿੰਦਰ ਸਿੰਘ, ਵਿਕਾਸ ਸ਼ਰਮਾ, ਭੁਪਿੰਦਰ ਸਿੰਘ ਭਾਟੀਆ ਤੇ ਰਜਿੰਦਰ ਕੁਮਾਰ ਸਮੇਤ ਵੱਡੀ ਗਿਣਤੀ ’ਚ ਅਧਿਆਪਕ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਹਲਕਾ ਉਡ਼ਮੁਡ਼ ਦੀ ਮੀਟਿੰਗ 15 ਨੂੰ : ਰਸੂਲਪੁਰ
NEXT STORY