ਹੁਸ਼ਿਆਰਪੁਰ (ਜੱਜ)-ਹਲਕਾ ਮੁਕੇਰੀਆਂ ਦੇ ਮਸੀਹੀ ਭਾਈਚਾਰੇ ਦੀ ਮੀਟਿੰਗ ਪਿੰਡ ਰਈਆਂ ਭਟੇਰਾਂ ਵਿਖੇ ਕ੍ਰਿਸਚੀਅਨ ਨੈਸ਼ਨਲ ਫਰੰਟ ਦੇ ਜ਼ਿਲਾ ਪ੍ਰਧਾਨ ਮਾਸਟਰ ਯਾਕੂਬ ਮਸੀਹ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਮੀਟਿੰਗ ਵਿਚ 4 ਅਪ੍ਰੈਲ ਨੂੰ ਸਵੇਰੇ 10 ਵਜੇ ਕਲਾਨੌਰ ਵਿਖੇ ਮਾਝੇ ਦੀ ਮਸੀਹੀ ਅਧਿਕਾਰ ਰੈਲੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲਾਰੈਂਸ ਚੌਧਰੀ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ਵਿਚ ਕੀਤੇ ਜਾਂਦੇ ਵਾਅਦੇ ਜਨਤਾ ਨੂੰ ਮੂਰਖ ਬਣਾਉਣ ਲਈ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਸੱਤਾਧਾਰੀ ਕਾਂਗਰਸ ਪਾਰਟੀ ਦੁਆਰਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗਰੀਬ ਘੱਟ ਗਿਣਤੀ ਵਰਗਾਂ ਦੇ ਵਿਕਾਸ ਲਈ ਕੀਤੇ ਗਏ ਵਾਅਦੇ ਝੂਠ ਦਾ ਪੁਲੰਦਾ ਸਾਬਿਤ ਹੋਏ ਹਨ। ਘਰ-ਘਰ ਨੌਕਰੀ ਦੇ ਆਸਰੇ ਬੈਠੇ ਮਸੀਹੀ ਨੌਜਵਾਨ ਬੇਕਾਰੀ ਦੀ ਮਾਰ ਸਹਿ ਰਹੇ ਹਨ। ਭਲਾਈ ਸਕੀਮਾਂ ਦਾ ਲਾਭ ਗਰੀਬ ਮਸੀਹੀ ਵਰਗ ਨੂੰ ਮਿਲ ਨਹੀਂ ਰਿਹਾ। ਕੇਂਦਰ ਸਰਕਾਰ ਵੱਲੋਂ ਘੱਟ ਗਿਣਤੀ ਮਸੀਹੀ ਵਿਦਿਆਰਥੀਆਂ ਦੇ ਵਜ਼ੀਫੇ ਲਈ ਆਈਆਂ ਕਰੋਡ਼ਾਂ ਰੁਪਏ ਦੀਆਂ ਗ੍ਰਾਂਟਾਂ ਪੰਜਾਬ ਸਰਕਾਰ ਆਪਣੇ ਨਿੱਜੀ ਕੰਮਾਂ ਲਈ ਖਰਚ ਲੈਂਦੀ ਹੈ ਤੇ ਬੱਚੇ ਆਪਣੇ ਖਾਤਿਆਂ ’ਚ ਪੈਸੇ ਉਡੀਕਦੇ ਧੱਕੇ ਖਾਂਦੇ ਰਹਿੰਦੇ ਹਨ। ਸ਼ਹਿਰਾਂ ਤੇ ਪਿੰਡਾਂ ਵਿਚ ਦੋ-ਦੋ ਮਰਲੇ ਦੇ ਘਰ ਵਿਚ ਤਿੰਨ-ਤਿੰਨ ਤੇ ਚਾਰ-ਚਾਰ ਗਰੀਬ ਮਸੀਹੀ ਪਰਿਵਾਰ ਖਸਤਾ ਹਾਲਤ ’ਚ ਰਹਿੰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਇਨ੍ਹਾਂ ਪਾਰਟੀਆਂ ਦੇ ਝੂਠੇ ਚੋਣ ਵਾਅਦਿਆਂ ਦੇ ਝਾਂਸੇ ਤੋਂ ਬਾਹਰ ਨਿਕਲ ਕੇ ਖੁਦ ਸੰਗਠਿਤ ਹੋ ਕੇ ਆਪਣੀ ਰਾਜਨੀਤਕ ਸ਼ਕਤੀ ਬਣਾਉਣ। ਇਸੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਮਸੀਹੀ ਅਧਿਕਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਹਲਕਾ ਮੁਕੇਰੀਆਂ ਦੀ ਕ੍ਰਿਸਚੀਅਨ ਨੈਸ਼ਨਲ ਫਰੰਟ ਦੀ 13 ਮੈਂਬਰੀ ਕਮੇਟੀ ਸਰਬਸੰਮਤੀ ਨਾਲ ਚੁਣੀ ਗਈ ਜਿਸ ਦੇ ਚੇਅਰਮੈਨ ਸਤਪਾਲ ਮਸੀਹ ਮਨਸੂਰਪੁਰ, ਉਪ ਚੇਅਰਮੈਨ ਰੂਪ ਮਸੀਹ ਮਹਿੰਦੀਪੁਰ, ਪ੍ਰਧਾਨ ਬਚਨ ਮਸੀਹ ਚੱਕ ਕਲਾਂ, ਮੀਤ ਪ੍ਰਧਾਨ ਸੁਲੱਖਣ ਮਸੀਹ ਡੁੱਗਰੀ ਰਾਜਪੂਤਾਂ, ਜਨਰਲ ਸਕੱਤਰ ਸੁਖਵਿੰਦਰ ਮਸੀਹ ਅਟੱਲਗਡ਼੍ਹ, ਬ੍ਰਦਰ ਸੁਨੀਲ ਮਸੀਹ ਅਟੱਲਗਡ਼੍ਹ, ਸਲਾਹਕਾਰ ਚਰਨਜੀਤ ਵਿੱਕਾ ਮਹਿਤਪੁਰ, ਜੀਲਾ ਮਸੀਹ, ਸੁੱਚਾ ਮਸੀਹ, ਮਾਧੋ ਮਸੀਹ, ਅਸ਼ੋਕ ਮਸੀਹ, ਸੁਖਦੇਵ ਮਸੀਹ ਆਦਿ ਮੈਂਬਰ ਚੁਣੇ ਗਏ। ਲਾਰੈਂਸ ਚੌਧਰੀ ਦੁਆਰਾ ਚੁਣੀ ਕਮੇਟੀ ਦੇ ਹਾਰ ਪਾ ਕੇ ਸਨਮਾਨਤ ਕੀਤਾ ਗਿਆ। ਇਸ ਸਮੇਂ ਪਾਸਟਰ ਰਾਜੇਸ਼ ਮਸੀਹ ਮੁਰਾਦਪੁਰ, ਪਾਸਟਰ ਬਲਵੀਰ ਮਸੀਹ ਨੌਸ਼ਹਿਰਾ ਪੱਤਣ, ਅਵਤਾਰ ਮਸੀਹ, ਹੈਪੀ ਮਸੀਹ, ਅਮਰੀਕ ਮਸੀਹ, ਜਸਪਾਲ ਮਸੀਹ, ਯੂਨਸ ਮਸੀਹ, ਬੂਦਾ ਮਸੀਹ, ਜਮਾਲ ਮਸੀਹ, ਦਾਨੋ ਮਸੀਹ, ਅਵਨੀਤ, ਬੱਬੀ ਮਸੀਹ, ਗੋਪੀ ਮਸੀਹ ਆਦਿ ਸ਼ਾਮਲ ਹੋਏ।
ਬੱਸ ਦੀ ਲਪੇਟ 'ਚ ਆਉਣ ਕਾਰਨ ਐਕਟਿਵਾ ਸਵਾਰ ਗੰਭੀਰ ਜ਼ਖਮੀ
NEXT STORY