ਹੁਸ਼ਿਆਰਪੁਰ (ਜਸਵਿੰਦਰਜੀਤ)-ਸਰਕਾਰੀ ਕਾਲਜ ਹੁਸ਼ਿਆਰਪੁਰ ਵਿਚ ਪ੍ਰਿੰਸੀਪਲ ਡਾ. ਪਰਮਜੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਰੈੱਡ ਰਿਬਨ ਕਲੱਬ ਵੱਲੋਂ ਬੇਟੀ ਬਚਾਓ, ਬੇਟੀ ਪਡ਼੍ਹਾਓ ਵਿਸ਼ੇ ’ਤੇ ਸੈਮੀਨਾਰ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ. ਵਿਜੇ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿਚ ਬੇਟੀ ਨੂੰ ਬਚਾਉਣਾ ਅਤੇ ਪਡ਼੍ਹਾਉਣਾ ਬਡ਼ਾ ਜ਼ਰੂਰੀ ਹੋ ਗਿਆ ਹੈ ਕਿਉਂਕਿ ਜੇ ਅਜਿਹਾ ਨਾ ਕਰ ਸਕੇ ਤਾਂ ਇਸ ਸਮਾਜ ਦਾ ਨਸ਼ਟ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਰਾਰਤੀ ਅਨਸਰਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਦੇਸ਼ ਦੀ ਬੇਟੀ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ ਤਾਂ ਉਸ ਦਾ ਹਰ ਇਕ ਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੇਟੀ ਬਾਪ, ਭਰਾ, ਪਤੀ ਅਤੇ ਪੁੱਤਰ ਦੇ ਅਧੀਨ ਆਪਣੀ ਜ਼ਿੰਦਗੀ ਨਹੀਂ ਜੀਵੇਗੀ ਸਗੋਂ ਆਪਣੇ ਪੈਰਾਂ ’ਤੇ ਖਡ਼੍ਹੇ ਹੋ ਕੇ, ਪਡ਼੍ਹ ਲਿਖ ਕੇ ਖੁਦ ਆਪਣੀ ਜ਼ਿੰਦਗੀ ਜੀਵੇਗੀ ਅਤੇ ਆਪਣੇ ਆਪ ਨੂੰ ਮਰਦ ਪ੍ਰਧਾਨ ਸਮਾਜ ਤੋਂ ਵੀ ਉੱਪਰ ਉਠਾ ਕੇ ਆਪਣਾ ਅਤੇ ਦੇਸ਼ ਦਾ ਨਾਂ ਦੁਨੀਆ ਵਿਚ ਰੋਸ਼ਨ ਕਰੇਗੀ। ਉਹ ਹਰ ਇਕ ਮੁਸੀਬਤ ਦਾ ਡਟ ਕੇ ਮੁਕਾਬਲਾ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਬੇਟੀ ਪੁੂਜਣਯੋਗ ਹੈ, ਦੇਵੀ ਹੈ, ਜਣਨੀ ਹੈ। ਇਸ ਲਈ ਸਭ ਦਾ ਫਰਜ਼ ਬਣਦਾ ਹੈ ਕਿ ਇਸ ਦਾ ਸਨਮਾਨ ਕਰੀਏ। ਕਾਲਜ ਦੇ ਪ੍ਰੋ. ਪ੍ਰਵੀਨ ਸਿੰਘ ਰਾਣਾ ਨੇ ਕਿਹਾ ਕਿ ਜੇਕਰ ਬੇਟੀ ਦੀ ਸਮਾਜ ਵਿਚ ਇੱਜ਼ਤ ਨਹੀਂ ਕੀਤੀ ਜਾਂਦੀ ਤਾਂ ਲਗਭਗ ਅੱਧੇ ਲੋਕਾਂ ਦਾ ਅਪਮਾਨ ਹੁੰਦਾ ਹੈ, ਜਿਹਡ਼ਾ ਕਿ ਸਹਿਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸਤਰੀ ਹਰ ਖੇਤਰ ਵਿਚ ਕੰਮ ਕਰ ਰਹੀ ਹੈ ਅਤੇ ਸਮਾਜ ਅਤੇ ਦੇਸ਼ ਨੂੰ ਅੱਗੇ ਲੈ ਜਾ ਰਹੀ ਹੈ। ਇਸ ਲਈ ਸਾਨੂੰ ਕਿਸੇ ਵੀ ਤਰ੍ਹਾਂ ਦਾ ਉਸ ਨਾਲ ਭੇਦ ਭਾਵ ਨਹੀਂ ਕਰਨਾ ਚਾਹੀਦਾ। ਉਸ ਦੇ ਪ੍ਰਤੀ ਸਮਾਜ ਨੂੰ ਸਾਕਾਰਾਤਮਕ ਸੋਚਣਾ ਚਾਹੀਦਾ ਹੈ ਅਤੇ ਪਡ਼੍ਹਾਉਣਾ ਚਾਹੀਦਾ ਹੈ। ਪ੍ਰੋ. ਯੋਗੇਸ਼ ਨੇ ਕਿਹਾ ਕਿ ਸਭ ਤੋਂ ਪਹਿਲਾਂ ਜਿਓਤੀ ਰਾਓ ਫੂਲੇ ਨੇ ਸਮਾਜ ਦੀਆਂ ਗਲਤ ਧਾਰਨਾਵਾਂ ਨੂੰ ਤੋਡ਼ਦੇ ਹੋਏ ਆਪਣੀ ਪਤਨੀ ਸਵਿਤਰੀ ਬਾਈ ਫੂਲੇ ਅਤੇ ਉਸ ਦੀ ਦੋਸਤ ਨੂੰ ਪਡ਼੍ਹਾਇਆ ਸੀ, ਜਿਨ੍ਹਾਂ ਨੇ ਬੇਟੀਆਂ ਨੂੰ ਪਡ਼੍ਹਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਅੱਜ ਬੇਟੀਆਂ ਨੂੰ ਪਡ਼੍ਹਨ ਦਾ ਮੌਕਾ ਮਿਲ ਰਿਹਾ ਹੈ ਪਰ ਹਾਇਰ ਸਿੱਖਿਆ ਤੱਕ ਉਨ੍ਹਾਂ ਦੀ ਪਹੁੰਚ ਹਾਲੇ ਵੀ ਘੱਟ ਹੈ ਜਿਸ ਵੱਲ ਧਿਆਨ ਦੇਣਾ ਹੋਵੇਗਾ। ਇਸ ਸਮੇਂ ‘ਬੇਟੀ ਬਚਾਓ, ਬੇਟੀ ਪਡ਼੍ਹਾਓ’ ਵਿਸ਼ੇ ਨਾਲ ਸਬੰਧਤ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਅਮਨਪ੍ਰੀਤ ਕੌਰ ਅਤੇ ਅਦਿੱਤੀ ਨੇ ਪਹਿਲਾ, ਬਲਵਿੰਦਰ ਕੌਰ ਅਤੇ ਬੱਬਲੂ ਨੇ ਦੂਸਰਾ, ਰਮਨਪ੍ਰੀਤ ਕੌਰ ਅਤੇ ਸਾਕਸ਼ੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਇਸ ਦੌਰਾਨ ਪ੍ਰੋ. ਪ੍ਰਵੀਨ ਸਿੰਘ ਰਾਣਾ, ਪ੍ਰੋ. ਯੋਗੇਸ਼, ਪ੍ਰੋ. ਪਰਮਾਰ, ਪ੍ਰੋ. ਅਜਿੰਦਰ ਪਾਲ ਅਤੇ ਪ੍ਰੋ. ਵਿਜੇ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਫੋਟੋ
ਬੀ. ਸੀ. ਏ. ਦੀ ਟੀਮ ਨੇ ਜਿੱਤੇ ਕਾਲਜ ਦੇ ਵਾਲੀਬਾਲ ਮੁਕਾਬਲੇ
NEXT STORY