ਹੁਸ਼ਿਆਰਪੁਰ, (ਘੁੰਮਣ)- ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਵੱਲੋਂ ਅੱਜ ਵਿਧਾਨ ਸਭਾ 'ਚ ਪੇਸ਼ ਕੀਤੇ ਗਏ ਬਜਟ 'ਚ ਭਾਵੇਂ ਸਰਕਾਰ ਨੇ ਸਿਹਤ ਸੇਵਾਵਾਂ ਲਈ ਰਾਸ਼ੀ 'ਚ ਵਾਧੇ ਦਾ ਦਾਅਵਾ ਕੀਤਾ ਹੈ ਪਰ ਸਾਲ 2014 ਤੋਂ ਖੂਹ-ਖਾਤੇ ਪਾਏ ਹੁਸ਼ਿਆਰਪੁਰ ਦੇ ਟਰਸ਼ਰੀ ਕੇਅਰ ਕੈਂਸਰ ਸੈਂਟਰ ਪ੍ਰਾਜੈਕਟ ਨੂੰ ਉਨ੍ਹਾਂ ਠੇਂਗਾ ਦਿਖਾ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸ ਬਜਟ 'ਚ ਟਰਸ਼ਰੀ ਕੇਅਰ ਸੈਂਟਰ ਫਾਜ਼ਿਲਕਾ ਲਈ 45 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ਅਤੇ ਕੈਂਸਰ ਇੰਸਟੀਚਿਊਟ ਅੰਮ੍ਰਿਤਸਰ ਨੂੰ 39 ਕਰੋੜ ਦਿੱਤੇ ਗਏ ਹਨ।
ਸਾਲ 2014 'ਚ ਤਤਕਾਲੀਨ ਯੂ.ਪੀ.ਏ. ਸਰਕਾਰ ਵਿਚ ਸਿਹਤ ਰਾਜ ਮੰਤਰੀ ਰਹੀ ਸੰਤੋਸ਼ ਚੌਧਰੀ ਨੇ 28 ਫਰਵਰੀ 2014 ਨੂੰ ਟਰਸ਼ਰੀ ਕੇਅਰ ਕੈਂਸਰ ਸੈਂਟਰ ਦਾ ਨੀਂਹ ਪੱਥਰ ਰੱਖਿਆ ਸੀ, ਉਦੋਂ ਪੰਜਾਬ 'ਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸੱਤਾ 'ਚ ਸੀ ਅਤੇ ਉਕਤ ਸਰਕਾਰ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਇਸ ਸਮਾਗਮ 'ਚ ਸ਼ਾਮਲ ਹੋਏ ਸਨ। ਸੁੰਦਰ ਸ਼ਾਮ ਅਰੋੜਾ ਉਸ ਸਮੇਂ ਇਥੇ ਕਾਂਗਰਸ ਪਾਰਟੀ ਦੇ ਵਿਧਾਇਕ ਸਨ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਇਸ ਪ੍ਰਾਜੈਕਟ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੀਆਂ ਹਨ। ਹੁਸ਼ਿਆਰਪੁਰ ਦੇ ਕੈਂਸਰ ਹਸਪਤਾਲ ਲਈ ਕੁਝ ਸਾਲ ਪਹਿਲਾਂ ਬਾਵਾ ਐਟਾਮਿਕ ਰਿਸਰਚ ਸੈਂਟਰ 'ਚ ਇਥੇ ਰੇਡੀਓਥੈਰੇਪੀ ਯੂਨਿਟ ਲਾਉਣ ਲਈ ਸਾਰੇ ਪ੍ਰਬੰਧ ਕਰ ਲਏ ਗਏ ਸਨ। ਕਾਂਗਰਸ ਤੋਂ ਬਾਅਦ ਸੱਤਾ 'ਚ ਆਈ ਭਾਜਪਾ ਸਰਕਾਰ ਨੇ ਵੀ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣ ਨੂੰ ਨਾ ਤਰਜੀਹ ਦਿੱਤੀ ਅਤੇ ਨਾ ਹੀ ਕੋਈ ਗ੍ਰਾਂਟ ਜਾਰੀ ਕੀਤੀ। ਹਾਲਾਂਕਿ ਕੈਂਸਰ ਵਰਗੀ ਜਾਨ-ਲੇਵਾ ਬੀਮਾਰੀ ਜ਼ਿਲੇ 'ਚ ਬੁਰੀ ਤਰ੍ਹਾਂ ਪੈਰ ਪਸਾਰ ਚੁੱਕੀ ਹੈ। ਬਾਵਜੂਦ ਇਸ ਦੇ ਹੁਸ਼ਿਆਰਪੁਰ ਵਰਗੇ ਆਰਥਕ ਤੌਰ 'ਤੇ ਪਿੱਛੜੇ ਸ਼ਹਿਰ 'ਚ ਇਸ ਬੀਮਾਰੀ ਦੇ ਇਲਾਜ ਦਾ ਕੋਈ ਪ੍ਰਬੰਧ ਨਹੀਂ ਹੈ।
ਵਰਣਨਯੋਗ ਹੈ ਕਿ ਜ਼ਿਲਾ ਹੁਸ਼ਿਆਰਪੁਰ 'ਚ ਕਾਂਗਰਸ ਦੇ 6 ਵਿਧਾਇਕ ਹਨ ਅਤੇ ਸੂਬੇ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੈ। ਬਾਵਜੂਦ ਇਸ ਦੇ ਇਸ ਪਿੱਛੜੇ ਇਲਾਕੇ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਲਾਕੇ ਦੀ ਜਨਤਾ ਇਸ ਗੱਲੋਂ ਬਹੁਤ ਖਫ਼ਾ ਹੈ ਕਿ ਜ਼ਿਲੇ 'ਚ ਕੁੱਲ 7 ਵਿਧਾਇਕਾਂ 'ਚੋਂ 6 ਕਾਂਗਰਸ ਦੇ ਹਨ, ਦੇ ਬਾਵਜੂਦ ਜ਼ਿਲੇ ਨੂੰ ਪੰਜਾਬ ਸਰਕਾਰ ਅਣਡਿੱਠ ਕਰ ਰਹੀ ਹੈ।
ਕਾਂਗਰਸ ਤੇ ਭਾਜਪਾ ਇੱਕੋ ਥੈਲੀ ਦੇ ਚੱਟੇ-ਵੱਟੇ : ਸਚਦੇਵਾ
ਆਮ ਆਦਮੀ ਪਾਰਟੀ ਦੋਆਬਾ ਜ਼ੋਨ ਦੇ ਪ੍ਰਧਾਨ ਪਰਮਜੀਤ ਸਚਦੇਵਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਬਜਟ 'ਚ ਹੁਸ਼ਿਆਰਪੁਰ ਦੇ ਕੈਂਸਰ ਹਸਪਤਾਲ ਸਬੰਧੀ ਨਕਾਰਾਤਮਕ ਰਵੱਈਏ ਦੀ ਸਖਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਦਰਅਸਲ ਭਾਜਪਾ ਤੇ ਕਾਂਗਰਸ ਇੱਕੋ ਥੈਲੀ ਦੇ ਚੱਟੇ-ਵੱਟੇ ਹਨ। ਸੁਰਖੀਆਂ ਬਟੋਰਨ ਲਈ ਇਨ੍ਹਾਂ ਪਾਰਟੀਆਂ ਦੇ ਆਗੂ ਨੀਂਹ ਪੱਥਰ ਰੱਖਣ ਦੀ ਹੋੜ 'ਚ ਲੱਗੇ ਰਹਿੰਦੇ ਹਨ। ਹੁਸ਼ਿਆਰਪੁਰ 'ਚ ਸੰਸਦ ਮੈਂਬਰ ਵਿਜੇ ਸਾਂਪਲਾ ਕੇਂਦਰ ਦੀ ਭਾਜਪਾ ਸਰਕਾਰ 'ਚ ਮੰਤਰੀ ਹਨ ਅਤੇ ਰਾਜ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਚ ਇਥੋਂ ਕਾਂਗਰਸ ਵਿਧਾਇਕ ਸੁੰਦਰ ਸ਼ਾਮ ਅਰੋੜਾ ਸ਼ਹਿਰ ਦੀ ਵਾਗਡੋਰ ਸੰਭਾਲ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਦੋਵੇਂ ਪ੍ਰਤੀਨਿਧੀ ਕੈਂਸਰ ਹਸਪਤਾਲ ਲਈ ਬਜਟ ਤੇ ਗ੍ਰਾਂਟ ਮੁਹੱਈਆ ਕਰਵਾਉਣ ਵਿਚ ਬੁਰੀ ਤਰ੍ਹਾਂ ਅਸਫ਼ਲ ਰਹੇ ਹਨ।
ਸਿਹਤ ਬਜਟ 'ਚ ਵਾਧਾ ਊਠ ਦੇ ਮੂੰਹ 'ਚ ਜੀਰਾ : ਡਾ. ਬੱਗਾ
ਵਿੱਤ ਮੰਤਰੀ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ 'ਤੇ ਟਿੱਪਣੀ ਕਰਦੇ ਹੋਏ ਰਿਟਾ. ਸਿਵਲ ਸਰਜਨ ਤੇ ਪ੍ਰਮੁੱਖ ਸਮਾਜ-ਸੇਵੀ ਡਾ. ਅਜੈ ਬੱਗਾ ਨੇ ਕਿਹਾ ਕਿ ਵਿੱਤ ਮੰਤਰੀ ਨੇ ਦਾਅਵਾ ਕੀਤਾ ਹੈ ਕਿ 'ਨੈਸ਼ਨਲ ਹੈਲਥ ਮਿਸ਼ਨ' ਲਈ 914.57 ਕਰੋੜ ਦਾ ਬਜਟ ਰੱਖਿਆ ਗਿਆ ਹੈ, ਉਸ 'ਚ ਪਿਛਲੇ ਸਾਲ ਨਾਲੋਂ 137.94 ਕਰੋੜ ਦੇ ਕਰੀਬ ਵਾਧਾ ਕੀਤਾ ਗਿਆ ਹੈ। ਡਾ. ਬੱਗਾ ਨੇ ਕਿਹਾ ਕਿ ਇਹ ਵਾਧਾ ਊਠ ਦੇ ਮੂੰਹ 'ਚ ਜੀਰੇ ਸਮਾਨ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਸਿਹਤ ਸਹੂਲਤਾਂ ਪ੍ਰਤੀ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਕੈਂਸਰ ਹਸਪਤਾਲ ਹੁਸ਼ਿਆਰਪੁਰ ਸਬੰਧੀ ਬਜਟ 'ਚ ਜ਼ਿਕਰ ਵੀ ਨਾ ਕਰਨਾ ਨਿੰਦਣਯੋਗ ਹੈ।
ਇੰਟਰ ਸਟੇਟ ਨਸ਼ਾ ਸਮੱਗਲਰ ਗਿਰੋਹ ਦਾ ਕੀਤਾ ਪਰਦਾਫਾਸ਼, ਤਿੰਨ ਗ੍ਰਿਫ਼ਤਾਰ
NEXT STORY