ਅਜਨਾਲਾ (ਫਰਿਆਦ) - ਪਿੰਡ ਕਾਮਲਪੁਰਾ ਦੇ ਵਾਸੀ ਰਣਜੀਤ ਸਿੰਘ ਨੂੰ ਉਸ ਵੇਲੇ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨ ਤੋਂ ਇਲਾਵਾ ਸ਼ਸ਼ੋਪੰਜ ਦੀ ਸਥਿਤੀ ਨਾਲ 2-4 ਹੋਣਾ ਪਿਆ ਜਦੋਂ ਉਸ ਨੂੰ ਅਚਾਨਕ ਬੀਤੀ ਰਾਤ ਲਗਾਤਾਰ ਉਲਟੀਆਂ ਆਉਣ ਉਪਰੰਤ ਉਸ ਦੀ ਪਤਨੀ ਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਹਸਪਤਾਲ ਅਜਨਾਲਾ ਵਿਖੇ ਲਿਆਂਦਾ ਗਿਆ। ਇਸ ਸਬੰਧੀ ਉਕਤ ਮਰੀਜ਼ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ 'ਚ ਰਾਤ ਦੀ ਡਿਊਟੀ 'ਤੇ ਤਾਇਨਾਤ ਡਾ. ਨੀਲਮ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਕਤ ਡਾਕਟਰ ਵੱਲੋਂ ਉਨ੍ਹਾਂ ਨੂੰ ਬਿਨਾਂ ਕਿਸੇ ਚੈੱਕਅਪ ਦੇ ਇਹ ਕਿਹਾ ਗਿਆ ਕਿ ਰਣਜੀਤ ਸਿੰਘ ਨੂੰ ਡੇਂਗੂ ਦੀ ਬੀਮਾਰੀ ਹੋ ਗਈ ਹੈ, ਜਿਸ ਕਰ ਕੇ ਉਹ ਜਾਂ ਤਾਂ ਗੁਰੂ ਨਾਨਕ ਦੇਵ ਸਿਵਲ ਹਸਪਤਾਲ ਅੰਮ੍ਰਿਤਸਰ ਰੈਫਰ ਹੋ ਜਾਣ ਜਾਂ ਫਿਰ ਸਥਾਨਕ ਸ਼ਹਿਰ 'ਚ ਕਿਸੇ ਪ੍ਰਾਈਵੇਟ ਹਸਪਤਾਲ 'ਚ ਆਪਣਾ ਇਲਾਜ ਕਰਵਾ ਲੈਣ।
ਉਧਰ ਇਸ ਸਬੰਧੀ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਸੀਨੀ. ਮੀਤ ਪ੍ਰਧਾਨ ਪਵਨ ਸਰੀਨ, ਆਪਣਾ ਪੰਜਾਬ ਪਾਰਟੀ ਦੇ ਆਗੂ ਰੌਬਟ ਪੱਛੀਆ, ਐਡਵੋਕੇਟ ਨਾਨਕ ਸਿੰਘ ਭੱਟੀ ਆਦਿ ਨੇ ਦੱਸਿਆ ਕਿ ਸਰਹੱਦੀ ਸ਼ਹਿਰ 'ਚ ਸਰਕਾਰੀ ਡਾਕਟਰਾਂ ਵੱਲੋਂ ਸਵੈ-ਇੱਛਤ ਰਿਟਾਇਰਮੈਂਟ ਉਪਰੰਤ ਆਪਣੇ ਪ੍ਰਾਈਵੇਟ ਹਸਪਤਾਲ ਖੋਲ੍ਹ ਲਏ ਗਏ ਹਨ, ਜਿਸ ਕਾਰਨ ਕੁਝ ਸਰਕਾਰੀ ਡਾਕਟਰਾਂ ਤੇ ਸਿਵਲ ਹਸਪਤਾਲ ਅਜਨਾਲਾ ਦੇ ਕੁਝ ਮੁਲਾਜ਼ਮਾਂ ਵੱਲੋਂ ਅੰਦਰਖਾਤੇ ਮਿਲੀਭੁਗਤ ਕਰ ਕੇ ਆਮ ਤੇ ਐਮਰਜੈਂਸੀ ਕੇਸਾਂ ਦੇ ਮਰੀਜ਼ਾਂ ਨੂੰ ਮਾਮੂਲੀ ਬੀਮਾਰੀ ਨੂੰ ਵੀ ਵੱਡੀ ਤੇ ਭਿਆਨਕ ਬੀਮਾਰੀ ਦਾ ਹਊਆ ਖੜ੍ਹਾ ਕਰ ਕੇ ਸਰਹੱਦੀ ਗਰੀਬ ਮਰੀਜ਼ਾਂ ਦੀ ਭਾਰੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ।
ਉਧਰ ਜਦੋਂ ਸਿਵਲ ਸਰਜਨ ਡਾ. ਨਰਿੰਦਰ ਕੌਰ ਨੂੰ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਅਜਨਾਲਾ 'ਚ ਡੇਂਗੂ ਦੇ ਮਰੀਜ਼ਾਂ ਲਈ ਸਾਰੇ ਇੰਤਜ਼ਾਮ ਕੀਤੇ ਹੋਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਐੱਸ. ਐੱਮ. ਓ. ਅਜਨਾਲਾ ਨੂੰ ਪੁੱਛ ਸਕਦੇ ਹੋ ਪਰ ਜਦੋਂ ਸਿਵਲ ਹਸਪਤਾਲ ਅਜਨਾਲਾ ਦੇ ਐੱਸ. ਐੱਮ. ਓ. ਡਾ. ਬ੍ਰਿਜ ਸਹਿਗਲ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਨੇ ਕਿਹਾ ਕਿ ਡਾਕਟਰ ਸਾਹਿਬ ਕਿਸੇ ਰੁਝੇਵੇਂ 'ਚ ਹਨ, ਬਾਅਦ ਵਿਚ ਫੋਨ ਕਰਿਓ।
'ਮੋਹਾਲੀ' ਦੇ ਇਨ੍ਹਾਂ 10 ਹਜ਼ਾਰ ਫਲੈਟਾਂ 'ਚ ਹੁੰਦੀਆਂ ਨੇ ਗੈਂਗਸਟਰਾਂ ਦੀਆਂ ਮੀਟਿੰਗਾਂ, ਰਚੀਆਂ ਜਾਂਦੀਆਂ ਨੇ ਖੌਫਨਾਕ ਵਾਰਦਾਤਾਂ
NEXT STORY