ਅੰਮ੍ਰਿਤਸਰ/ਲੋਪੋਕੇ, (ਸੰਜੀਵ, ਸਤਨਾਮਲ): ਥਾਣਾ ਲੋਪੋਕੇ ਦੇ ਪਿੰਡ ਖਿਆਲਾ ਖੁਰਦ 'ਚ ਰਹਿਣ ਵਾਲੇ ਬਜ਼ੁਰਗ ਪਤੀ-ਪਤਨੀ ਨੂੰ ਦੇਰ ਰਾਤ ਘਰ 'ਚ ਦਾਖਲ ਹੋ ਕੇ ਕੁਝ ਅਣਪਛਾਤੇ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਨ੍ਹਾਂ ਦੇ ਲੜਕੇ ਵੱਲੋਂ ਵਾਰ-ਵਾਰ ਫੋਨ ਕਰਨ 'ਤੇ ਵੀ ਬਜ਼ੁਰਗ ਪਤੀ-ਪਤਨੀ ਨੇ ਨਹੀਂ ਚੁੱਕਿਆ ਅਤੇ ਅੰਮ੍ਰਿਤਸਰ ਰਹਿ ਰਿਹਾ ਉਨ੍ਹਾਂ ਦਾ ਲੜਕਾ ਨਿਰਮਲਜੀਤ ਸਿੰਘ ਉਨ੍ਹਾਂ ਨੂੰ ਦੇਖਣ ਪਿੰਡ ਜਾ ਪਹੁੰਚਿਆ। ਅੰਦਰੋਂ ਦਰਵਾਜ਼ਾ ਨਾ ਖੋਲ੍ਹਣ 'ਤੇ ਨਿਰਮਲਜੀਤ ਸਿੰਘ ਕੰਧ ਟੱਪ ਕੇ ਘਰ 'ਚ ਦਾਖਲ ਹੋਇਆ ਤਾਂ ਉਸ ਨੇ ਦੇਖਿਆ ਕਿ ਖੂਨ ਨਾਲ ਲੱਥਪਥ ਉਸ ਦੇ ਬਜ਼ੁਰਗ ਮਾਤਾ-ਪਿਤਾ ਮ੍ਰਿਤਕ ਹਾਲਤ 'ਚ ਪਏ ਹੋਏ ਸਨ, ਜਿਸ 'ਤੇ ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਮਰਨ ਵਾਲਾ ਰਿਟਾਇਰ ਅਧਿਆਪਕ ਕੁਲਵੰਤ ਸਿੰਘ ਤੇ ਉਸ ਦੀ ਪਤਨੀ ਪ੍ਰੀਤਮ ਕੌਰ ਸੀ। ਕੁਲਵੰਤ ਸਿੰਘ ਰਿਟਾਇਰਮੈਂਟ ਤੋਂ ਬਾਅਦ ਪਿੰਡ 'ਚ ਹੀ ਕੱਪੜੇ ਅਤੇ ਬਿਜਲੀ ਦਾ ਕੰਮ ਕਰਦਾ ਸੀ, ਜਿਸ ਦੇ ਬੱਚੇ ਸ਼ਹਿਰ 'ਚ ਰਹਿੰਦੇ ਸਨ ਅਤੇ ਉਹ ਆਪਣੀ ਪਤਨੀ ਨਾਲ ਪਿੰਡ 'ਚ ਰਹਿ ਰਿਹਾ ਸੀ। ਪਰਿਵਾਰ ਅਤੇ ਪੁਲਸ ਇਸ ਦੋਹਰੇ ਕਤਲ ਕਾਂਡ ਨੂੰ ਲੁੱਟ ਨਾਲ ਜੋੜ ਕੇ ਦੇਖ ਰਹੇ ਹਨ। ਫਿਲਹਾਲ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਹੱਤਿਆ ਦਾ ਕੇਸ ਦਰਜ ਕਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਐੱਸ. ਪੀ. ਡੀ. ਅਮਨਦੀਪ ਕੌਰ, ਥਾਣਾ ਲੋਪੋਕੇ ਦੇ ਇੰਚਾਰਜ ਇੰਸਪੈਕਟਰ ਹਰਪਾਲ ਸਿੰਘ ਅਤੇ ਚੌਕੀ ਰਾਮਤੀਰਥ ਰੋਡ ਦੇ ਇੰਚਾਰਜ ਏ. ਐੱਸ. ਆਈ. ਨਰਿੰਦਰ ਸਿੰਘ ਪੁਲਸ ਬਲ ਨਾਲ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਕਾਤਲਾਂ ਦਾ ਸੁਰਾਗ ਕੱਢਣ ਲਈ ਘਰ ਤੋਂ ਸਬੂਤ ਜੁਟਾ ਰਹੀ ਹੈ। ਲਾਸ਼ਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਵਾਰਦਾਤ ਕਰੀਬ 24 ਘੰਟੇ ਪਹਿਲਾਂ ਦੀ ਹੈ, ਜਦੋਂ ਕਿ ਇਸ ਦਾ ਪਤਾ ਅੱਜ ਦੇਰ ਰਾਤ ਲੱਗਾ।
ਨਿਤਨੇਮ ਕਰਨ ਵਾਲਾ ਸੀ ਬਜ਼ੁਰਗ ਜੋੜਾ
ਰਿਟਾਇਰਮੈਂਟ ਤੋਂ ਬਾਅਦ ਬਜ਼ੁਰਗ ਕੁਲਵੰਤ ਸਿੰਘ ਅਤੇ ਪ੍ਰੀਤਮ ਕੌਰ ਨਿਤਨੇਮ ਕਰਨ ਵਾਲਾ ਜੋੜਾ ਸੀ। ਹਰ ਰੋਜ਼ ਉਨ੍ਹਾਂ ਦਾ ਲੜਕਾ ਨਿਰਮਲਜੀਤ ਸਿੰਘ ਉਨ੍ਹਾਂ ਨੂੰ ਸ਼ਹਿਰ ਤੋਂ ਰੋਟੀ ਦੇਣ ਆਇਆ ਕਰਦਾ ਸੀ। ਕੁਲਵੰਤ ਸਿੰਘ ਦੀ ਪੋਤਰੀ ਦੇ ਵਿਆਹ ਦੇ ਸਿਲਸਿਲੇ 'ਚ ਪੂਰਾ ਪਰਿਵਾਰ ਨਿਰਮਲਜੀਤ ਸਿੰਘ ਦੇ ਘਰ ਇਕੱਠਾ ਹੋਇਆ ਸੀ ਅਤੇ ਅੱਜ ਕੁਲਵੰਤ ਸਿੰਘ ਨੇ ਵੀ ਆਪਣੀ ਪਤਨੀ ਪ੍ਰੀਤਮ ਕੌਰ ਨਾਲ ਅੰਮ੍ਰਿਤਸਰ ਜਾਣਾ ਸੀ, ਜਦੋਂ ਕੁਲਵੰਤ ਸਿੰਘ ਨੂੰ ਵਾਰ-ਵਾਰ ਫੋਨ ਕਰਨ 'ਤੇ ਉਨ੍ਹਾਂ ਫੋਨ ਨਹੀਂ ਚੁੱਕਿਆ ਤਾਂ ਨਿਰਮਲਜੀਤ ਸਿੰਘ ਉਨ੍ਹਾਂ ਨੂੰ ਦੇਖਣ ਪਿੰਡ ਆ ਗਿਆ, ਜਿਥੇ ਦੋਵਾਂ ਦਾ ਕਤਲ ਹੋ ਚੁੱਕਾ ਸੀ।
ਢੀਂਡਸਾ ਪਿਓ-ਪੁੱਤਰ 'ਤੇ ਕਾਰਵਾਈ ਕਰਨ ਦਾ ਅਧਿਕਾਰ ਪਾਰਟੀ ਦੀ ਕੋਰ ਕਮੇਟੀ ਕੋਲ : ਸੁਖਬੀਰ ਬਾਦਲ
NEXT STORY