ਦੋਦਾ/ਸ੍ਰੀ ਮੁਕਤਸਰ ਸਾਹਿਬ (ਲਖਵੀਰ ਸ਼ਰਮਾ, ਪਵਨ ਤਨੇਜਾ): ਨੇੜਲੇ ਪਿੰਡ ਖਿੜਕੀਆਂਵਾਲਾ ਵਿਚ ਨਾਜਾਇਜ਼ ਸਬੰਧਾਂ ਦੇ ਸ਼ੱਕ ਦੇ ਚੱਲਦਿਆਂ ਇਕ ਵਿਅਕਤੀ ਵੱਲੋਂ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ ਕਰਨ ਦੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮ੍ਰਿਤਕਾ ਦੀ ਪਛਾਣ ਗੁਰਸ਼ਵਿੰਦਰ ਕੌਰ ਵਜੋਂ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪਤੀ ਨੀਲਾ ਸਿੰਘ ਪੁੱਤਰ ਨਛੱਤਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਚਰਿੱਤਰ 'ਤੇ ਸ਼ੱਕ ਬਣਿਆ ਕਤਲ ਦਾ ਕਾਰਨ
ਪ੍ਰਾਪਤ ਜਾਣਕਾਰੀ ਅਨੁਸਾਰ ਐੱਸ.ਐੱਚ.ਓ. ਕੋਟਭਾਈ ਰਾਜਬੀਰ ਸਿੰਘ ਨੇ ਦੱਸਿਆ ਕਿ ਪਿੰਡ ਖਿੜਕੀਆਂਵਾਲਾ ਦੇ ਸਰਪੰਚ ਤਰਸੇਮ ਸਿੰਘ ਪੁੱਤਰ ਬੂਟਾ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਸਰਪੰਚ ਅਨੁਸਾਰ ਨੀਲਾ ਸਿੰਘ ਦਾ ਵਿਆਹ ਕਰੀਬ 16 ਸਾਲ ਪਹਿਲਾਂ ਗੁਰਸ਼ਵਿੰਦਰ ਕੌਰ (ਵਾਸੀ ਪਿੰਡ ਨਾਨਕਸਰ ਬਸਤੀ, ਕੋਟਕਪੂਰਾ) ਨਾਲ ਹੋਇਆ ਸੀ। ਦੋਵਾਂ ਦਾ ਇੱਕ ਲੜਕਾ ਅਤੇ ਇੱਕ ਲੜਕੀ ਹੈ।
ਨੀਲਾ ਸਿੰਘ ਆਪਣੀ ਪਤਨੀ ਦੇ ਚਰਿੱਤਰ 'ਤੇ ਲਗਾਤਾਰ ਸ਼ੱਕ ਕਰਦਾ ਸੀ, ਜਿਸ ਕਾਰਨ ਘਰ ਵਿੱਚ ਅਕਸਰ ਕਲੇਸ਼ ਰਹਿੰਦਾ ਸੀ। ਕਰੀਬ ਚਾਰ-ਪੰਜ ਦਿਨ ਪਹਿਲਾਂ ਵੀ ਦੋਵਾਂ ਵਿਚਾਲੇ ਤਕਰਾਰ ਹੋਈ ਸੀ, ਜਿਸ ਦੌਰਾਨ ਨੀਲਾ ਸਿੰਘ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਾਨ ਦੇ ਡਰੋਂ ਗੁਰਸ਼ਵਿੰਦਰ ਕੌਰ ਆਪਣੇ ਪੇਕੇ ਘਰ ਚਲੀ ਗਈ ਸੀ।
ਯੋਜਨਾਬੱਧ ਤਰੀਕੇ ਨਾਲ ਵਾਰਦਾਤ ਨੂੰ ਦਿੱਤਾ ਅੰਜਾਮ
ਬਿਆਨਾਂ ਮੁਤਾਬਕ 4 ਅਕਤੂਬਰ ਨੂੰ ਜਦੋਂ ਨੀਲਾ ਸਿੰਘ ਦਾ ਪਿਤਾ ਘਰੋਂ ਬਾਹਰ ਗਿਆ ਹੋਇਆ ਸੀ ਤਾਂ ਉਸ ਨੇ ਆਪਣੀ ਮਾਤਾ ਅਤੇ ਦੋਵਾਂ ਬੱਚਿਆਂ ਨੂੰ ਰਿਸ਼ਤੇਦਾਰਾਂ ਦੇ ਘਰ ਛੱਡ ਦਿੱਤਾ। ਇਸ ਤੋਂ ਬਾਅਦ ਉਹ ਮੋਟਰਸਾਈਕਲ 'ਤੇ ਆਪਣੇ ਸਹੁਰੇ ਪਰਿਵਾਰ ਕੋਲੋਂ ਗੁਰਸ਼ਵਿੰਦਰ ਕੌਰ ਨੂੰ ਵਾਪਸ ਪਿੰਡ ਖਿੜਕੀਆਂਵਾਲਾ ਲੈ ਆਇਆ। ਦੁਪਹਿਰ ਵੇਲੇ ਘਰ 'ਚ ਇਕੱਲੀ ਗੁਰਸ਼ਵਿੰਦਰ ਕੌਰ ਦਾ ਨੀਲਾ ਸਿੰਘ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਪੁਲਸ ਵੱਲੋਂ ਮੁਲਜ਼ਮ ਦੀ ਭਾਲ ਜਾਰੀ
ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀਆਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਇਸੇ ਦੌਰਾਨ ਡੀ. ਐਸ. ਪੀ. ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਟੀਮਾਂ ਦਾ ਗਠਨ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮ ਸਲਾਖਾਂ ਪਿੱਛੇ ਹੋਵੇਗਾ।
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ POWER CUT! ਸਾਰਾ ਦਿਨ ਨਹੀਂ ਆਉਣੀ ਬੱਤੀ
NEXT STORY