ਚੰਡੀਗੜ੍ਹ, (ਬਿਊਰੋ)- ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਮਾਲਵੇ ਦੇ ਨਰਮੇ ਪੱਟੀ ਦੇ ਕਿਸਾਨਾਂ ਨੂੰ ਮਿਲਣ ਦੇ ਪ੍ਰੋਗਰਾਮ ਨੂੰ ਰਾਜਨੀਤੀ ਕਹਿਣ ਉਤੇ ਪਲਟਵਾਰ ਕਰਦਿਆਂ ਅੱਜ ਖਹਿਰਾ ਨੇ ਮੁੱਖ ਮੰਤਰੀ ਉਤੇ ਚੋਣਾਂ ਦੌਰਾਨ ਕਰਜ਼ਾ ਮੁਆਫੀ ਅਤੇ ਕਿਸਾਨ ਆਤਮ-ਹੱਤਿਆਵਾਂ ਸੰਬੰਧੀ ਝੂਠ ਬੋਲ ਕੇ ਇਸ ਮੁੱਦੇ ਉਤੇ ਰਾਜਨੀਤੀ ਕਰਨ ਲਈ ਉਨ੍ਹਾਂ ਦੀ ਆਲੋਚਨਾ ਕੀਤੀ। ਖਹਿਰਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਨੇ ਆਪਣੇ ਹਸਤਾਖਰਾਂ ਵਾਲਾ ਫਾਰਮ ਭਰਾ ਕੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨ ਦੀ ਗੱਲ ਕਹੀ ਸੀ ਪਰ ਚੋਣਾਂ ਤੋਂ ਬਾਅਦ ਇਸ ਤੋਂ ਮੁੱਕਰ ਗਏ ਹਨ। ਉਨ੍ਹਾਂ ਕਿਹਾ ਕਿ ਕੈਪਟਨ ਦੀ ਇਸ ਵਾਅਦਾ ਖਿਲਾਫੀ ਕਾਰਨ ਕਿਸਾਨ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਅਤੇ ਸੂਬੇ ਵਿਚ ਆਤਮ-ਹੱਤਿਆਵਾਂ ਦੀ ਰਫਤਾਰ ਹੋਰ ਤੇਜ਼ ਹੋ ਗਈ ਹੈ।
ਜਾਰੀ ਬਿਆਨ ਵਿਚ ਖਹਿਰਾ ਨੇ ਕਿਹਾ ਕਿ ਕੋਈ ਉਸਾਰੂ ਗੱਲ ਕਰਨ ਜਾਂ ਕਿਸਾਨਾਂ ਨੂੰ ਕੋਈ ਰਾਹਤ ਦੇਣ ਦੀ ਥਾਂ ਕੈ. ਅਮਰਿੰਦਰ ਸਿੰਘ ਨਰਮੇ ਦੀ ਖਰਾਬ ਹੋਈ ਫਸਲ ਅਤੇ ਆਤਮ-ਹੱਤਿਆਵਾਂ ਲਈ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਨੁਮਾਇੰਦਾ ਹੋਣ ਦੀ ਸੂਰਤ ਵਿਚ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੀੜਤ ਕਿਸਾਨਾਂ ਨੂੰ ਮਿਲ ਕੇ ਉਨ੍ਹਾਂ ਦੇ ਮੁੱਦਿਆਂ ਨੂੰ ਬਿਨਾਂ ਆਲੋਚਨਾ ਦਾ ਡਰ ਮੰਨਦਿਆਂ ਲਗਾਤਾਰ ਚੁਕਦੇ ਰਹਿਣ। ਖਹਿਰਾ ਨੇ ਕਿਹਾ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹਾਂ, ਜਿਸ ਕਾਰਨ ਹੀ ਵਿਸ਼ਵ ਭਰ ਵਿਚ ਰਹਿੰਦੇ ਪੰਜਾਬੀਆਂ ਨੇ ਕਿਸਾਨਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਪੰਜਾਬ ਸਰਕਾਰ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਉਤੇ ਗੰਭੀਰਤਾ ਨਾਲ ਵਿਚਾਰ ਕਰਕੇ ਦੱਸਣਾ ਚਾਹੀਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੁਆਰਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਆਤਮ-ਹੱਤਿਆ ਨਾ ਕਰਨ ਦੀ ਅਪੀਲ ਦਾ ਕੀ ਕੋਈ ਅਸਰ ਹੋਇਆ ਹੈ। ਸਰਕਾਰ ਸਥਾਪਤੀ ਤੋਂ ਬਾਅਦ ਕਿਸਾਨ ਆਤਮ-ਹੱਤਿਆਵਾਂ ਦੇ ਮਾਮਲੇ ਵਿਚ ਆਈ ਤੇਜ਼ੀ ਤੋਂ ਇਹ ਸਿੱਧ ਹੁੰਦਾ ਹੈ ਕਿ ਕਿਸਾਨਾਂ ਦਾ ਪੰਜਾਬ ਸਰਕਾਰ ਤੋਂ ਭਰੋਸਾ ਉਠ ਗਿਆ ਹੈ।
ਮਾਲਵਾ ਖੇਤਰ ਵਿਚ ਨਰਮੇ ਦੀ ਫਸਲ ਉਤੇ ਚਿੱਟੀ ਮੱਖੀ ਦੇ ਹਮਲੇ ਬਾਰੇ ਬੋਲਦਿਆਂ ਖਹਿਰਾ ਨੇ ਇਸ ਲਈ ਕਾਂਗਰਸ ਸਰਕਾਰ ਉਤੇ ਸੂਬੇ ਵਿਚ ਬਾਦਲ ਸਰਕਾਰ ਵਾਂਗ ਨਕਲੀ ਬੀਜ ਅਤੇ ਕੀਟਨਾਸ਼ਕ ਮਾਫੀਆ ਨੂੰ ਸ਼ਹਿ ਦੇਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਕਾਂਗਰਸ ਪਾਰਟੀ ਨੇ ਜਥੇਦਾਰ ਤੋਤਾ ਸਿੰਘ ਨੂੰ ਕੀਟਨਾਸ਼ਕ ਘੋਟਾਲੇ ਲਈ ਜ਼ਿੰਮੇਵਾਰ ਠਹਿਰਾਇਆ ਸੀ ਪਰ ਹੁਣ ਉਹ ਖੁਦ ਉਸੇ ਰਾਹ 'ਤੇ ਤੁਰ ਪਏ ਹਨ। ਖਹਿਰਾ ਨੇ ਪੁੱਛਿਆ ਕਿ ਜੇਕਰ ਤੋਤਾ ਸਿੰਘ ਬਹੁ-ਕਰੋੜੀ ਕੀਟਨਾਸ਼ਕ ਘੋਟਾਲੇ ਦਾ ਦੋਸ਼ੀ ਸੀ ਤਾਂ ਕੈਪਟਨ ਸਰਕਾਰ ਨੇ ਹੁਣ ਤੱਕ ਉਨ੍ਹਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ।
ਪੰਜਾਬ ਪੁਲਸ ਵਲੋਂ ਸਾਰਾ ਕਰਜ਼ਾ ਵਾਪਸ ਕਰਨ ਦੇ ਬਾਵਜੂਦ ਵੀ ਗਿੱਦੜਬਾਹਾ ਦੇ ਕਿਸਾਨ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਆਲੋਚਨਾ ਕਰਦਿਆਂ ਖਹਿਰਾ ਨੇ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਕੈਪਟਨ ਦੁਆਰਾ ਸ਼ੁਰੂ ਕੀਤੀ 'ਕਰਜ਼ਾ ਕੁਰਕੀ ਖਤਮ' ਮੁਹਿੰਮ ਸੰਪੂਰਨ ਤੌਰ 'ਤੇ ਫੇਲ ਹੋ ਗਈ ਹੈ। ਕੈ. ਅਮਰਿੰਦਰ ਸਿੰਘ ਨੂੰ ਕਿਸਾਨ ਆਤਮਹੱਤਿਆਵਾਂ, ਕਰਜ਼ਾ ਅਤੇ ਕਰਜ਼ਾ ਮੁਆਫੀ ਦੇ ਝੂਠੇ ਵਾਅਦੇ ਉਤੇ ਬਹਿਸ ਕਰਨ ਦੀ ਚੁਣੌਤੀ ਦਿੰਦਿਆਂ ਖਹਿਰਾ ਨੇ ਕਿਹਾ ਕਿ ਉਹ ਆਪਣੀ ਸਹੂਲਤ ਅਨੁਸਾਰ ਸਮਾਂ ਅਤੇ ਸਥਾਨ ਨਿਰਧਾਰਿਤ ਕਰਕੇ ਬਹਿਸ ਕਰਨ।
ਗੈਂਗਸਟਰ ਪਿਸਤੌਲ ਸਣੇ ਚੜ੍ਹਿਆ ਪੁਲਸ ਹੱਥੇ
NEXT STORY