ਸਮਾਣਾ, (ਦਰਦ)- ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਲੇਟਫਾਰਮ (ਆਈ. ਡੀ. ਪੀ.) ਬਲਾਕ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਸਾਂਝੇ ਤੌਰ 'ਤੇ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਐੱਸ. ਡੀ. ਐੱਮ. ਦਫਤਰ ਸਮਾਣਾ ਵਿਖੇ ਸਰਕਾਰ ਦੀ ਵਾਅਦਾ-ਖਿਲਾਫੀ ਵਿਰੁੱਧ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਆਈ. ਡੀ. ਪੀ. ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਥੂਹੀ, ਨੈਸ਼ਨਲ ਕਮੇਟੀ ਮੈਂਬਰ ਦਰਸ਼ਨ ਸਿੰਘ ਧਨੇਠਾ ਅਤੇ ਬੀ. ਕੇ. ਯੂ. ਦੇ ਬਲਾਕ ਪ੍ਰਧਾਨ ਅਜੈਬ ਸਿੰਘ ਚਹਿਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਅਨੁਸਾਰ ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਅਤੇ ਖੇਤ ਮਜ਼ਦੂਰ ਸਮੁੱਚੇ ਦੇਸ਼ ਦਾ ਪੇਟ ਭਰ ਰਿਹਾ ਹੈ ਪਰ ਆਪ ਉਹ ਮੰਦਹਾਲੀ ਵਿਚ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ। ਇਸ ਦਾ ਦੋਸ਼ ਉਨ੍ਹਾਂ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ 'ਤੇ ਲਾਉਂਦਿਆਂ ਕਿਹਾ ਕਿ ਇਹ ਸਰਕਾਰ ਦੀ ਪੱਖਪਾਤੀ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਰਜ਼ਾ ਕੁਰਕੀ ਖਤਮ ਕਰ ਕੇ ਫਸਲ ਦੀ ਪੂਰੀ ਰਕਮ ਦੇਣ ਦਾ ਚੋਣ ਮਨੋਰਥ ਪੱਤਰ ਦਾ ਵਾਅਦਾ ਨਿਭਾਇਆ ਜਾਵੇ। ਸ਼ੁਰੂਆਤੀ ਤੌਰ 'ਤੇ ਤੁਰੰਤ ਹੱਕ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰਦਿਆਂ 5 ਏਕੜ ਤੱਕ ਵਾਲੇ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ।
ਇਸ ਦੌਰਾਨ ਜ਼ਿਲਾ ਪ੍ਰਧਾਨ ਖਿਆਲੀ ਰਾਮ ਪਾਤੜਾਂ ਨੇ ਮੰਗ ਕਰਦਿਆਂ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੀ ਤਰ੍ਹਾਂ ਹੀ ਖੇਤੀ ਅਤੇ ਗੈਰ-ਸੰਸਕ੍ਰਿਤ ਧੰਦਿਆਂ ਨਾਲ ਜੁੜੇ ਬਜ਼ੁਰਗਾਂ ਨੂੰ ਘੱਟੋ-ਘੱਟ ਉਜਰਤ ਦਾ ਅੱਧਾ ਹਿੱਸਾ ਪੈਨਸ਼ਨ ਦੇ ਰੂਪ ਵਿਚ ਦੇਣ ਦਾ ਪ੍ਰਬੰਧ ਕੀਤਾ ਜਾਵੇ। ਕਿਸਾਨਾਂ-ਮਜ਼ਦੂਰਾਂ ਅਤੇ ਹੋਰ ਗਰੀਬਾਂ ਦੇ ਬੱਚਿਆਂ ਨੂੰ ਬਰਾਬਰ ਦੀ ਪੜ੍ਹਾਈ ਲਈ ਇਕ ਸਾਰ ਸਕੂਲ ਪ੍ਰਣਾਲੀ ਲਾਗੂ ਕਰਨ ਲਈ ਅਲਾਹਾਬਾਦ ਹਾਈ ਕੋਰਟ ਦਾ ਫੈਸਲਾ ਲਾਗੂ ਕੀਤਾ ਜਾਵੇ, ਪੰਜ ਮੈਂਬਰਾਂ ਦੇ ਪਰਿਵਾਰ ਦੀ 18 ਹਜ਼ਾਰ ਰੁਪਏ ਮਹੀਨਾ ਆਮਦਨ ਯਕੀਨੀ ਬਣਾਈ ਜਾਵੇ। ਉਨ੍ਹਾਂ ਪੰਜ ਏਕੜ ਵਾਲੇ ਕਿਸਾਨਾਂ ਨੂੰ ਆਪਣੇ ਖੇਤ ਵਿਚ ਕੰਮ ਕਰਨ ਅਤੇ ਮਜ਼ਦੂਰਾਂ ਲਈ 100 ਦਿਨ ਮਗਨਰੇਗਾ ਦੀ ਮਿਲੀ ਸੁਵਿਧਾ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦੀ ਮੰਗ ਕੀਤੀ। ਧਰਨੇ ਨੂੰ ਆਈ. ਡੀ. ਪੀ. ਦੇ ਬਲਾਕ ਪ੍ਰਧਾਨ ਕਿਰਨਾ ਰਾਣੀ ਕੁਲਾਰਾਂ, ਜਨਰਲ ਸਕੱਤਰ ਗੁਰਭੇਜ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜਸਵੰਤ ਰਾਜਗੜ੍ਹ ਅਤੇ ਗੁਲਜ਼ਾਰ ਸਿੰਘ ਅਸਮਾਨਪੁਰ ਤੋਂ ਇਲਾਵਾ ਬੀ. ਕੇ. ਯੂ. ਲੱਖੋਵਾਲ ਦੇ ਜ਼ਿਲਾ ਜਨਰਲ ਸਕੱਤਰ ਸੁਰਿੰਦਰ ਸ਼ਾਹਪੁਰ ਨੇ ਵੀ ਸੰਬੋਧਨ ਕੀਤਾ। ਸ਼੍ਰੀ ਰਾਮ ਕ੍ਰਿਸ਼ਨ ਤਹਿਸੀਲਦਾਰ ਨੇ ਧਰਨੇ ਵਿਚ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ।
ਸੜਕ ਹਾਦਸਿਆਂ 'ਚ 2 ਦੀ ਮੌਤ,1 ਜ਼ਖਮੀ
NEXT STORY