ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਨੂੰ ਅੱਜ ਉਸ ਸਮੇਂ ਭਾਰੀ ਸਫ਼ਲਤਾ ਮਿਲੀ, ਜਦੋਂ ਪੁਲਸ ਵਲੋਂ 475 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਜਸਵਿੰਦਰ ਸਿੰਘ ਵਾਸੀ ਕਕਰਾਲਾ ਕਲਾਂ ਥਾਣਾ ਸਮਰਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸ਼ਰਾਬ ਬਿਨਾਂ ਬਰਾਂਡ ਅਤੇ ਬਿਨਾਂ ਲੇਬਲ ਤੋਂ ਹੈ, ਜੋ ਕਿ ਸ਼ਰਾਬ ਪੀਣ ਵਾਲਿਆਂ ਲਈ ਘਾਤਕ ਸਾਬਿਤ ਹੋ ਸਕਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੁਖੀ ਇੰਸਪੈਕਟਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੰਤੋਖ ਸਿੰਘ ਟੀ-ਪੁਆਇੰਟ ਲੱਖੋਵਾਲ ਨੇੜ੍ਹੇ ਗਸ਼ਤ ਕਰ ਰਿਹਾ ਸੀ ਕਿ ਉਸ ਨੂੰ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਜਸਵਿੰਦਰ ਸਿੰਘ ਇੱਕ ਟਾਟਾ ਟੈਂਪੂ-407 ਵਿਚ ਨਜਾਇਜ਼ ਸ਼ਰਾਬ ਲਿਆ ਕੇ ਮਹਿੰਗੇ ਭਾਅ 'ਤੇ ਵੇਚਣ ਲਈ ਲੈ ਕੇ ਆ ਰਿਹਾ ਹੈ, ਜਿਸ 'ਤੇ ਪੁਲਸ ਨੇ ਮੁੱਖ ਚੌਂਕ ਵਿਖੇ ਨਾਕਾਬੰਦੀ ਕਰ ਲਈ। ਪੁਲਸ ਵਲੋਂ ਇਸ ਟੈਂਪੂ ਨੂੰ ਜਦੋਂ ਜਾਂਚ ਲਈ ਰੋਕਿਆ ਗਿਆ ਤਾਂ ਉਸ ਨੂੰ ਡਰਾਈਵਰ ਜਸਵਿੰਦਰ ਸਿੰਘ ਚਲਾ ਰਿਹਾ ਸੀ ਅਤੇ ਟੈਂਪੂ ਦੀ ਜਾਂਚ ਦੌਰਾਨ ਉਸ 'ਚੋਂ 475 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਹੋਈਆਂ। ਪੁਲਸ ਨੇ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮਾਛੀਵਾੜਾ ਪੁਲਸ ਥਾਣਾ ਵਿਚ ਇਹ ਪਹਿਲਾ ਮਾਮਲਾ ਹੈ ਕਿ ਕੋਈ ਨਾਜਾਇਜ਼ ਸ਼ਰਾਬ ਬਿਨਾਂ ਬਰਾਂਡ ਜਾਂ ਲੇਬਲ ਤੋਂ ਫੜ੍ਹੀ ਗਈ ਹੋਵੇ। ਹੋਰ ਤਾਂ ਹੋਰ ਸ਼ਰਾਬ ਦੇ ਬੋਤਲ ਦੇ ਢੱਕਣ 'ਤੇ ਵੀ ਕੋਈ ਬਰਾਂਡ ਨਹੀਂ ਛਪਿਆ ਹੋਇਆ ਸੀ ਅਤੇ ਪੁਲਸ ਤੇ ਐਕਸਾਈਜ਼ਵਿਭਾਗ ਲਈ ਇਹ ਵੱਡੀ ਚੁਣੌਤੀ ਹੈ ਕਿ ਇਹ ਨਾਜਾਇਜ਼ ਸ਼ਰਾਬ ਕੌਣ ਬਣਾ ਰਿਹਾ ਅਤੇ ਇਸ ਨੂੰ ਕਿੱਥੇ-ਕਿੱਥੇ ਵੇਚਿਆ ਜਾ ਰਿਹਾ ਹੈ। ਬਿਨਾਂ ਬਰਾਂਡ ਤੇ ਬਿਨਾਂ ਲੇਬਲ ਤੋਂ ਵੇਚੀ ਜਾ ਰਹੀ ਸ਼ਰਾਬ ਪਿਆਕੜਾਂ ਲਈ ਵੀ ਘਾਤਕ ਸਾਬਿਤ ਹੋ ਸਕਦੀ ਹੈ ਕਿਉਂਕਿ ਇਸ 'ਤੇ ਬਾਅਦ ਵਿਚ ਤਸਕਰਾਂ ਵਲੋਂ ਬਰਾਂਡ ਦਾ ਲੇਬਲ ਲਾ ਕੇ ਮਹਿੰਗੇ ਭਾਅ ਵੇਚਣਾ ਸੀ ਅਤੇ ਅਜਿਹੀ ਬਿਨਾਂ ਲੇਬਲ ਤੋਂ ਨਾਜਾਇਜ਼ ਸ਼ਰਾਬ ਜ਼ਹਿਰੀਲੀ ਵੀ ਹੋ ਸਕਦੀ ਹੈ। ਪੁਲਸ ਵਲੋਂ ਫਿਲਹਾਲ ਡਰਾਈਵਰ ਨੂੰ ਕਾਬੂ ਕਰ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
150 ਰੁਪਏ ਬੋਤਲ ਵਿਕਦੀ ਹੈ ਨਾਜਾਇਜ਼ ਸ਼ਰਾਬ
ਮਾਛੀਵਾੜਾ ਇਲਾਕੇ 'ਚ ਨਾਜਾਇਜ਼ ਸ਼ਰਾਬ ਦੀ ਵਿਕਰੀ ਦੇ ਮਾਮਲੇ ਕਾਫ਼ੀ ਵਧੇ ਹਨ ਅਤੇ ਜਾਣਕਾਰੀ ਅਨੁਸਾਰ ਇਹ ਪਲਾਸਟਿਕ ਬੋਤਲ ਵਾਲੀ ਨਾਜਾਇਜ਼ ਸ਼ਰਾਬ 'ਤੇ ਵੱਖ-ਵੱਖ ਕੰਪਨੀਆਂ ਦੇ ਅੰਗਰੇਜ਼ੀ ਬਰਾਂਡ ਵਾਲੇ ਲੇਬਲ ਲਾ ਕੇ 150 ਰੁਪਏ 'ਚ ਵੇਚੀ ਜਾ ਰਹੀ ਹੈ। ਜੇਕਰ ਇਹ ਬਿਨ੍ਹਾਂ ਲੇਬਲ ਵਾਲੀ ਨਾਜਾਇਜ਼ ਸ਼ਰਾਬ ਦੀ ਵਿਕਰੀ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਕਿਸੇ ਵੀ ਸਮੇਂ ਇਲਾਕੇ 'ਚ ਜ਼ਹਿਰੀਲੀ ਸ਼ਰਾਬ ਕੋਈ ਵੱਡਾ ਜਾਨੀ ਨੁਕਸਾਨ ਕਰ ਸਕਦੀ ਹੈ। ਇਸ ਲਈ ਪੁਲਸ ਤੇ ਐਕਸਾਈਜ਼ ਵਿਭਾਗ ਲਈ ਜ਼ਰੂਰੀ ਹੈ ਕਿ ਇਹ ਨਾਜਾਇਜ਼ ਸ਼ਰਾਬ ਦੀ ਤਸਕਰੀ ਪਿੱਛੇ ਕੌਣ ਹਨ, ਉਨ੍ਹਾਂ ਦਾ ਪਰਦਾਫ਼ਾਸ਼ ਕਰੇ।
ਮੀਂਹ ਦੇ ਪਾਣੀ ਨੇ ਖੋਲ੍ਹੀ ਮੋਗਾਂ ਦੇ ਨਗਰ ਨਿਗਮ ਦੀ ਪੋਲ (ਵੀਡੀਓ)
NEXT STORY