ਰੂਪਨਗਰ (ਵਿਜੇ ਸ਼ਰਮਾ) : ਰੂਪਨਗਰ ਨੇੜੇ ਗੈਰ-ਕਾਨੂੰਨੀ ਕਰੋੜਾਂ ਰੁਪਏ ਦਾ ਮਾਈਨਿੰਗ ਦਾ ਇਕ ਬਹੁਤ ਵੱਡਾ ਘਪਲਾ ਸਾਹਮਣੇ ਆਇਆ ਹੈ ਜਿਥੇ ਲੱਗਭਗ 200 ਦੇ ਕਰੀਬ ਰੇਤ ਦੇ ਟਿੱਪਰ ਰੋਜ਼ਾਨਾ ਗੈਰ-ਕਾਨੂੰਨੀ ਤੌਰ ’ਤੇ ਭਰ ਕੇ 20 ਤੋਂ 25 ਹਜ਼ਾਰ ਰੁ. ਪ੍ਰਤੀ ਟਿੱਪਰ ਖੁੱਲ੍ਹੀ ਮਾਰਕੀਟ ’ਚ ਵੇਚੇ ਜਾ ਰਹੇ ਹਨ ਜਿਸ ਕਾਰਨ ਆਈ.ਆਈ. ਟੀ. ਰੂਪਨਗਰ ਮਾਰਗ ’ਤੇ ਇਨ੍ਹਾਂ ਟਿੱਪਰਾਂ ਕਾਰਨ ਆਮ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਅਤੇ ਰੋਜ਼ਾਨਾ ਇਨ੍ਹਾਂ ਟਿੱਪਰਾਂ ਕਾਰਨ ਸੜਕ ’ਤੇ ਵਾਰ-ਵਾਰ ਜਾਮ ਲੱਗ ਰਹੇ ਹਨ। ਇਸ ਕਾਰਨ ਆਮ ਲੋਕਾਂ ਦਾ ਉਥੋ ਲੰਘਣਾ ਮੁਸ਼ਕਿਲ ਹੋ ਰਿਹਾ ਹੈ। ਜਦੋਂ ਇਸ ਸਬੰਧ ’ਚ ਮਾਈਨਿੰਗ ਵਿਭਾਗ ਦੇ ਇੰਜੀਨੀਅਰ ਗੁਰਤੇਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਦਰਿਆ ਸਤਲੁਜ ’ਚੋਂ ਸਿਲਟ ਕੱਢਣ ਦਾ ਬਕਾਇਦਾ ਠੇਕਾ ਦਿੱਤਾ ਗਿਆ ਹੈ ਅਤੇ ਠੇਕੇਦਾਰ ਵਲੋਂ ਰੋਜ਼ਾਨਾ 50 ਟਿੱਪਰ ਸਿਲਟ ਦੇ ਕੱਢੇ ਜਾ ਰਹੇ ਹਨ ਇਸ ਲਈ ਪੰਜਾਬ ਸਰਕਾਰ ਸਰਕਾਰ ਠੇਕੇਦਾਰ ਨੂੰ ਸਿਲਟ ਕੱਢਣ ’ਤੇ ਪੈਸੇ ਵੀ ਦੇ ਰਹੀ ਹੈ ਜਦਕਿ ਠੇਕੇਦਾਰ ਰੋਜ਼ਾਨਾ 200 ਦੇ ਕਰੀਬ ਟਿੱਪਰ ਖੁੱਲ੍ਹੀ ਮਾਰਕੀਟ ’ਚ ਵੇਚ ਕੇ ਕਰੋੜਾਂ ਰੁਪਏ ਕਮਾ ਰਿਹਾ ਹੈ।
ਇਹ ਵੀ ਪੜ੍ਹੋ : 'ਨੇਤਾ ਜੀ ਸਤਿ ਸ੍ਰੀ ਅਕਾਲ' ’ਚ 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ, ਸੁਣੋ ਤਿੱਖੇ ਸਵਾਲਾਂ ਦੇ ਜਵਾਬ
ਸਿਲਟ ਕੱਢਣ ਦਾ ਮੌਕੇ ’ਤੇ ਕੋਈ ਰਿਕਾਰਡ ਨਹੀਂ ਹੈ ਕਿ ਕਿੰਨੇ ਟਿੱਪਰ ਰੋਜ਼ਾਨਾ ਕੱਢੇ ਜਾ ਰਹੇ ਹਨ ਅਤੇ ਇਸਦਾ ਪੈਸਾ ਕਿਸ ਖਾਤੇ ’ਚ ਜਮ੍ਹਾ ਹੋ ਰਿਹਾ ਹੈ। ਇੰਝ ਲੱਗਦਾ ਹੈ ਕਿ ਠੇਕੇਦਾਰ ਅਤੇ ਕੁਝ ਅਫਸਰਾਂ ਦੀ ਮਿਲੀ ਭੁਗਤ ਨਾਲ ਕਾਨੂੰਨੀ ਠੇਕੇ ਦੇ ਨਾਂ ’ਤੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਪੰਜਾਬ ਸਰਕਾਰ ਵੱਲੋਂ ਰੇਤ ਸਸਤਾ ਵੇਚਣ ਦੇ ਦਾਅਵੇ ਤੋਂ ਉਲਟ ਲੋਕਾਂ ਨੂੰ ਰੇਤਾ ਨਾ ਮਿਲਣ ਦੇ ਕਾਰਨ ਬੁਰੀ ਤਰ੍ਹਾਂ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ ਜਿਸ ’ਚ ਨਾ ਹੀ ਟਰੱਕਾਂ ਨੂੰ ਰੇਤਾ, ਨਾ ਰੋਜ਼ਗਾਰ ਅਤੇ ਨਾ ਹੀ ਲੋਕਾਂ ਨੂੰ ਸਸਤੇ ਭਾਅ ’ਤੇ ਰੇਤਾ ਮਿਲ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਮਕਾਨ ਬਣਾਉਣ ’ਚ ਭਾਰੀ ਮੁਸ਼ਕਿਲ ਆ ਰਹੀ ਹੈ। ਇਕ ਪਾਸੇ ਮਹਿੰਗਾਈ ਤੋਂ ਲੋਕ ਮਾਨਸਿਕ ਪੱਖੋਂ ਪਰੇੇਸ਼ਾਨ ਹਨ ਦੂਜਾ ਰੇਤ, ਬੱਜਰੀ ਮਹਿੰਗੇ ਰੇਟਾਂ ’ਤੇ ਵੀ ਨਹੀ ਮਿਲ ਰਿਹਾ। ਲੋਕਾਂ ‘ਆਪ’ ਸਰਕਾਰ ਨੂੰ ਬੁਰੀ ਤਰ੍ਹਾਂ ਕੋਸ ਰਹੇ ਹਨ। ਲੋਕਾਂ ਨੂੰ 20,000 ਤੋਂ 25,000 ਰੁ. ਤੱਕ ਰੇਤ ਦਾ ਟਰੱਕ ਮਿਲ ਰਿਹਾ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਐਨੀ ਵੱਧ ਕੀਮਤ ’ਤੇ ਵੀ ਲੋਕਾਂ ਨੂੰ ਰੇਤ ਨਹੀ ਮਿਲ ਰਿਹਾ। ਰੂਪਨਗਰ ਵਿਖੇ ਪੰਜਾਬ ਭਰ ਤੋਂ ਦਰਿਆ ਸਤਲੁਜ ’ਚੋਂ ਚਾਰ ਪੋਕਲਾਈਨ ਮਸ਼ੀਨਾਂ ਰਾਹੀਂ ਟਰੱਕਾਂ ’ਚ ਰੇਤ ਲੋਡ ਕੀਤਾ ਜਾ ਰਿਹਾ ਜਦਕਿ ਇਕ ਟਰੱਕ ਦੀ ਵਾਰੀ ਇਕ ਤੋਂ ਚਾਰ ਦਿਨ ਤੋਂ ਬਾਅਦ ਆ ਰਹੀ ਹੈ ਕਿਉਂਕਿ ਪੰਜਾਬ ਭਰ ਤੋਂ ਸੈਂਕਡ਼ੇ ਟਰੱਕ ਇਥੇ ਜਮ੍ਹਾ ਹੋਣ ਲੱਗੇ ਹਨ। ‘ਆਪ’ ਸਰਕਾਰ ’ਤੇ ਭਡ਼ਾਸ ਕੱਢਦੇ ਡਰਾਈਵਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਾ ਤਾਂ ਪੀਣ ਲਈ ਪਾਣੀ ਅਤੇ ਨਾ ਸਮੇਂ ਸਿਰ ਰੋਟੀ ਮਿਲ ਰਹੀ ਹੈ। ਲੋਕਾਂ ’ਚ ਭਾਰੀ ਰੋਸ ਹੈ ਕਿ ਸਰਕਾਰ ਉਨ੍ਹਾਂ ਨੂੰ ਸਸਤਾ ਰੇਤ/ਬੱਜਰੀ ਤਾਂ ਉਪਲੱਬਧ ਨਾ ਕਰਵਾ ਸਕੀ ਉਲਟਾ ਕਰੋਡ਼ਾਂ ਰੁਪਏ ਦਾ ਚੂਨਾ ਸਰਕਾਰ ਅਤੇ ਵਿਭਾਗ ਨੂੰ ਲੱਗ ਰਿਹਾ ਹੈ। ਪੰਜਾਬ ’ਚ ਸਰਕਾਰ ਦੁਆਰਾ ਸਸਤਾ ਰੇਤ/ਬੱਜਰੀ ਉਪਲੱਬਧ ਕਰਵਾਉਣ ਲਈ ਸਰਕਾਰ ਨੇ ਸਤਲੁਜ ਦਰਿਆ ਤੋਂ ਡੀ ਸਿਲਟਿੰਗ ਕਰਵਾਉਦੇ ਹੋਏ 5.50 ਰੁ. ਰੇਤ ਵੇਚਣ ਦੀ ਯੋਜਨਾ ਬਣਾਈ ਹੋਈ ਸੀ ਪਰ ਇਸ ਵਕਤ ਰੇਤ ਮਾਰਕੀਟ ’ਚ ਉਪਲੱਬਧ ਨਾ ਹੋਣ ਕਾਰਨ ਲੱਗਭੱਗ 25 ਤੋਂ 30 ਹਜ਼ਾਰ ਰੁ. ਤੱਕ ਰੇਤ ਦਾ ਟਰੱਕ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਕਲਯੁੱਗੀ ਮਾਂ : ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ 4 ਬੱਚਿਆਂ ਸਣੇ ਪੂਰੇ ਪਰਿਵਾਰ ਨੂੰ ਜ਼ਹਿਰ ਦੇ ਕੇ ਆਸ਼ਕ ਨਾਲ ਹੋਈ ਫਰਾਰ
ਭਾਰ ਤੋਲਣ ਲਈ ਲੱਗਿਆ ਕੰਡਾ ਪਰ ਬਿਨਾਂ ਤੋਲ ਦੇ ਲੰਘਾਏ ਜਾ ਰਹੇ ਟਰੱਕ
ਅੱਜ ‘ਜਗ ਬਾਣੀ’ ਟੀਮ ਵਲੋਂ ਗਰਾਊਂਡ ਜ਼ੀਰੋ ਲੈਵਲ ’ਤੇ ਆਈ.ਆਈ.ਟੀ. ਰੂਪਨਗਰ ਨੇੜੇ ਡੀ ਸਿਲਟਿੰਗ ਕਰ ਰਹੇ ਸਤਲੁਜ ਦਰਿਆ ’ਚ ਜਾ ਕੇ ਦੇਖਿਆ ਤਾਂ ਸੈਂਕਡ਼ੇ ਟਰੱਕ ਰੇਤ ਲੈਣ ਲਈ ਲਾਈਨਾਂ ’ਚ ਅੰਦਰ ਜਾ ਰਹੇ ਸੀ ਅਤੇ ਬਾਹਰ ਆ ਰਹੇ ਸੀ । ਉਥੇ ਵੱਡੀਆਂ ਵੱਡੀਆਂ ਪੋਕ ਲਾਈਨ ਮਸ਼ੀਨਾਂ ਸਤਲੁਜ ਦਰਿਆ ਤੋਂ ਵੱਡੇ ਵੱਡੇ ਟਰੱਕਾਂ ’ਚ 800 ਤੋਂ ਹਜ਼ਾਰ ਫੁੱਟ ਤੱਕ ਦਾ ਰੇਤਾ ਭਰ ਰਹੇ ਸੀ ਜਦਕਿ ਇਥੇ ਹਾਲਾਤ ਕਈ ਕਿਲੋਮੀਟਰ ਤੱਕ ਸਤਲੁਜ ਦਰਿਆ ਤੋਂ ਰੇਤ ਕੱਢਣ ਲਈ ਉਸ ’ਚ ਖੱਡੇ ਸਾਫ ਨਜ਼ਰ ਆ ਰਹੇ ਸੀ। ਕਹਿਣ ਨੂੰ ਉਥੇ ਭਾਰ ਤੋਲਣ ਵਾਲਾ ਕੰਡਾ ਵੀ ਲੱਗਿਆ ਹੋਇਆ ਸੀ ਪਰ ਟਰੱਕਾਂ ਨੂੰ ਬਿਨਾਂ ਤੋਲੇ ਭੇਜਿਆ ਜਾ ਰਿਹਾ ਸੀ।
ਆਈ.ਆਈ.ਟੀ. ਰੂਪਨਗਰ ਦੀ ਸੜਕ ’ਤੇ ਟਰੱਕਾਂ ਦਾ ਕਬਜ਼ਾ, ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ’ਚ ਰੋਸ
ਇਥੇ ਹੀ ਬੱਸ ਨਹੀ ਦੇਸ਼ ਭਰ ’ਚੋਂ ਨਾਮਵਰ ਸੰਸਥਾ ਆਈ.ਆਈ.ਟੀ. ਰੂਪਨਗਰ ਦੀ ਸੜਕ ਪੂਰੀ ਤਰਾਂ ਟਰੱਕਾਂ ਨੇ ਰੋਕ ਰੱਖੀ ਸੀ ਜਿਸ ਨਾਲ ਆਈ. ਆਈ. ਟੀ .ਦੇ ਵਿਦਿਆਰਥੀਆਂ, ਸਕੂਲੀ ਵਿਦਿਆਰਥੀਆਂ ਨੂੰ ਵੀ ਰੋਜ਼ ਲੇਟ ਹੋਣਾ ਪੈ ਰਿਹਾ ਹੈ। ਆਈ. ਆਈ. ਟੀ . ਦੇ ਪ੍ਰੋਫੈਸਰ ਅਤੇ ਹੋਰ ਸਟਾਫ ਨੂੰ ਵੀ ਭਾਰੀ ਪਰੇਸ਼ਾਨੀ ਉਠਾਉਣੀ ਪੈ ਰਹੀ ਹੈ । ਉਥੇ ਇਕੱਠੇ ਹੋਏ ਟਰੱਕ ਡਰਾਈਵਰਾਂ ਨੇ ਦੱਸਿਆ ਕਿ ਤਿੰਨ ਚਾਰ ਦਿਨਾਂ ਤੋਂ ਇਥੇ ਇੰਤਜ਼ਾਰ ਕਰ ਰਹੇ ਹਨ ਅਤੇ ਆਪਣੀ ਵਾਰੀ ਦੀ ਉਡੀਕ ’ਚ ਉਨ੍ਹਾਂ ਨੂੰ ਫਿਰ ਵੀ ਰੇਤ ਨਹੀਂ ਮਿਲ ਰਿਹਾ ਕਿਉਂਕਿ ਨਵਾਂਸ਼ਹਿਰ ਜ਼ਿਲੇ ਤੋਂ ਸਬੰਧਤ ਟਰੱਕਾਂ ਵਾਲੇ ਉਨ੍ਹਾਂ ਨੂੰ ਰੇਤ ਭਰਨ ਨਹੀਂ ਦਿੰਦੇ। ਉਹ ਕਹਿੰਦੇ ਹਨ ਕਿ ਸਾਡੀ ਵਾਰੀ ਹੈ ਅਸੀ ਇਸ ਖੇਤਰ ਦੇ ਹਾਂ। ਇਸ ਲਈ ਸਾਨੂੰ ਪਹਿਲਾਂ ਮਾਲ ਮਿਲੇਗਾ। ਟਰੱਕਾਂ ਦੇ ਜਾਮ ਦੇ ਕਾਰਨ ਅੱਜ ਸਵੇਰੇ ਇਕ ਬੱਚਿਆਂ ਦੀ ਗੱਡੀ ਵੀ ਫਸ ਗਈ ਅਤੇ ਪਰੇਸ਼ਾਨੀ ਵੀ ਹੋਈ। ਉਥੇ ਮੌਜੂਦ ਜੇ.ਈ ਸੁਸ਼ਾਂਤ ਕਾਲੀਆ ਨੇ ਕਿਹਾ ਕਿ ਉਹ ਅੱਜ ਹੀ ਪਟਿਆਲਾ ਤੋਂ ਟਰਾਂਸਫਰ ਹੋ ਕੇ ਰੂਪਨਗਰ ਆਏ ਹਨ ਇਸ ਲਈ ਉਹ ਸਾਰਾ ਕੁਝ ਬਾਅਦ ’ਚ ਹੀ ਦੱਸ ਸਕਣਗੇ।
ਮਾਰਕੀਟ ’ਚ ਬਹੁਤ ਮਹਿੰਗਾ ਵਿਕ ਰਿਹੈ ਰੇਤ, ਕਸੂਰਵਾਰ ਕੌਣ?
ਪ੍ਰਾਪਤ ਜਾਣਕਾਰੀ ਅਨੁਸਾਰ 2019 ’ਚ ਸਰਕਾਰ ਨੇ ਡੀ-ਸਿਲਟਿੰਗ ਲਈ ਕੈਬਨਿਟ ’ਚ ਇਕ ਕਾਨੂੰਨ ਪਾਸ ਕੀਤਾ ਸੀ ਜਿਸ ’ਚ ਡੀ-ਸਿਲਟਿੰਗ ਲਈ ਜਿਸਦੀ ਭੂਮੀ ਦਾ ਮਾਲਕ ਇਕ ਹੈ ਉਸਨੂੰ ਠੇਕੇਦਾਰ ਨੂੰ ਜੋ ਰੇਤ ਕੱਢੇਗਾ ਅਤੇ ਸਰਕਾਰ ਨੂੰ ਰਾਇਲਟੀ ਵੀ ਦਿੱਤੀ ਜਾਵੇਗੀ। ਹੁਣ ਦੇਖਣ ਦੀ ਗੱਲ ਇਹ ਹੈ ਕਿ ਜੋ ਟਰੱਕ ਤਾਂ ਕਾਗਜ਼ਾਂ ’ਚ ਦਿਖਾਏ ਜਾਂਦੇ ਹਨ ਉਸਦਾ ਹਿਸਾਬ ਤਾਂ ਸ਼ਾਇਦ ਹੋ ਜਾਂਦਾ ਹੋਵੇਗਾ ਪਰ ਜੋ ਟਰੱਕ ਬਿਨਾਂ ਕਾਗਜ ਸਰਕਾਰ ਨੂੰ ਦਿਖਾਏ ਕਥਿਤ ਰੂਪ ਨਾਲ ਜਾ ਰਹੇ ਉਸਦਾ ਹਿਸਾਬ ਕਿਤਾਬ ਕਿਵੇਂ ਦੇਖਿਆ ਜਾਵੇਗਾ। ਇਹ ਸਵਾਲ ਪੈਦਾ ਹੁੰਦਾ ਹੈ ਕਿ ਰੇਤ ਮਾਰਕੀਟ ’ਚ ਬਹੁਤ ਮਹਿੰਗਾ ਵਿਕ ਰਿਹਾ ਹੈ ਇਸਦਾ ਕਸੂਰਬਾਰ ਕੌਣ ਹੈ ਠੇਕੇਦਾਰ ਜਾਂ ਸਰਕਾਰ ।
ਭਗਵੰਤ ਮਾਨ ਦੀ ਮਾਈਨਿੰਗ ਦੀ ਨਵੀਂ ਪਾਲਸੀ ਨੂੰ ਤਰਸ ਰਹੇ ਨੇ ਲੋਕ
ਲੋਕਾਂ ’ਚ ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਆਮ ਆਦਮੀ ਪਾਰਟੀ ਵਲੋਂ ਸੱਤਾ ’ਚ ਆਉਣ ਤੋਂ ਪਹਿਲਾਂ ਇਹ ਵੱਡੇ ਵੱਡੇ ਬਿਆਨ ਦਿੱਤੇ ਜਾ ਰਹੇ ਸਨ ਕਿ ਸੂਬੇ ’ਚ ਜੇਕਰ ‘ਆਪ’ ਦੀ ਸਰਕਾਰ ਬਣਦੀ ਹੈ ਤਾਂ ਮਾਈਨਿੰਗ ਨੂੰ ਲੈ ਕੇ ਵਿਸ਼ੇਸ਼ ਪਾਲਸੀ ਬਣਾਈ ਜਾਵੇਗੀ ਪਰ ਹੁਣ ਭਗਵੰਤ ਮਾਨ ਸਰਕਾਰ ਨੂੰ ਸੱਤਾ ਸੰਭਾਲੇ ਮਹੀਨੇ ਤੋਂ ਉਪਰ ਸਮਾਂ ਬੀਤ ਚੁੱਕਾ ਹੈ ਪਰ ਮਾਈਨਿੰਗ ਦੀ ਨਵੀਂ ਪਾਲਸੀ ਤਾਂ ਦਿਖ ਨਹੀਂ ਰਹੀ ਪਰ ਰੇਤਾ ਬੱਜਰੀ ਮਹਿੰਗਾ ਜ਼ਰੂਰ ਮਿਲ ਰਿਹਾ ਹੈ।
ਰੋਜ਼ਾਨਾ 50 ਤੋਂ 60 ਤੱਕ ਭਰੇ ਜਾ ਰਹੇ ਟਰੱਕ : ਐਕਸੀਅਨ ਗੁਰਤੇਜ
ਇਸ ਸਬੰਧ ’ਚ ਜਦੋਂ ਮਾਈਨਿੰਗ ਵਿਭਾਗ ਦੇ ਐਕਸੀਅਨ ਗੁਰਤੇਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲੁਧਿਆਣਾ, ਨਵਾਂਸ਼ਹਿਰ, ਜਲੰਧਰ ਦਰਿਆਵਾਂ ’ਤੇ ਸਿਲਟਿੰਗ ਦਾ ਕੰਮ ਚੱਲ ਰਿਹਾ। ਹਰ ਰੋਜ਼ 50 ਤੋਂ 60 ਟਰੱਕ ਭਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਦੇ ਰੈਲਮਾਜਰਾ, ਖੱਡ ਰੇਲ ਬਰਾਮਦ 2 ਪਿੰਡ ਰੇਲ ਬਰਾਮਦ ਵਿਖੇ ਲੋਕ ਟਰੱਕ ਲੰਘਣ ਨਹੀਂ ਦੇ ਰਹੇ ਜਿਸ ਕਾਰਨ ਰੂਪਨਗਰ ’ਚ ਜਾਮ ਦੀ ਦਿੱਕਤ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਦੇ ਬਾਰੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਹੈ ਅਤੇ ਮਸਲੇ ਦਾ ਹੱਲ ਕੱਢਿਆ ਜਾ ਰਿਹਾ ਹੈ।
ਬੇਖੌਫ ਸੜਕਾਂ ’ਤੇ ਦੌੜਨ ਲੱਗੇ ਓਵਰਲੋਡ ਟਰੱਕ
ਲੋਕਾਂ ’ਚ ਚਰਚਾ ਦਾ ਵਿਸ਼ਾ ਪੂਰੀ ਤਰ੍ਹਾਂ ਗਰਮਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲਦੇ ਹੀ ਜ਼ੋਰ ਸ਼ੋਰ ਨਾਲ ਕਿਹਾ ਕਿ ਟ੍ਰੈਫਿਕ ਨਿਯਮਾਂ ਅਤੇ ਓਵਰਲੋਡ ਵਾਹਨਾਂ ਵਿਰੁੱਧ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਾਹਨ ਚਾਲਕ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਰੂਪਨਗਰ ’ਚ ਉਕਤ ਗੈਰ ਕਾਨੂੰਨੀ ਮਾਈਨਿੰਗ ਦਾ ਕੰਮ ਜਿਸ ਕਦਰ ਚੱਲ ਰਿਹਾ ਹੈ ਇਹ ਵਾਹਨ ਓਵਰਲੋਡ ਚੱਲ ਰਹੇ ਹਨ ਜਿਨ੍ਹਾਂ ਨੂੰ ਰੋਕਣ ਵਾਲਾ ਸ਼ਾਇਦ ਕੋਈ ਨਹੀ। ਇਨ੍ਹਾਂ ਓਵਰਲੋਡ ਟਰੱਕਾਂ ਕਾਰਨ ਜਿੱਥੇ ਕੀਮਤੀ ਸਡ਼ਕਾਂ ਟੁੱਟਣ ਲੱਗੀਆਂ ਹਨ ਉਥੇ ਹਾਦਸਿਆਂ ਦਾ ਵੀ ਖਤਰਾ ਵਧ ਰਿਹਾ। ਭਾਵੇਂ ਟ੍ਰੈਫਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਸ ਦੁਆਰਾ ਅੱਜ ਟ੍ਰੈਫਿਕ ਨਿਯਮਾਂ ਦੇ ਉਲੰਘਣ ਅਤੇ ਅਧੂਰੇ ਦਸਤਾਵੇਜ਼ਾਂ ਵਾਲੇ ਟਰੱਕਾਂ ਦੇ ਚਲਾਨ ਕੱਟੇ ਗਏ ਅਤੇ ਇਕ ਵਾਹਨ ਜ਼ਬਤ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
CM ਭਗਵੰਤ ਮਾਨ 7 ਤਾਰੀਖ਼ ਨੂੰ ਸਰਕਾਰੀ ਸਕੂਲਾਂ ਦੇ ਮੁਖੀਆਂ ਨਾਲ ਕਰਨਗੇ ਮੀਟਿੰਗ
NEXT STORY