ਕਪੂਰਥਲਾ, (ਗੁਰਵਿੰਦਰ ਕੌਰ)- ਨਗਰ ਕੌਂਸਲ ਕਪੂਰਥਲਾ ਵੱਲੋਂ ਪਿਛਲੇ ਕਰੀਬ 5 ਮਹੀਨਿਆਂ ਤੋਂ ਚਲਾਈ ਜਾ ਰਹੀ ਨਾਜਾਇਜ਼ ਕਬਜ਼ਿਆਂ ਵਿਰੁੱਧ ਮੁਹਿੰਮ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ ਤੇ ਇਸ ਮੁਹਿੰਮ ਨੂੰ ਅੱਗੇ ਵਧਾਉਂਦਿਆ ਅੱਜ ਨਗਰ ਕੌਂਸਲ ਕਪੂਰਥਲਾ ਦੇ ਈ. ਓ. ਕੁਲਭੂਸ਼ਣ ਗੋਇਲ ਦੀ ਨਿਗਰਾਨੀ ਹੇਠ ਚਾਰਬੱਤੀ ਚੌਕ ਤੋਂ ਲੈ ਕੇ ਰੇਲਵੇ ਸਟੇਸ਼ਨ ਰੋਡ ਤੱਕ ਨਾਜਾਇਜ਼ ਕਬਜ਼ਿਆਂ ਨੂੰ ਪੁਲਸ ਪਾਰਟੀ ਦੇ ਸਹਿਯੋਗ ਨਾਲ ਹਟਾਇਆ ਗਿਆ।
ਨਗਰ ਕੌਂਸਲ ਦੀ ਜੇ. ਸੀ. ਬੀ. ਮਸ਼ੀਨ ਨਾਲ ਜਿਥੇ ਚਾਰਬੱਤੀ ਚੌਕ ਤੋਂ ਰੇਲਵੇ ਰੋਡ 'ਤੇ ਬਣੇ ਲਗਭਗ 6 ਨਾਜਾਇਜ਼ ਖੋਖਿਆਂ ਨੂੰ ਢਾਹ ਕੇ ਟਰਾਲੀਆਂ 'ਚ ਮਲਬਾ ਸੁੱਟਿਆ ਗਿਆ, ਉਥੇ ਹੀ ਸੜਕਾਂ 'ਤੇ ਨਾਜਾਇਜ਼ ਤੌਰ 'ਤੇ ਲਾਈਆਂ 3 ਰੇਹੜੀਆਂ ਦੇ ਸ਼ੈੱਡ ਤੇ ਦੁਕਾਨਾਂ ਦੇ ਬਾਹਰ ਬਣੇ ਨਾਜਾਇਜ਼ ਥੜ੍ਹਿਆਂ ਨੂੰ ਵੀ ਮੌਕੇ 'ਤੇ ਹੀ ਤੋੜ ਦਿੱਤਾ ਗਿਆ। ਇਸ ਤੋਂ ਬਾਅਦ ਨਗਰ ਕੌਂਸਲ ਦੀ ਟੀਮ ਨੇ ਸਬਜ਼ੀ ਮੰਡੀ 'ਚ ਜਾ ਕੇ ਨਾਜਾਇਜ਼ ਤੌਰ 'ਤੇ ਲੱਗੀਆਂ ਰੇਹੜੀਆਂ ਨੂੰ ਸਾਮਾਨ ਸਮੇਤ ਟਰਾਲੀਆਂ 'ਚ ਲੱਦਿਆ।

ਇਸ ਮੌਕੇ ਬਿਲਡਿੰਗ ਇੰਸਪੈਕਟਰ ਚਰਨਜੀਤ ਸਿੰਘ, ਸਬ ਇੰਸਪੈਕਟਰ ਕੁਲਵੰਤ ਸਿੰਘ, ਜਸਵਿੰਦਰ ਸਿੰਘ, ਵਿਕਰਮ ਘਈ ਤੇ ਤਹਿ ਬਾਜ਼ਾਰੀ ਟੀਮ, ਡੀ. ਐੱਸ. ਪੀ. ਰਜਿੰਦਰ ਸ਼ਰਮਾ, ਪੀ. ਸੀ. ਆਰ. ਇੰਚਾਰਜ ਭੁਪਿੰਦਰ ਸਿੰਘ ਰੰਧਾਵਾ ਟੀਮ ਸਮੇਤ ਹਾਜ਼ਰ ਸਨ।
ਸ਼ਹਿਰ 'ਚ ਕਿਸੇ ਵੀ ਤਰ੍ਹਾਂ ਦੇ ਨਾਜਾਇਜ਼ ਕਬਜ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਈ. ਓ.
ਈ. ਓ. ਕੁਲਭੂਸ਼ਣ ਗੋਇਲ ਨੇ ਮੌਕੇ 'ਤੇ ਹਾਜ਼ਰ ਦੁਕਾਨਦਾਰਾਂ ਤੇ ਰੇਹੜੀਆਂ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਦੁਬਾਰਾ ਨਾਜਾਇਜ਼ ਤੌਰ 'ਤੇ ਕਬਜ਼ੇ ਕੀਤੇ ਗਏ ਤਾਂ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਕਿਸੇ ਵੀ ਤਰ੍ਹਾਂ ਦੇ ਨਾਜਾਇਜ਼ ਕਬਜ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਨਾਲ ਹੀ ਸ਼ਹਿਰ 'ਚ ਨਾਜਾਇਜ਼ ਤੌਰ 'ਤੇ ਉਸਾਰੀਆਂ ਇਮਾਰਤਾਂ 'ਤੇ ਵੀ ਕਾਰਵਾਈ ਕਰ ਕੇ ਢਾਹ ਦਿੱਤਾ ਜਾਵੇਗਾ। ਉਨ੍ਹਾਂ ਰੇਹੜੀਆਂ ਵਾਲਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਉਹ ਵਾਰ-ਵਾਰ ਰੇਹੜੀਆਂ ਫੁੱਟਪਾਥਾਂ 'ਤੇ ਲਾਉਣਗੇ ਤਾਂ ਜਿਥੇ ਉਨ੍ਹਾਂ ਦੀਆਂ ਰੇਹੜੀਆਂ ਜ਼ਬਤ ਕੀਤੀਆਂ ਜਾਣਗੀਆਂ ਉਥੇ ਹੀ ਉਨ੍ਹਾਂ ਵਿਰੁੱਧ ਵੀ ਸਖਤ ਐਕਸ਼ਨ ਲਿਆ ਜਾਵੇਗਾ।
ਸਾਮਾਨ ਲੱਦਣ ਲਈ ਕਿਰਾਏ 'ਤੇ ਲਿਆਂਦਾ ਥ੍ਰੀ-ਵ੍ਹੀਲਰ
ਜਿਥੇ ਨਗਰ ਕੌਂਸਲ ਦੇ ਈ. ਓ. ਕੁਲਭੂਸ਼ਣ ਗੋਇਲ ਦੀ ਅਗਵਾਈ 'ਚ ਕਮੇਟੀ ਦੀ ਟੀਮ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਨਾਜਾਇਜ਼ ਕਬਜ਼ੇ ਹਟਾਏ ਉਥੇ ਹੀ ਕਸਾਬਾ ਬਾਜ਼ਾਰ ਦਾ ਰਸਤਾ ਤੰਗ ਹੋਣ ਕਾਰਨ ਈ. ਓ. ਗੋਇਲ ਵੱਲੋਂ ਥ੍ਰੀ-ਵ੍ਹੀਲਰ ਕਿਰਾਏ 'ਤੇ ਲੈ ਕੇ ਇਸ ਬਾਜ਼ਾਰ 'ਚੋਂ ਨਾਜਾਇਜ਼ ਕਬਜ਼ੇ ਹਟਾਏ ਗਏ ਤੇ ਨਿਰਧਾਰਿਤ ਰੇਖਾ ਤੋਂ ਬਾਹਰ ਪਏ ਸਾਮਾਨ ਨੂੰ ਥ੍ਰੀ-ਵ੍ਹੀਲਰ 'ਚ ਲੱਦ ਕੇ ਜ਼ਬਤ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤ ਬਾਜ਼ਾਰ 'ਚ ਵੀ ਟਰਾਲੀਆਂ ਨਾ ਜਾਣ ਕਰ ਕੇ ਕਿਰਾਏ ਦੇ ਥ੍ਰੀ-ਵ੍ਹੀਲਰ ਰਾਹੀਂ ਨਿਰਧਾਰਿਤ ਰੇਖਾ ਤੋਂ ਬਾਹਰ ਪਏ ਸਾਮਾਨ ਨੂੰ ਜ਼ਬਤ ਕੀਤਾ ਗਿਆ।
ਘਰ 'ਚੋਂ ਨਕਦੀ, ਮੋਬਾਇਲ ਤੇ ਹੋਰ ਸਾਮਾਨ ਚੋਰੀ
NEXT STORY