ਮੋਗਾ (ਆਜ਼ਾਦ)- ਇਮੀਗ੍ਰੇਸ਼ਨ ਸਕਾਊਟ ਦੇ ਸੰਚਾਲਕ ਵੱਲੋਂ ਫਰੈਂਡਜ਼ ਕਾਲੋਨੀ ਵਾਸੀ ਸਾਜਲ ਗੋਇਲ ਅਤੇ ਉਸ ਦੀ ਮਾਤਾ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਇਮੀਗ੍ਰੇਸ਼ਨ ਸੰਚਾਲਕ ਅੰਕੁਰ ਗੋਇਲ ਵਾਸੀ ਨੇੜੇ ਟਰੱਕ ਯੂਨੀਅਨ ਮੋਗਾ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਖੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਸਿਟੀ ਜਤਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ।
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੀ ਸ਼ਿਕਾਇਤ ਵਿਚ ਸਾਜਲ ਗੋਇਲ ਨੇ ਦੱਸਿਆ ਕਿ ਇਮੀਗ੍ਰੇਸ਼ਨ ਸੰਚਾਲਕ ਅੰਕੁਰ ਗੋਇਲ ਨੇ ਉਸ ਨੂੰ ਅਤੇ ਉਸ ਦੀ ਮਾਤਾ ਅਲਕਾ ਗੋਇਲ ਨੂੰ ਅਮਰੀਕਾ ਭੇਜਣ ਦਾ ਝਾਂਸਾ ਦਿੱਤਾ। ਉਸ ਨੇ ਕਿਹਾ ਕਿ ਉਹ ਦੋਵਾਂ ਨੂੰ ਉਨ੍ਹਾਂ ਦੀ ਭੈਣ ਕੋਲ ਅਮਰੀਕਾ ਭੇਜ ਦੇਵੇਗਾ। ਉਸ ਦੀਆਂ ਗੱਲਾਂ ’ਤੇ ਵਿਸ਼ਵਾਸ ਕਰ ਕੇ ਉਨ੍ਹਾਂ ਨੇ ਸਾਲ 2023 ਵਿਚ ਆਪਣੇ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਉਸ ਦੇ ਦੱਸੇ ਖਾਤਿਆਂ ਵਿਚ 25 ਲੱਖ ਰੁਪਏ ਟਰਾਂਸਫਰ ਕਰ ਦਿੱਤੇ। ਸ਼ਿਕਾਇਤਕਰਤਾ ਅਨੁਸਾਰ ਇਸ ਤੋਂ ਬਾਅਦ ਅੰਕੁਰ ਗੋਇਲ ਨੇ ਉਨ੍ਹਾਂ ਨੂੰ ਅਮਰੀਕੀ ਅੰਬੈਸੀ ਤੋਂ ਵੀਜ਼ਾ ਲੈਣ ਲਈ ਡੀ. ਐੱਸ.-160 ਫਾਰਮ ਵੀ ਮੁਹੱਈਆ ਕਰਵਾਇਆ ਅਤੇ ਕਿਹਾ ਕਿ ਜਲਦ ਹੀ ਉਨ੍ਹਾਂ ਨੂੰ ਅੰਬੈਸੀ ਤੋਂ ਸੱਦਾ ਆ ਜਾਵੇਗਾ ਪਰ ਬਾਅਦ ਵਿਚ ਉਹ ਟਾਲਮਟੋਲ ਕਰਨ ਲੱਗ ਪਿਆ। ਕਾਫ਼ੀ ਸਮਾਂ ਬੀਤਣ ਤੋਂ ਬਾਅਦ ਅੰਕੁਰ ਗੋਇਲ ਨੇ ਆਪਣਾ ਇਮੀਗ੍ਰੇਸ਼ਨ ਸੰਚਾਲਕ ਵਾਲਾ ਦਫ਼ਤਰ ਬੰਦ ਕਰ ਦਿੱਤਾ ਅਤੇ ਸਿਵਲ ਲਾਈਨ ਮੋਗਾ ਵਿਚ ‘ਇਮੀਗ੍ਰੇਸ਼ਨ ਸਕਾਊਟ’ ਦੇ ਨਾਂ ’ਤੇ ਦਫ਼ਤਰ ਖੋਲ੍ਹ ਲਿਆ, ਜੋ ਬਾਅਦ ਵਿਚ ਉਸ ਨੇ ਬੰਦ ਕਰ ਦਿੱਤਾ ਅਤੇ ਕਿਸੇ ਹੋਰ ਥਾਂ ਚਲਾ ਗਿਆ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਇਸ ਤਰ੍ਹਾਂ ਅੰਕੁਰ ਗੋਇਲ ਨੇ ਉਨ੍ਹਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਗਏ। ਜਾਂਚ ਦੌਰਾਨ ਸਾਹਮਣੇ ਆਇਆ ਕਿ ਅੰਕੁਰ ਗੋਇਲ ਸਾਲ 2023 ਵਿਚ ਇਮੀਗ੍ਰੇਸ਼ਨ ਦਾ ਕੰਮ ਕਰਨ ਲੱਗਾ ਸੀ ਅਤੇ ਉਸ ਦਾ ਦਫ਼ਤਰ ਕੋਟਕਪੂਰਾ ਰੋਡ, ਮੋਗਾ ਵਿਖੇ ਸੀ। ਬਾਅਦ ਵਿਚ ਉਸ ਨੇ ਸਿਵਲ ਲਾਈਨ ਮੋਗਾ ਵਿਖੇ ਆਪਣਾ ਦਫ਼ਤਰ ਖੋਲ੍ਹਿਆ। ਇਸੇ ਦੌਰਾਨ ਸਾਜਲ ਗੋਇਲ ਨੇ ਉਸ ਨਾਲ ਸੰਪਰਕ ਕੀਤਾ ਅਤੇ ਉਸ ਨੇ ਜਲਦ ਹੀ ਉਸ ਨੂੰ ਅਤੇ ਉਸ ਦੀ ਮਾਤਾ ਨੂੰ ਉਨ੍ਹਾਂ ਦੀ ਭੈਣ ਕੋਲ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਹਾਸਲ ਕਰ ਲਏ।
ਜਾਂਚ ਦੌਰਾਨ ਸ਼ਿਕਾਇਤਕਰਤਾ ਵੱਲੋਂ ਲਗਾਏ ਗਏ ਦੋਸ਼ ਸਹੀ ਪਾਏ ਜਾਣ ’ਤੇ ਪੁਲਸ ਨੇ ਮੁਲਜ਼ਮ ਅੰਕੁਰ ਗੋਇਲ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ: ਨਸ਼ੇ ਨੇ ਖੋਹ ਲਿਆ ਮਾਂ ਦਾ ਆਖਰੀ ਸਹਾਰਾ! ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ
NEXT STORY