ਚੰਡੀਗੜ੍ਹ (ਰਮਨਜੀਤ ਸਿੰਘ) : ਪੰਜਾਬ ਸਰਕਾਰ ਪਿੰਡਾਂ 'ਚ ਵੱਖੋ-ਵੱਖਰੇ ਸ਼ਮਸ਼ਾਨਘਾਟਾਂ ਦੀ ਥਾਂ ਇਕ ਸਾਂਝਾ ਸ਼ਮਸ਼ਾਨਘਾਟ ਬਣਾਉਣ ਵਾਲੇ 29 ਪਿੰਡਾਂ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰੇਗੀ। ਇਸ ਸਬੰਧੀ ਫ਼ਾਈਲ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪ੍ਰਵਾਨਗੀ ਦੇ ਦਿੱਤੀ ਹੈ। ਮੰਤਰੀ ਭੁੱਲਰ ਨੇ ਦੱਸਿਆ ਕਿ 1 ਕਰੋੜ 45 ਲੱਖ ਰੁਪਏ ਦੀ ਗ੍ਰਾਂਟ ਰਾਸ਼ੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਸ਼ਹੀਦਗੜ੍ਹ, ਸੈਂਪਲਾ, ਮੁਹੰਮਦੀਪੁਰ, ਧਤੌਂਦਾ ਅਤੇ ਧਨੌਲਾ, ਜ਼ਿਲ੍ਹਾ ਪਠਾਨਕੋਟ ਦੇ ਪਿੰਡ ਘੋਹ, ਜ਼ਿਲ੍ਹਾ ਰੋਪੜ ਦੇ ਪਿੰਡ ਝੱਲੀਆਂ ਕਲਾਂ, ਰਾਮਪੁਰ ਅਤੇ ਗੋਪਾਲਪੁਰ, ਜ਼ਿਲ੍ਹਾ ਸੰਗਰੂਰ ਦੇ ਪਿੰਡ ਖਾਈ, ਜ਼ਿਲ੍ਹਾ ਪਟਿਆਲਾ ਦੇ ਪਿੰਡ ਹਰਚੰਦਪੁਰਾ, ਗੱਜੂਮਾਜਰਾ, ਸਨੌਲੀਆਂ ਅਤੇ ਸੁੱਖੇਵਾਲ, ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕਿੜੀਆਂ, ਚੰਬਲ, ਡਲੀਰੀ, ਮਾੜੀ ਸਮਰਾਂ ਅਤੇ ਜਵੰਦਪੁਰ, ਜ਼ਿਲ੍ਹਾ ਐੱਸ. ਏ. ਐੱਸ. ਨਗਰ ਦੇ ਪਿੰਡ ਮਹਿਰੋਲੀ ਅਤੇ ਢਕੋਰਾਂ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਛੰਨ ਘੋਗਾ ਤੇ ਮੁਮੰਦ ਅਤੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋਂ ਨੀਚੀ, ਖਾਨਪੁਰ ਮੰਡ, ਜੁਲਫ਼ਗੜ੍ਹ, ਕੀੜੀ, ਨਵਾਂ ਸਲੇਮਪੁਰਾ ਅਤੇ ਪਿੰਡ ਭਾਡੇਵਾਲ ਨੂੰ ਛੇਤੀ ਜਾਰੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਚੌਥੀ ਮੰਜ਼ਿਲ ਤੋਂ ਟੁੱਟ ਗਈ ਲਿਫਟ, ਧਮਾਕੇ ਦੀ ਆਵਾਜ਼ ਨੇ ਡਰਾਏ ਲੋਕ, ਮੌਕੇ 'ਤੇ ਪਿਆ ਚੀਕ-ਚਿਹਾੜਾ
ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ 'ਚ ਬਹੁਤੇ ਪਿੰਡ ਅਜਿਹੇ ਹਨ, ਜਿੱਥੇ ਵੱਖ-ਵੱਖ ਧਰਮਾਂ-ਆਬਾਦੀਆਂ ਲਈ ਵੱਖੋ-ਵਖਰੇ ਸ਼ਮਸ਼ਾਨਘਾਟ ਹਨ ਅਤੇ ਇਨ੍ਹਾਂ ’ਚੋਂ ਕੋਈ ਵੀ ਸ਼ਮਸ਼ਾਨਘਾਟ ਮੁਕੰਮਲ ਰੂਪ 'ਚ ਵਿਕਸਿਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਸਕੀਮ ਅਨੁਸਾਰ ਇੱਕ ਤੋਂ ਵੱਧ ਸ਼ਮਸ਼ਾਨਘਾਟ ਵਾਲੇ ਪਿੰਡਾਂ ਵਿਚੋਂ ਜੇ ਕਿਸੇ ਪਿੰਡ ਦੀ ਪੰਚਾਇਤ ਇਕ ਸ਼ਮਸ਼ਾਨਘਾਟ ਬਣਾਉਣ ਦਾ ਫ਼ੈਸਲਾ ਕਰਦੀ ਹੈ ਤਾਂ ਸਰਕਾਰ ਉਸ ਪਿੰਡ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਵੇਗੀ।
ਇਹ ਵੀ ਪੜ੍ਹੋ : ਹੁਣ ਸਮਰਾਲਾ ਦੇ ਪਿੰਡ 'ਚ ਦਿਖਿਆ 'ਚੀਤਾ', ਸਕੂਲ ਕਰਵਾ ਦਿੱਤੇ ਬੰਦ, ਲੋਕਾਂ ਨੂੰ ਘਰਾਂ 'ਚ ਰਹਿਣ ਦੀ ਹਦਾਇਤ (ਤਸਵੀਰਾਂ)
ਉਨ੍ਹਾਂ ਕਿਹਾ ਕਿ ਪੰਚਾਇਤ ਗ੍ਰਾਂਟ ਰਾਸ਼ੀ ਨੂੰ ਸਬੰਧਿਤ ਸ਼ਮਸ਼ਾਨਘਾਟ ਦੇ ਵਿਕਾਸ ਲਈ ਖ਼ਰਚ ਕਰ ਸਕਦੀ ਹੈ ਜਾਂ ਪੁਰਾਣੇ ਸ਼ਮਸ਼ਾਨਘਾਟ ਵਾਲੀਆਂ ਥਾਵਾਂ ਨੂੰ ਹੋਰਨਾਂ ਮੰਤਵਾਂ ਜਿਵੇਂ ਪਾਰਕਾਂ ਆਦਿ 'ਚ ਤਬਦੀਲ ਕਰਨ ਲਈ ਵਰਤ ਸਕਦੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪ ਜਾ ਕੇ ਛੁਡਵਾਇਆ ਪੰਚਾਇਤੀ ਜ਼ਮੀਨ ਤੋਂ ਕਬਜ਼ਾ
NEXT STORY