ਭਵਾਨੀਗੜ੍ਹ (ਵਿਕਾਸ/ ਸੰਜੀਵ) : ਕਿਸਾਨ ਮਾਰਚ 'ਚ ਹਿੱਸਾ ਲੈਣ ਲਈ ਪਾਰਟੀ ਵਰਕਰਾਂ ਸਮੇਤ ਵੱਡੇ ਕਾਫਿਲੇ ਨਾਲ ਚੰਡੀਗੜ੍ਹ ਜਾਂਦੇ ਸਮੇਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਭਵਾਨੀਗੜ੍ਹ 'ਚ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਾਲਾਝਾੜ ਟੋਲ ਪਲਾਜ਼ਾ 'ਤੇ ਮੌਜੂਦ ਵੱਡੀ ਗਿਣਤੀ 'ਚ ਕਿਸਾਨਾਂ ਨੇ ਰੋਸ ਵਜੋਂ ਆਪਣੇ ਜੁੱਤੇ ਹੱਥਾਂ 'ਚ ਫੜ੍ਹ ਕੇ ਹਰਸਿਮਰਤ ਕੌਰ ਬਾਦਲ ਦੇ ਕਾਫ਼ਿਲੇ ਨੂੰ ਦਿਖਾਏ ਅਤੇ ਅਕਾਲੀ ਦਲ ਮੁਰਦਾਬਾਦ ਦੇ ਨਾਅਰੇ ਲਗਾਏ। ਦਰਅਸਲ ਇੱਥੇ ਕੇਂਦਰੀ ਬਿੱਲਾਂ ਖਿਲਾਫ਼ ਕਾਲਾਝਾੜ ਟੋਲ ਪਲਾਜਾ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਪੱਕਾ ਮੋਰਚਾ ਲਾਈ ਬੈਠੇ ਕਿਸਾਨਾਂ ਦੇ ਸਾਹਮਣੇ ਤੋਂ ਜਿਵੇਂ ਹੀ ਹਰਸਿਮਰਤ ਕੌਰ ਬਾਦਲ ਦਾ ਕਾਫਿਲਾ ਗੁਜਰਣ ਲੱਗਾ ਤਾਂ ਕਿਸਾਨਾਂ ਦਾ ਗੁੱਸਾ ਚਰਮ 'ਤੇ ਪਹੁੰਚ ਗਿਆ। ਕਿਸਾਨਾਂ ਨੇ ਬੀਬੀ ਬਾਦਲ ਨੂੰ ਦੇਖ ਕੇ 'ਅਕਾਲੀ ਦਲ ਮੁਰਦਾਬਾਦ' 'ਕਿਸਾਨ ਏਕਤਾ ਜਿੰਦਾਬਾਦ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਕਿਸਾਨਾਂ ਦਾ ਰੋਹ ਦੇਖ ਕੇ ਮੌਕੇ 'ਤੇ ਸੁਰੱਖਿਆ ਦੇ ਲਿਹਾਜ ਨਾਲ ਮੌਜੂਦ ਪੁਲਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਟੋਲ ਪਲਾਜ਼ਾ ਤੋਂ ਕਾਫਿਲਾ ਲੰਘਣ ਦੌਰਾਨ ਇੱਕ ਕਿਸਾਨ ਨੇ ਤਾਂ ਹਰਸਿਮਰਤ ਕੌਰ ਬਾਦਲ ਦੀ ਗੱਡੀ ਅੱਗੇ ਛਲਾਂਗ ਲਗਾਉਣ ਦੀ ਵੀ ਕੌਸ਼ਿਸ਼ ਕੀਤੀ, ਜਿਸਨੂੰ ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਫ਼ੜ੍ਹ ਲਿਆ। ਇਸ ਤੋਂ ਪਹਿਲਾਂ ਸ਼ਹਿਰ 'ਚੋਂ ਲੰਘਣ ਮੌਕੇ ਪਾਰਟੀ ਵਰਕਰਾਂ ਵੱਲੋਂ ਹਰਸਿਮਰਤ ਕੌਰ ਬਾਦਲ ਦੇ ਕਾਫਿਲੇ ਦਾ ਭਾਰੀ ਉਤਸਾਹ ਨਾਲ ਜਗ੍ਹਾ-ਜਗ੍ਹਾ 'ਤੇ ਸਵਾਗਤ ਕੀਤਾ ਗਿਆ ਅਤੇ ਬੀਬੀ ਬਾਦਲ ਨੇ ਵੀ ਗੱਡੀ ਉਪਰ ਖੜ੍ਹੇ ਰਹਿ ਕੇ ਹੀ ਪਾਰਟੀ ਵਰਕਰਾਂ ਵੱਲ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਕਬੂਲਿਆ।
ਇਸ ਮੌਕੇ ਐੱਸ. ਪੀ. ਸੰਗਰੂਰ ਗੁਰਮੀਤ ਸਿੰਘ ਨੇ ਕਿਹਾ ਕਿ ਬੀਬੀ ਬਾਦਲ ਦਾ ਕਾਫਿਲਾ ਲੰਘਣ ਦੌਰਾਨ ਪੁਲਸ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਚੌਕਸ ਰਿਹਾ। ਹਾਲਾਂਕਿ ਕਾਲਾਝਾੜ ਟੋਲ 'ਤੇ ਬੈਠੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਪਰ ਪੁਲਸ ਦੀ ਸੁਝਬੁੱਝ ਨਾਲ ਸਥਿਤੀ ਕਾਬੂ ਹੇਠ ਰਹੀ।
ਲੁਧਿਆਣਾ 'ਚ ਹਾਈ ਵੋਲਟੇਜ ਡਰਾਮਾ, ਯੂਥ ਕਾਂਗਰਸ ਨੇ ਭਾਜਪਾ ਦਫ਼ਤਰ ਬਾਹਰ ਟੰਗਿਆ ਮੋਦੀ ਦਾ ਪੁਤਲਾ
NEXT STORY