ਸੁਲਤਾਨਪੁਰ ਲੋਧੀ (ਧੀਰ)- ਲੋਹੜੀ ਤੋਂ ਇਕ ਦਿਨ ਪਹਿਲਾਂ ਆਪਣੇ ਸਹੁਰੇ ਘਰ ਪਹੁੰਚੀ ਵਿਦੇਸ਼ੀ ਔਰਤ (ਯੂ. ਐੱਸ. ਏ. ਸਿਟੀਜ਼ਨ) ਦੀ ਸ਼ੱਕੀ ਹਾਲਾਤ ’ਚ ਹੋਈ ਮੌਤ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਸੀ, ਜਦੋਂ ਮ੍ਰਿਤਕ ਦੀ ਮਾਤਾ ਨਿਰਮਲ ਕੌਰ ਅਤੇ ਪਿਤਾ ਜਰਨੈਲ ਸਿੰਘ ਨੇ ਸਹੁਰੇ ਪਰਿਵਾਰ ’ਤੇ ਗੰਭੀਰ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਬੇਟੀ ਨੂੰ ਮਾਰਨ ਦਾ ਖ਼ਦਸ਼ਾ ਵੀ ਪ੍ਰਗਟਾਇਆ। ਮ੍ਰਿਤਕ ਰਾਜਦੀਪ ਕੌਰ ਦੇ ਪਰਿਵਾਰ ਵੱਲੋਂ ਵੱਖ-ਵੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਸੁਲਤਾਨਪੁਰ ਲੋਧੀ ਥਾਣੇ ਅੱਗੇ ਇਨਸਾਫ਼ ਲੈਣ ਲਈ ਧਰਨਾ ਲਾਇਆ ਗਿਆ। ਉਨ੍ਹਾਂ ਮੰਗ ਕੀਤੀ ਸਹੁਰੇ ਪਰਿਵਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਲਜ਼ਾਮ ਲਾਇਆ ਕਿ ਸੱਸ, ਸਹੁਰੇ ਅਤੇ ਵਿਦੇਸ਼ ’ਚ ਬੈਠੇ ਪਤੀ ਨੇ ਮਿਲੀਭੁਗਤ ਨਾਲ ਰਾਜਦੀਪ ਕੌਰ ਦਾ ਕਤਲ ਕੀਤਾ ਹੈ। ਇਨ੍ਹਾਂ ਸਾਰਿਆਂ ਖ਼ਿਲਾਫ਼ ਸੁਲਤਾਨਪੁਰ ਲੋਧੀ ਥਾਣੇ ’ਚ ਕਤਲ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ ਨਹੀਂ ਤਾਂ ਉਹ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਸੜਕਾਂ ਜਾਮ ਕਰਨਗੇ। ਇਸ ਦੌਰਾਨ ਪਰਿਵਾਰ ਨੇ ਮ੍ਰਿਤਕ ਦਾ ਦੋਬਾਰਾ ਪੋਸਟਮਾਰਟਮ ਕਰਵਾਉਣ ਅਤੇ ਫੋਰੈਂਸਿਕ ਜਾਂਚ ਦੀ ਮੰਗ ਵੀ ਕੀਤੀ ਹੈ।
ਇਸ ਮੌਕੇ ਐੱਨ. ਆਰ. ਆਈ. ਸਭਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਖਟਕੜ, ਜ਼ਿਲ੍ਹਾ ਸਕੱਤਰ ਸੰਤੋਸ਼ ਸਿੰਘ ਬਿਲਗਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਨਿਰਮਲ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਸਤਪਾਲ ਸਹੋਤਾ, ਕਾਂਗਰਸੀ ਆਗੂ ਕੁਲਵਿੰਦਰ ਕੁਮਾਰ ਨੇ ਦੱਸਿਆ ਕਿ ਸਹੁਰੇ ਪਰਿਵਾਰ ਨੇ ਰਾਜਦੀਪ ਕੌਰ ਨੂੰ ਮਿਲੀਭੁਗਤ ਨਾਲ ਅਮਰੀਕਾ ਤੋਂ ਭਾਰਤ ਬੁਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਰਾਜਦੀਪ ਕੌਰ ਦਾ ਕਤਲ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈ, ਕਿਉਂਕਿ ਰਾਜਦੀਪ ਕੌਰ ਦੀ ਅਮਰੀਕਾ ’ਚ ਕਰੋੜਾਂ ਰੁਪਏ ਦੀ ਜਾਇਦਾਦ ਹੈ, ਜਿਸ ਕਾਰਨ ਉਨ੍ਹਾਂ ਦੇ ਜਵਾਈ, ਸੱਸ ਤੇ ਸਹੁਰੇ ਨੇ ਉਸ ਨੂੰ ਰਸਤੇ ਤੋਂ ਹਟਾ ਦਿੱਤਾ ਹੈ। ਇਨ੍ਹਾਂ ਲੋਕਾਂ ਨੇ ਰਾਜਦੀਪ ਕੌਰ ਦਾ ਪੋਸਟਮਾਰਟਮ ਆਪਣੀ ਮਰਜ਼ੀ ਨਾਲ ਕਰਵਾਇਆ ਹੈ, ਜਿਸ ਨਾਲ ਉਹ ਬਿਲਕੁਲ ਵੀ ਸਹਿਮਤ ਨਹੀਂ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਇਕੱਠੇ ਬਲੀਆਂ 4 ਦੋਸਤਾਂ ਦੀਆਂ ਚਿਖਾਵਾਂ, ਧਾਹਾਂ ਮਾਰ-ਮਾਰ ਰੋਂਦੀਆਂ ਮਾਵਾਂ ਪੁੱਤਾਂ ਨੂੰ ਮਾਰਦੀਆਂ ਰਹੀਆਂ ਆਵਾਜ਼ਾਂ
ਇਸ ਮੌਕੇ ਉਨ੍ਹਾਂ ਪੁਲਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਨੇ ਇਨਸਾਫ਼ ਦੀ ਗੁਹਾਰ ਲਗਾਈ। ਉੱਥੇ ਹੀ ਪੁਲਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਲੜਕੀ ਦੇ ਪਰਿਵਾਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਸ਼ਾਮ ਤੱਕ ਮ੍ਰਿਤਕ ਦੇ ਸਹੁਰੇ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਜਾਵੇਗਾ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਧਰਨਾ ਚੁੱਕਿਆ ਗਿਆ।
ਪੁਲਸ ਨੇ ਕੇਸ ਦਰਜ ਕਰਕੇ ਸੱਸ ਅਤੇ ਸਹੁਰੇ ਨੂੰ ਕੀਤਾ ਗ੍ਰਿਫ਼ਤਾਰ
ਦੂਜੇ ਪਾਸੇ ਥਾਣਾ ਸੁਲਤਾਨਪੁਰ ਲੋਧੀ ਦੇ ਅਡੀਸ਼ਨਲ ਐੱਸ. ਐੱਚ. ਓ. ਸਬ ਇੰਸਪੈਕਟਰ ਬਲਵੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਮ੍ਰਿਤਕਾ ਦੀ ਸੱਸ, ਸਹੁਰੇ ਅਤੇ ਪਤੀ ਖ਼ਿਲਾਫ਼ ਕਤਲ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਸੱਸ ਅਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਮ੍ਰਿਤਕਾ ਦਾ ਪਤੀ ਅਮਰੀਕਾ ’ਚ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਮਾਤਾ ਨਿਰਮਲ ਕੌਰ ਨੇ ਪੁਲਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ ਲੜਕੀ ਰਾਜਦੀਪ ਕੌਰ ਨੂੰ ਉਸ ਦੇ ਪਤੀ, ਸਹੁਰੇ ਜਗਦੇਵ ਸਿੰਘ ਅਤੇ ਸੱਸ ਦਲਜੀਤ ਕੌਰ ਨੇ ਭਾਰਤ ਬੁਲਾ ਕੇ ਸਾਜਿਸ਼ ਤਹਿਤ ਕਤਲ ਕੀਤਾ ਹੈ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੇ ਮ੍ਰਿਤਕਾ ਦੇ ਪਤੀ ਮਨਜਿੰਦਰ ਸਿੰਘ ਪੁੱਤਰ ਜਗਦੇਵ ਸਿੰਘ, ਸੱਸ ਦਲਜੀਤ ਕੌਰ ਪਤਨੀ ਜਗਦੇਵ ਸਿੰਘ ਤੇ ਸਹੁਰਾ ਜਗਦੇਵ ਸਿੰਘ ਪੁੱਤਰ ਅਜੀਤ ਸਿੰਘ ਦੇ ਖਿਲਾਫ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਸੱਸ-ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਵੱਲੋਂ ਜਾਂਚ ਜਾਰੀ : ਡੀ. ਐੱਸ. ਪੀ.
ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਬਬਨਦੀਪ ਸਿੰਘ ਨੇ ਦੱਸਿਆ ਕਿ ਸੱਸ ਅਤੇ ਸਹੁਰੇ ਨੇ ਹੀ ਰਾਜਦੀਪ ਕੌਰ ਦਾ ਗਲਾ ਘੁੱਟ ਕੇ ਕਤਲ ਕੀਤਾ ਹੈ। ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਸ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਦਸੂਹਾ 'ਚ ਜਲੰਧਰ ਦੇ 5 ਦੋਸਤਾਂ ਨਾਲ ਵਾਪਰੇ ਹਾਦਸੇ ਤੋਂ ਪਹਿਲਾਂ ਦੀ ਵੀਡੀਓ ਆਈ ਸਾਹਮਣੇ, ਹੱਸਦੇ-ਖੇਡਦੇ ਦਿਸੇ ਸਾਰੇ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਦਾਲਤ ਵੱਲੋਂ ਸਖ਼ਤ ਹੁਕਮ ਜਾਰੀ, ਰੇਤ ਦੀਆਂ ਸਰਕਾਰੀ ਖੱਡਾਂ 'ਚ ਸੈਨਾ ਤੇ BSF ਦੀ NOC ਬਿਨਾਂ ਨਹੀਂ ਹੋਵੇਗੀ ਮਾਈਨਿੰਗ
NEXT STORY