ਪਟਿਆਲਾ/ਸਨੌਰ (ਮਨਦੀਪ ਸਿੰਘ ਜੋਸਨ) - ਪੂਰਾ ਇੱਕ ਦਹਾਕਾ ਪੰਜਾਬ ਦੀ ਰਾਜਨੀਤੀ ਨੂੰ ਪਟਿਆਲਾ ਤੋਂ ਚਲਾਉਣ ਵਾਲਾ ਮੋਤੀ ਮਹਿਲ ਪਟਿਆਲਾ ਸ਼ਹਿਰ ਵਿਚ ਕੌਂਸਲਰ ਦੀਆਂ ਚਾਰ ਸੀਟਾਂ 'ਤੇ ਹੀ ਸਿਮਟ ਕੇ ਰਹਿ ਗਿਆ ਹੈ। ਮੋਤੀ ਮਹਿਲ ਦੀ ਰਾਜਨੀਤੀ ਇਸ ਵੇਲੇ ਭਾਰਤੀ ਜਨਤਾ ਪਾਰਟੀ ਨਾਲ ਚਲ ਰਹੀ ਹੈ।
ਪਟਿਆਲਾ ਸਹਿਰ ਵਿਚ ਪਟਿਆਲਾ ਵਨ ਅਤੇ 2 ਵਿਧਾਨ ਸਭਾ ਸੀਟਾਂ ਪੈਂਦੀਆਂ ਹਨ ਪਟਿਆਲਾ ਸ਼ਹਿਰ ਅੰਦਰ 32 ਕੌਂਸਲਰ ਹਨ, ਜਦੋਂ ਕਿ ਪਟਿਆਲਾ ਦਿਹਾਤੀ ਵਿਚ 26 ਕੌਂਸਲਰ ਪੈਂਦੇ ਹਨ। ਇਸ ਤਰ੍ਹਾਂ ਹਲਕਾ ਸਨੌਰ ਵਿਚ ਦੋ ਕੌਂਸਲਰ ਪੈਂਦੇ ਹਨ। ਮੋਤੀ ਮਹਿਲ ਨੇ ਪਟਿਆਲਾ ਸ਼ਹਿਰ ਵਿਚ ਤਾਂ 32 ਕੌਂਸਲਰ ਦੀਆਂ ਸੀਟਾਂ 'ਤੇ ਆਪਣਾ ਵਕਾਰ ਦਾਅ 'ਤੇ ਲਗਾ ਕੇ ਰਖਿਆ ਹੋਇਆ ਸੀ ਪਰ 32 ਵਿਚੋਂ ਉਸ ਨੂੰ ਸਿਰਫ ਚਾਰ ਸੀਟਾਂ 'ਤੇ ਹੀ ਸਬਰ ਕਰਨਾ ਪਿਆ। ਲੰਬੇ ਸਮੇਂ ਬਾਅਦ ਇਹ ਹੋਇਆ ਹੈ ਕਿ ਪਟਿਆਲਾ ਸ਼ਹਿਰ ਅੰਦਰ ਨਗਰ ਨਿਗਮ ਦੀਆਂ ਚੋਣਾਂ ਬਹੁਤ ਹੀ ਸੁਚੱਜੇ ਢੰਗ ਨਾਲ ਹੋਈਆਂ ਹਨ।
ਮੋਤੀ ਮਹਿਲ ਦਾ ਕੌਂਸਲਰ ਦੀਆਂ ਸੀਟਾਂ 'ਤੇ ਵਕਾਰ ਦਾਅ 'ਤੇ ਲਗਿਆ ਹੋਇਆ ਸੀ, ਜਿਸ ਕਾਰਨ ਬੀਬਾ ਜੈ ਇੰਦਰ ਕੌਰ ਸਾਰਾ ਦਿਨ ਸ਼ਹਿਰ ਦੇ ਵਾਰਡਾਂ ਵਿਚ ਤੁਰਦੇ ਰਹੇ। ਕਾਂਗਰਸ ਸਰਕਾਰ ਵੇਲੇ ਮੋਤੀ ਮਹਿਲ ਪਟਿਆਲਾ ਸ਼ਹਿਰ ਦੀਆਂ 60 ਸੀਟਾਂ ਵਿਚੋਂ 59 ਸੀਟਾਂ 'ਤੇ ਕਾਬਜ ਹੋਇਆ ਸੀ ਪਰ ਇਹ ਸਮੇਂ ਦੀ ਖੇਡ ਹੈ ਕਿ ਇਸ ਵੇਲੇ ਲਗਾਤਾਰ ਵਕਾਰ ਘਟਦਾ ਗਿਆ ਹੈ। ਮੋਤੀ ਮਹਿਲ ਨੂੰ ਵੱਡੀ ਆਸ ਸੀ ਕਿ ਉਹ ਪਟਿਆਲਾ ਸ਼ਹਿਰ ਦੀਆਂ 32 ਸੀਟਾਂ ਵਿਚੋਂ ਘੱਟੋ-ਘੱਟ 16 ਸੀਟਾਂ ਜਰੂਰ ਲੈ ਕੇ ਜਾਣਗੇ।
ਹਾਲਾਂਕਿ ਮਾਣਯੋਗ ਹਾਈਕੋਰਟ ਨੇ ਊਨ੍ਹਾਂ 7 ਸੀਟਾਂ 'ਤੇ ਸਟੇਅ ਦਿੱਤੀ ਹੋਈ ਹੈ, ਜਿਹੜੀ ਕਿ ਆਮ ਆਦਮੀ ਪਾਰਟੀ ਨੇ ਜਿੱਤੀਆਂ ਸਨ ਪਰ ਆਮ ਆਦਮੀ ਪਾਰਟੀ ਦੇ 7 ਉਮੀਦਵਾਰ ਬੇਹਦ ਲੋਕਾਂ ਵਿਚ ਵਿਚਰਨ ਵਾਲੇ ਤੇ ਤਾਕਤਵਰ ਹਨ। ਜੇਕਰ ਇਹ ਚੋਣ ਮੁੜ ਹੋ ਵੀ ਗਈ ਤਾਂ ਵੀ ਇਨ੍ਹਾਂ ਨੂੰ ਹਰਾਉਣਾ ਸੋਖਾ ਨਹੀਂ ਹੋਵੇਗਾ। ਦੂਸਰੇ ਪਾਸੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪੂਰੀ ਮਿਹਨਤ ਨਾਲ ਆਪਣੇ ਉਮੀਦਵਾਰਾਂ ਦਾ ਚੱਕਰਵਿਊ ਅਜਿਹੇ ਢਗ ਨਾਲ ਰਚਿਆ ਸੀ ਕਿ ਪਟਿਆਲਾ ਸ਼ਹਿਰ ਵਿਚ 18 ਉਮੀਦਵਾਰ ਆਮ ਆਦਮੀ ਪਾਰਟੀ ਦੇ ਜਿੱਤ ਚੁਕੇ ਹਨ ਅਤੇ 7 ਦਾ ਨਤੀਜਾ ਆਉਣਾ ਅਜੇ ਬਾਕੀ ਹੈ। ਕਰਾਰੀ ਹਾਰ ਖਾਉਣ ਵਾਲਾ ਮੋਤੀ ਮਹਿਲ ਆਉਣ ਵਾਲੇ ਸਮੇਂ ਵਿਚ ਰਾਜਨੀਤੀ ਕਿਸ ਤਰ੍ਹਾਂ ਕਰਦਾ ਹੈ ਇਹ ਹੁਣ ਸਮਾਂ ਹੀ ਦੱਸੇਗਾ।
ਪਾਸ਼ ਕਾਲੋਨੀਆਂ ’ਚ ਬੇਹੱਦ ਘੱਟ ਹੋਈ ਪੋਲਿੰਗ, ਸੰਘਣੀ ਆਬਾਦੀ ਵਾਲੇ ਇਲਾਕਿਆਂ ਨੇ ਬਚਾਈ ਲਾਜ
NEXT STORY