ਹੁਸ਼ਿਆਰਪੁਰ, (ਘੁੰਮਣ)- ਆਮ ਆਦਮੀ ਪਾਰਟੀ ਵੱਲੋਂ ਸ਼ਹਿਰ 'ਚ ਘੁੰਮਦੇ ਬੇਸਹਾਰਾ ਪਸ਼ੂਆਂ ਖਿਲਾਫ਼ ਛੇੜੀ ਮੁਹਿੰਮ ਤੋਂ ਬਾਅਦ ਅੱਜ ਜ਼ਿਲਾ ਪ੍ਰਸ਼ਾਸਨ ਨੂੰ ਉਸ ਸਮੇਂ ਹੱਥਾਂ-ਪੈਰਾਂ ਦੀ ਪੈ ਗਈ, ਜਦੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਪਿੰਡ ਸ਼ੇਰਗੜ੍ਹ ਤੋਂ ਦੋ ਟਰਾਲੀਆਂ ਵਿਚ ਬੇਸਹਾਰਾ ਪਸ਼ੂਆਂ ਨੂੰ ਫੜ ਕੇ ਨਗਰ ਨਿਗਮ 'ਚ ਛੱਡਣ ਦੀ ਗੱਲ ਸਾਹਮਣੇ ਆਈ। ਇਸ ਦੌਰਾਨ ਪੁਲਸ ਮੁਲਾਜ਼ਮਾਂ ਨੇ ਇਕ ਟਰਾਲੀ, ਜਿਸ ਵਿਚ ਬੇਸਹਾਰਾ ਪਸ਼ੂ ਲੱਦੇ ਹੋਏ ਸਨ, ਨੂੰ ਥਾਣਾ ਸਦਰ ਦੇ ਬਾਹਰੋਂ ਹੀ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਟਰਾਲੀ ਦੇ ਚਾਲਕ ਨਾਲ ਵੀ ਮਾਰਕੁੱਟ ਕੀਤੀ। ਆਮ ਆਦਮੀ ਪਾਰਟੀ ਵੱਲੋਂ ਇਹ ਮੁਹਿੰਮ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਚਲਾਈ ਜਾ ਰਹੀ ਹੈ।
ਅੱਜ ਇਸ ਲੜੀ ਤਹਿਤ ਸਵੇਰੇ 11 ਵਜੇ ਆਮ ਆਦਮੀ ਪਾਰਟੀ ਦੇ ਦੋਆਬਾ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਦੀ ਅਗਵਾਈ ਵਿਚ ਪਿੰਡ ਸ਼ੇਰਗੜ੍ਹ ਵਾਸੀਆਂ ਦੇ ਸਹਿਯੋਗ ਨਾਲ ਬੇਸਹਾਰਾ ਪਸ਼ੂਆਂ ਨੂੰ ਕਾਬੂ ਕਰ ਕੇ ਨਗਰ ਨਿਗਮ ਵਿਚ ਛੱਡਣ ਲਈ ਰਵਾਨਾ ਹੋਏ। ਇਸ ਦੀ ਭਿਣਕ ਜਦੋਂ ਪੁਲਸ ਤੇ ਜ਼ਿਲਾ ਪ੍ਰਸ਼ਾਸਨ ਨੂੰ ਲੱਗੀ ਤਾਂ ਉਨ੍ਹਾਂ ਤੁਰੰਤ ਨਗਰ ਨਿਗਮ ਵਿਖੇ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਅਤੇ ਪੁਲਸ ਨੂੰ ਨਿਰਦੇਸ਼ ਦਿੱਤੇ ਕਿ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨਕਾਰੀਆਂ ਨੂੰ ਪਸ਼ੂਆਂ ਦੇ ਨਾਲ ਅੰਦਰ ਨਾ ਆਉਣ ਦਿੱਤਾ ਜਾਵੇ। ਇਸ ਦੌਰਾਨ ਪੁਲਸ ਨੇ ਆਪਣੀ ਵਰਦੀ ਦਾ ਰੋਅਬ ਦਿਖਾਉਂਦੇ ਹੋਏ ਬੇਸਹਾਰਾ ਪਸ਼ੂਆਂ ਨਾਲ ਭਰੀ ਇਕ ਟਰਾਲੀ ਨੂੰ ਸਦਰ ਥਾਣੇ ਦੇ ਬਾਹਰ ਹੀ ਰੋਕ ਲਿਆ, ਜਦਕਿ ਦੂਜੀ ਟਰਾਲੀ ਨੂੰ ਸ਼ੇਰਗੜ੍ਹ ਪਿੰਡ ਦੇ ਬਾਹਰ ਮੇਨ ਰੋਡ 'ਤੇ ਰੋਕ ਦਿੱਤਾ ਗਿਆ।
ਸ. ਸਚਦੇਵਾ ਨੇ ਦੱਸਿਆ ਕਿ ਇਹ ਆਮ ਲੋਕਾਂ ਨਾਲ ਧੱਕਾ ਹੈ। ਉਨ੍ਹਾਂ ਦੱਸਿਆ ਕਿ 15 ਦਿਨ ਪਹਿਲਾਂ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ Àੁੱਜਵਲ ਨੂੰ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਸਬੰਧੀ ਮੰਗ-ਪੱਤਰ ਵੀ ਦਿੱਤਾ ਸੀ ਪਰ ਹੁਣ ਤਕ ਉਸ 'ਤੇ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਸ਼ਹਿਰ ਵਿਚ ਬੇਸਹਾਰਾ ਪਸ਼ੂਆਂ ਦੀ ਤਾਦਾਦ ਦਿਨੋ-ਦਿਨ ਵਧਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਸ਼ੇਰਗੜ੍ਹ ਦੇ ਲੋਕ ਉਕਤ ਪਸ਼ੂਆਂ ਤੋਂ ਬਹੁਤ ਦੁਖੀ ਹਨ, ਜਿਸ ਤੋਂ ਬਾਅਦ ਉਨ੍ਹਾਂ ਤਕ ਪਹੁੰਚ ਕੀਤੀ ਗਈ ਸੀ ਅਤੇ ਲੋਕਾਂ ਨਾਲ ਮਿਲ ਕੇ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਤਾਂ ਜੋ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਪਤਾ ਲੱਗੇ ਕਿ ਇਹ ਬੇਸਹਾਰਾ ਪਸ਼ੂ ਕਿੱਥੇ ਰੱਖਣੇ ਹਨ। ਪੁਲਸ ਨੇ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨਕਾਰੀਆਂ ਨੂੰ ਸ਼ਹਿਰ ਵਿਚ ਨਹੀਂ ਜਾਣ ਦਿੱਤਾ।
'ਆਪ' ਆਗੂ ਨੇ ਦੱਸਿਆ ਕਿ ਉਹ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਬੇਸਹਾਰਾ ਪਸ਼ੂਆਂ ਨੂੰ ਸੜਕਾਂ 'ਤੇ ਛੱਡਣੋਂ ਨਾ ਰੋਕਿਆ ਗਿਆ ਤਾਂ ਸ਼ਹਿਰ ਪਸ਼ੂ ਮੰਡੀ 'ਚ ਤਬਦੀਲ ਹੋ ਕੇ ਰਹਿ ਜਾਵੇਗਾ। ਪਿੰਡ ਸ਼ੇਰਗੜ੍ਹ ਦੇ ਰਾਕੇਸ਼ ਕੁਮਾਰ ਬਿੱਲਾ ਅਤੇ ਕੌਸ਼ੱਲਿਆ ਦੇਵੀ ਨੇ ਦੱਸਿਆ ਕਿ ਬੇਸਹਾਰਾ ਪਸ਼ੂਆਂ ਕਾਰਨ ਉਨ੍ਹਾਂ ਦੀ ਖੇਤੀ ਪ੍ਰਭਾਵਿਤ ਹੋ ਰਹੀ ਹੈ, ਜੋ ਫ਼ਸਲਾਂ ਦਾ ਨੁਕਸਾਨ ਕਰਦੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਕਿਹਾ ਕਿ ਜੇਕਰ ਉਹ ਬੇਸਹਾਰਾ ਪਸ਼ੂਆਂ ਤੋਂ ਪ੍ਰੇਸ਼ਾਨ ਹਨ ਤਾਂ ਉਹ ਆਮ ਆਦਮੀ ਪਾਰਟੀ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਉਨ੍ਹਾਂ ਦੀ ਸਮੱਸਿਆ ਨੂੰ ਹੱਲ ਕਰਵਾਉਣ ਦਾ ਯਤਨ ਕੀਤਾ ਜਾ ਸਕੇ।
ਇਸ ਦੌਰਾਨ ਉਨ੍ਹਾਂ ਨਾਲ ਸ਼ਹਿਰੀ ਪ੍ਰਧਾਨ ਮਦਨ ਲਾਲ ਸੂਦ, ਸੰਦੀਪ ਸੈਣੀ, ਕੁਲਭੂਸ਼ਣ, ਅਜੈ ਵਰਮਾ, ਮੁਨੀਸ਼ ਠਾਕੁਰ, ਪਵਨ ਸ਼ਰਮਾ, ਸ਼ਸ਼ੀ ਸ਼ਾਰਦਾ, ਜਸਪਾਲ ਸੁਮਨ, ਜਗਵਿੰਦਰ ਸਿੰਘ ਰਾਮਗੜ੍ਹ, ਅਜਾਇਬ ਸਿੰਘ, ਹਰਕ੍ਰਿਸ਼ਨ ਕਜਲਾ, ਅਮਿਤ ਨਾਗੀ, ਮਣੀ ਗੋਗੀਆ, ਜਸਦੀਪ ਸਿੰਘ, ਮੰਗਤ ਰਾਮ ਕਾਲੀਆ, ਅੰਮ੍ਰਿਤਪਾਲ ਸਿੰਘ, ਤੇਜਿੰਦਰ ਸਿੰਘ, ਨਾਨਕ ਚੰਦ, ਨਵਜੋਤ ਕੌਰ, ਮੰਗੂ ਰਾਮ, ਸੁਰਿੰਦਰ ਸਿੰਘ, ਜਸਵਿੰਦਰ ਸਿੰਘ, ਧਰਮਿੰਦਰ, ਗੁਰਪ੍ਰੀਤ ਸਾਹਨੀ ਅਤੇ ਪੰਕਜ ਗਰਗ ਤੋਂ ਇਲਾਵਾ ਸ਼ੇਰਗੜ੍ਹ ਦੇ ਲੋਕ ਵੀ ਮੌਜੂਦ ਸਨ।
ਵਰਕ ਪਰਮਿਟ 'ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ 16 ਲੱਖ ਦੀ ਠੱਗੀ
NEXT STORY