ਗਿੱਦੜਬਾਹਾ (ਕੁਲਭੂਸ਼ਨ, ਰਾਠੌੜ, ਸੰਧਿਆ, ਚਾਵਲਾ) - ਗਿੱਦੜਬਾਹਾ ਸਿਵਲ ਹਸਪਤਾਲ ਵਿਖੇ ਤਿੰਨ ਮਹੀਨਿਆਂ ਵਿਚ ਉਹ ਸਾਰੀਆਂ ਸਹੂਲਤਾਂ ਮੌਜੂਦ ਹੋਣਗੀਆਂ, ਜਿਹੜੀਆਂ ਇਕ ਚੰਗੇ ਪ੍ਰਾਈਵੇਟ ਹਸਪਤਾਲ 'ਚ ਹੁੰਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਦੜਬਾਹਾ ਸਿਵਲ ਹਸਪਤਾਲ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਦੋ ਡਾਇਲਾਸਿਸ ਮਸ਼ੀਨਾਂ ਦੇ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਗਿੱਦੜਬਾਹਾ ਸਿਵਲ ਹਸਪਤਾਲ 'ਚ ਪ੍ਰਵਾਨਿਤ ਡਾਕਟਰਾਂ ਦੀਆਂ ਲੱਗਭਗ ਸਾਰੀਆਂ ਅਸਾਮੀਆਂ 'ਤੇ ਡਾਕਟਰਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਹਸਪਤਾਲ 'ਚ ਸਟਾਫ਼ ਨਰਸਾਂ ਦੀ ਕਮੀ ਨੂੰ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਡਾ. ਐੱਸ. ਪੀ. ਸਿੰਘ ਓਬਰਾਏ ਨੇ ਕਿਹਾ ਕਿ ਗਿੱਦੜਬਾਹਾ ਸਿਵਲ ਹਸਪਤਾਲ ਨੂੰ ਫਿਲਹਾਲ ਦੋ ਡਾਇਲਾਸਿਸ ਮਸ਼ੀਨਾਂ ਦਿੱਤੀਆਂ ਗਈਆਂ ਹਨ ਅਤੇ ਜੇਕਰ ਸਿਵਲ ਹਸਪਤਾਲ ਇਕ ਮਸ਼ੀਨ 'ਤੇ ਮਹੀਨੇ ਅੰਦਰ 35 ਤੱਕ ਡਾਇਲਾਸਿਸ ਕਰਦਾ ਹੈ ਤਾਂ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਦੋ ਹੋਰ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵਿਚ 80 ਤੋਂ 90 ਡਾਇਲਾਸਿਸ ਕੀਤੇ ਜਾਂਦੇ ਹਨ ਪਰ ਸਿਵਲ ਹਸਪਤਾਲਾਂ ਵਿਚ ਇਨ੍ਹਾਂ ਦੀ ਗਿਣਤੀ 15-16 ਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੋਚ ਹੈ ਕਿ ਡਾਇਲਾਸਿਸ ਕਰਵਾਉਣ ਲਈ ਲੋਕਾਂ ਨੂੰ ਦੂਰ-ਦੁਰਾਡੇ ਨਾ ਜਾਣਾ ਪਵੇ। ਪ੍ਰਾਈਵੇਟ ਹਸਪਤਾਲਾਂ 'ਚ ਪਹਿਲਾਂ ਡਾਇਲਾਸਿਸ ਕਾਫ਼ੀ ਮਹਿੰਗਾ ਸੀ ਅਤੇ ਗਰੀਬ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਸੀ ਪਰ ਹੁਣ ਹਸਪਤਾਲਾਂ 'ਚ ਸਿਰਫ਼ 700 ਰੁਪਏ ਵਿਚ ਡਾਇਲਸਿਸ ਹੋ ਰਿਹਾ ਹੈ ਅਤੇ ਸਿਵਲ ਹਸਪਤਾਲ ਵਿਚ ਇਹ ਬਿਲਕੁਲ ਮੁਫ਼ਤ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੀ ਸੋਚ ਹੈ ਕਿ ਲੋਕਾਂ ਨੂੰ 15-20 ਕਿਲੋਮੀਟਰ ਤੋਂ ਦੂਰ ਡਾਇਲਸਿਸ ਕਰਾਉਣ ਲਈ ਨਾ ਜਾਣਾ ਪਵੇ।
ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਪ੍ਰਦੀਪ ਸਚਦੇਵਾ ਨੇ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸ. ਓਬਰਾਏ ਨੂੰ ਭਰੋਸਾ ਦਿੱਤਾ ਕਿ ਉਹ ਮਹੀਨੇ ਅੰਦਰ ਦਿੱਤੇ ਟੀਚੇ ਤੋਂ ਵੱਧ ਡਾਇਲਾਸਿਸ ਕਰਨਗੇ। ਇਸ ਮੌਕੇ ਡਾ. ਰਾਜੀਵ ਜੈਨ, ਡਾ. ਦੀਪਕ ਰਾਏ, ਡਾ. ਮੋਨਿਕਾ ਜੈਨ, ਡਾ. ਸਤੀਸ਼, ਡਾ. ਗੁਰਪ੍ਰੀਤ ਚੀਮਾ, ਡਾ. ਖੁਸ਼ਬੂ, ਡਾ. ਹਰਸ਼ਪ੍ਰੀਤ ਕੌਰ, ਕੋਆਰਡੀਨੇਟਰ ਅਨਮੋਲ ਜੁਨੇਜਾ ਬਬਲੂ, ਫਾਰਮਾਸਿਸਟ ਅਜੇ ਗੋਇਲ ਅਤੇ ਗੁਰਿੰਦਰਪਾਲ ਛੱਤੇਆਣਾ ਆਦਿ ਹਾਜ਼ਰ ਸਨ।
ਮੋਹਾਲੀ : ਖੌਫਨਾਕ ਹਰਕਤ ਕਰਦਿਆਂ ਨਾਬਾਲਗ ਮੁੰਡਿਆ ਦਾ ਦਿਲ ਜ਼ਰਾ ਵੀ ਨਾ ਕੰਬਿਆ
NEXT STORY