ਫਰੀਦਕੋਟ, (ਹਾਲੀ)- ਜ਼ਿਲੇ 'ਚ ਨਿਲਾਮ ਕੀਤੇ ਗਏ ਸ਼ਰਾਬ ਦੇ ਠੇਕਿਆਂ ਵਿਚ ਬਣਾਏ ਗਏ ਵੱਖ-ਵੱਖ ਜ਼ੋਨਾਂ 'ਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੀ ਕੰਪਨੀ ਕਾਬਜ਼ ਹੋ ਗਈ ਹੈ।
ਜ਼ਿਲੇ ਭਰ 'ਚ ਬਣਾਏ ਗਏ 18 ਜ਼ੋਨਾਂ 'ਚੋਂ 17 ਜ਼ੋਨਾਂ ਦੀ ਲਾਟਰੀ ਮਲਹੋਤਰਾ ਗਰੁੱਪ ਦੀ ਨਿਕਲੀ ਹੈ, ਜਦਕਿ ਇਕ ਕੋਟਕਪੂਰਾ ਨਾਲ ਸਬੰਧਤ ਗਰੁੱਪ ਦੀ ਲਾਟਰੀ ਮਨਜਿੰਦਰ ਸਿੰਘ ਦੇ ਨਾਂ 'ਤੇ ਨਿਕਲੀ ਹੈ। ਜ਼ਿਲੇ ਵਿਚ ਪ੍ਰਾਪਤ ਹੋਈਆਂ ਕੁਲ ਅਰਜ਼ੀਆਂ 'ਚੋਂ 1090 ਤੋਂ ਵੱਧ ਅਰਜ਼ੀਆਂ ਸਿਰਫ ਮਲਹੋਤਰਾ ਗਰੁੱਪ ਦੀਆਂ ਹੀ ਸਨ। ਆਲਾਟ ਕੀਤੇ ਗਏ ਠੇਕਿਆਂ ਦੇ 17 ਗਰੁੱਪਾਂ 'ਚ ਦੀਪ ਮਲੋਹਤਰਾ ਦੇ ਪੁੱਤਰਾਂ ਤੋਂ ਇਲਾਵਾ ਉਸ ਦੀ ਪਤਨੀ ਡਿੰਪੀ ਮਲਹੋਤਰਾ ਵੀ ਕੰਪਨੀ ਦੀ ਹਿੱਸੇਦਾਰ ਹੈ।
ਜ਼ਿਕਰਯੋਗ ਹੈ ਕਿ ਜ਼ਿਲੇ 'ਚ ਕੁਲ 18 ਗਰੁੱਪਾਂ ਲਈ ਆਈਆਂ ਅਰਜ਼ੀਆਂ ਵਿਚ 237 ਅਰਜ਼ੀਆਂ ਔਰਤਾਂ ਦੇ ਨਾਂ 'ਤੇ ਆਈਆਂ ਸਨ, ਜਿਨ੍ਹਾਂ 'ਚੋਂ 6 ਗਰੁੱਪਾਂ ਉੱਪਰ ਔਰਤਾਂ ਠੇਕੇ ਪ੍ਰਾਪਤ ਕਰਨ ਵਿਚ ਕਾਮਯਾਬ ਹੋ ਗਈਆਂ ਹਨ। ਇਨ੍ਹਾਂ 'ਚ ਸਭ ਤੋਂ ਅੱਗੇ ਨਾਂ ਡਿੰਪੀ ਮਲਹੋਤਰਾ ਦਾ ਹੀ ਆਉਂਦਾ ਹੈ।
ਜ਼ਿਲਾ ਫਰੀਦਕੋਟ 'ਚ ਸਾਲ 2018-19 ਲਈ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਸਥਾਨਕ ਮੌੜ ਪੈਲੇਸ ਵਿਚ ਪ੍ਰੈੱਸ ਦੇ ਨੁਮਾਇੰਦਿਆਂ, ਆਬਕਾਰੀ ਤੇ ਕਰ ਵਿਭਾਗ ਅਧਿਕਾਰੀਆਂ ਦੀ ਹਾਜ਼ਰੀ 'ਚ ਖੁਦ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਡਰਾਅ ਵਿਧੀ ਰਾਹੀਂ ਪੂਰੀ ਪਾਰਦਰਸ਼ਤਾ ਨਾਲ ਅਲਾਟ ਕੀਤੀ। ਇਸ ਸਮੇਂ ਐੱਸ. ਡੀ. ਐੱਮ. ਫਰੀਦਕੋਟ ਗੁਰਜੀਤ ਸਿੰਘ, ਉਪ ਆਬਕਾਰੀ ਤੇ ਕਰ ਕਮਿਸ਼ਨਰ ਜੀ. ਐੱਸ. ਸੰਧੂ, ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਜੋਗਿੰਦਰ ਕੁਮਾਰ ਸਿੰਗਲਾ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਸਾਲ 2018-19 ਲਈ ਜ਼ਿਲੇ ਦੇ ਦੇਸੀ ਸ਼ਰਾਬ ਦੇ 181 ਠੇਕਿਆਂ ਅਤੇ ਅੰਗਰੇਜ਼ੀ ਸ਼ਰਾਬ ਦੇ 61 ਠੇਕਿਆਂ ਦੀ ਅਲਾਟਮੈਂਟ ਹੋਈ ਹੈ। ਉਨ੍ਹਾਂ ਦੱਸਿਆ ਕਿ ਡਰਾਅ ਵਿਧੀ ਰਾਹੀਂ ਅਲਾਟਮੈਂਟ ਕਰਨ ਲਈ ਬਿਨੈਕਾਰਾਂ ਦੀਆਂ 1112 ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਸਨ, ਜਿਨ੍ਹਾਂ ਤੋਂ 2 ਕਰੋੜ 16 ਹਜ਼ਾਰ ਰੁਪਏ ਬਤੌਰ ਦਰਖਾਸਤ ਫ਼ੀਸ ਇਕੱਤਰ ਹੋਈ। ਇਨ੍ਹਾਂ 'ਚੋਂ 62 ਅਰਜ਼ੀਆਂ ਚਾਹਵਾਨਾਂ ਨੇ ਦਫਤਰ ਵਿਚ ਜਮ੍ਹਾ ਕਰਵਾਈਆਂ, ਜਦਕਿ 1050 ਅਰਜ਼ੀਆਂ ਚਾਹਵਾਨਾਂ ਨੇ ਆਨਲਾਈਨ ਅਪਲਾਈ ਕਰ ਕੇ ਜਮ੍ਹਾ ਕਰਵਾਈਆਂ।
ਇਸ ਤੋਂ ਇਲਾਵਾ ਅਲਾਟ ਕੀਤੇ ਗਏ 242 ਠੇਕਿਆਂ ਤੋਂ ਸਾਲ 2018-19 ਦੌਰਾਨ ਸਰਕਾਰ ਨੂੰ 101 ਕਰੋੜ 40 ਲੱਖ 08 ਹਜ਼ਾਰ 883 ਰੁਪਏ ਦੀ ਆਮਦਨੀ ਹੋਵੇਗੀ। ਉਨ੍ਹਾਂ ਦੱਸਿਆ ਕਿ ਸਾਲ 2018-19 ਲਈ ਦੇਸੀ, ਅੰਗਰੇਜ਼ੀ ਸ਼ਰਾਬ ਅਤੇ ਬੀਅਰ ਦਾ ਕੋਟਾ ਕ੍ਰਮਵਾਰ 18,50,479 ਪਰੂਫ ਲਿਟਰ ਅਤੇ 3,32,500 ਪਰੂਫ ਲਿਟਰ ਤੇ 5,89,643 ਬਲਕ ਲਿਟਰ ਰੱਖਿਆ ਗਿਆ ਹੈ।
ਇਸ ਦੌਰਾਨ ਉਪ ਆਬਕਾਰੀ ਤੇ ਕਰ ਕਮਿਸ਼ਨਰ ਜੀ. ਐੱਸ. ਸੰਧੂ ਨੇ ਦੱਸਿਆ ਕਿ ਜ਼ਿਲੇ ਨੂੰ 18 ਜ਼ੋਨਾਂ ਵਿਚ ਵੰਡਿਆ ਗਿਆ ਹੈ, ਜਿਸ 'ਚ ਫਰੀਦਕੋਟ ਦੇ 7, ਕੋਟਕਪੂਰਾ ਦੇ 7, ਜੈਤੋ ਦੇ 3 ਅਤੇ ਸਾਦਿਕ ਦਾ 1 ਜ਼ੋਨ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸਫ਼ਲ ਠੇਕੇਦਾਰਾਂ ਵੱਲੋਂ ਅਲਾਟਮੈਂਟ ਦੀ ਰਾਸ਼ੀ ਜਮ੍ਹਾ ਕਰਵਾ ਲਈ ਗਈ ਹੈ।
ਇਸ ਮੌਕੇ ਆਬਕਾਰੀ ਤੇ ਕਰ ਅਫ਼ਸਰ ਬਿਕਰਮ ਦੇਵ ਠਾਕੁਰ, ਡੀ. ਟੀ. ਓ. ਜੀ. ਐੱਸ. ਟੀ. ਕੁਲਵਿੰਦਰ ਵਰਮਾ, ਡੀ. ਟੀ. ਓ. ਜੀ. ਐੱਸ. ਟੀ. ਇੰਦਰਜੀਤ ਸੰਧੂ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਸਨ।
ਰਾਸ਼ਟਰੀ ਏਕਤਾ ਦਾ ਸੁਨੇਹਾ ਦੇਣ ਵਾਲੇ ਸਾਈਕਲ ਯਾਤਰੀ ਨਾਗਰਾਜ ਗੌੜਾ ਪਹੁੰਚੇ ਫ਼ਰੀਦਕੋਟ
NEXT STORY