ਲੁਧਿਆਣਾ (ਸੇਠੀ) : ਆਮਦਨ ਟੈਕਸ ਵਿਭਾਗ ਦੇ ਜਾਂਚ ਵਿੰਗ ਵੱਲੋਂ ਬੀਤੇ ਦਿਨ ਮਹਾਨਗਰ ਦੇ ਸਾਈਕਲ ਕਾਰੋਬਾਰੀ ’ਤੇ ਕੀਤੀ ਗਈ ਛਾਪੇਮਾਰੀ ’ਚ ਇਕ ਕਾਰੋਬਾਰੀ ਤੋਂ 1.60 ਕਰੋੜ ਦੇ ਲਗਭਗ ਕੈਸ਼ ਅਤੇ ਕੁੱਝ ਜਿਊਲਰੀ ਬਰਾਮਦ ਕੀਤੀ ਗਈ, ਜਿਸ ਦਾ ਬਿਓਰਾ ਜਲਦ ਉਕਤ ਕਾਰੋਬਾਰੀ ਤੋਂ ਵਿਭਾਗ ਮੰਗੇਗਾ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਭਾਗ ਉਕਤ ਸਾਰੇ ਕਾਰੋਬਾਰੀਆਂ ਨੂੰ ਸੰਮਨ ਭੇਜ ਕੇ ਬੁਲਾਏਗਾ ਅਤੇ ਸਟੇਟਮੈਂਟ ਰਿਕਾਰਡ ਕੀਤੀ ਜਾਵੇਗੀ। ਇਸ ਦੇ ਨਾਲ ਛਾਪੇਮਾਰੀ ਦੌਰਾਨ ਬਰਾਮਦ ਹੋਰ ਦਸਤਾਵੇਜ਼ਾਂ ਨੂੰ ਵਿਭਾਗ ਚੰਗੀ ਤਰ੍ਹਾਂ ਚੈੱਕ ਕਰੇਗਾ ਅਤੇ ਜਾਂਚ ਸ਼ੁਰੂ ਕਰੇਗਾ।
ਹੁਣ ਤੱਕ ਦੀ ਸਭ ਤੋਂ ਵੱਡੀ ਛਾਪੇਮਾਰੀ, ਮਿਲੀ ਸਿਰਫ 1.60 ਕਰੋੜ ਦੀ ਨਕਦੀ
ਇੱਥੇ ਸੋਚਣ ਵਾਲੀ ਗੱਲ ਹੈ ਕਿ ਆਮਦਨ ਟੈਕਸ ਵਿਭਾਗ ਦੀ 3 ਦਿਨ ਲੰਬੀ ਚੱਲੀ ਛਾਪੇਮਾਰੀ ਜੋ ਖ਼ੁਦ ਵਿਚ ਹੀ ਇਕ ਰਿਕਾਰਡ ਹੈ। ਅੱਜ ਤੋਂ ਪਹਿਲਾਂ ਸ਼ਾਇਦ ਹੀ ਲੁਧਿਆਣਾ ਵਿਚ ਆਮਦਨ ਟੈਕਸ ਵਿਭਾਗ ਦੀ ਇੰਨੀ ਲੰਬੀ ਕਾਰਵਾਈ ਚੱਲੀ ਹੋਵੇ। ਉਸ ਵਿਚ ਵੀ ਸਿਰਫ 1.60 ਕਰੋੜ ਦੀ ਨਕਦੀ ਮਿਲਣਾ, ਕੋਈ ਵੱਡੀ ਗੱਲ ਨਹੀਂ ਕਿਉਂਕਿ ਆਮਦਨ ਟੈਕਸ ਵਿਭਾਗ ਨੇ ਜਿਨ੍ਹਾਂ ਸਾਈਕਲ ਕਾਰੋਬਾਰੀਆਂ ਨੂੰ ਟਾਰਗੈੱਟ ਕੀਤਾ ਸੀ, ਉਹ ਮਹਾਨਗਰ ਦੇ ਮੰਨੇ-ਪ੍ਰਮੰਨੇ ਨਾਵਾਂ ਵਿਚ ਸ਼ੁਮਾਰ ਹੁੰਦੇ ਹਨ, ਜਿਨ੍ਹਾਂ ਦੀ ਟਰਨ ਓਵਰ 100-500 ਕਰੋੜ ਦੀ ਹੈ। ਉਪਰੋਕਤ ਫਰਮ ਦੇ ਸੀ. ਏ. ਅਤੇ ਅਕਾਊਂਟੈਟ ਨੇ ਨਕਦੀ ਦਾ ਬਿਓਰਾ ਦੇ ਕੇ ਵਾਪਸ ਹਾਸਲ ਕਰ ਹੀ ਲੈਣਾ ਹੈ ਤਾਂ ਫਿਰ ਇੰਨੀ ਵੱਡੀ ਰੇਡ ਦਾ ਕੀ ਮਤਲਬ? ਕੀ ਇਸ ਮਿਸ਼ਨ ’ਤੇ ਲੱਗਾ ਸਾਰਾ ਸਰਕਾਰੀ ਖ਼ਰਚਾ ਪਾਣੀ ਵਿਚ ਵਹਿ ਗਿਆ? ਅਜਿਹੇ ਕਈ ਸਵਾਲਾਂ ਦੇ ਜਵਾਬ ਆਮਦਨ ਟੈਕਸ ਵਿਭਾਗ ਦੇ ਲਈ ਖੜ੍ਹੇ ਹੋ ਚੁੱਕੇ ਹਨ।
ਕਾਰੋਬਾਰੀ ਵਿਭਾਗ ਦੀ ਕਾਰਵਾਈ ਤੋਂ ਨਾਖੁਸ਼
ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ਕਾਰਨ ਮਹਾਨਗਰ ਦਾ ਮਾਹੌਲ ਕਾਫ਼ੀ ਗਰਮਾਇਆ ਰਿਹਾ, ਨਾਲ ਹੀ ਕਈ ਕਾਰੋਬਾਰੀ ਵਿਭਾਗ ਦੀ ਇਸ ਕਾਰਵਾਈ ਤੋਂ ਨਾਖੁਸ਼ ਨਜ਼ਰ ਆਏ। ਕਾਰੋਬਾਰੀਆਂ ਦਾ ਮੰਨਣਾ ਹੈ ਕਿ ਵਿਭਾਗ ਨੂੰ ਤਿਉਹਾਰੀ ਸੀਜ਼ਨ ਵਿਚ ਇਸ ਤਰ੍ਹਾਂ ਕਾਰਵਾਈ ਨਹੀਂ ਕਰਨੀ ਚਾਹੀਦੀ ਸੀ ਅਤੇ ਇਸ ਦੇ ਨਾਲ ਹੀ ਕੋਵਿਡ-19 ਮਹਾਮਾਰੀ ਕਾਰਨ ਵਪਾਰ ਪਹਿਲਾਂ ਹੀ ਮੰਦੀ ਵਿਚ ਹੈ, ਉੱਪਰੋਂ ਵਿਭਾਗ ਨੇ ਦੋਹਰੀ ਮਾਰ ਮਾਰੀ ਹੈ।
ਲੰਬੇ ਸਮੇਂ ਤੋਂ ਇਨ੍ਹਾਂ ਫਰਮਾਂ ’ਤੇ ਸੀ ਵਿਭਾਗ ਦੀ ਬਾਜ਼ ਅੱਖ
ਆਮਦਨ ਟੈਕਸ ਵਿਭਾਗ ਦੇ ਇੰਟਰਨਲ ਸੋਰਸ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਈਕਲ ਕਾਰੋਬਾਰੀਆਂ ਨੇ ਕੋਰੋਨਾ ਕਾਲ ਦੌਰਾਨ ਕਾਫੀ ਚਾਂਦੀ ਕੁੱਟੀ ਹੈ ਅਤੇ ਇਹ ਸਾਰੀਆਂ ਫਰਮਾਂ ਤਕਰੀਬਨ ਐਕਸਪੋਰਟ ਕਰਦੀਆਂ ਹਨ, ਜਿਸ ਕਾਰਨ ਵਿਭਾਗ ਪਹਿਲਾਂ ਲੰਬੇ ਸਮੇਂ ਤੋਂ ਇਨ੍ਹਾਂ ਫਰਮਾਂ ’ਤੇ ਪੈਨੀ ਨਜ਼ਰ ਰੱਖ ਰਿਹਾ ਸੀ। ਨਾਲ ਹੀ ਉਨ੍ਹਾਂ ਇਹ ਵੀ ਸ਼ੱਕ ਸੀ ਕਿ ਇਹ ਕਰ ਚੋਰੀ ਵਿਚ ਸ਼ਾਮਲ ਹੈ।
ਇਸੇ ਕੇਸ ਦੇ ਸਬੰਧ ’ਚ ਅਗਲੀ ਕਾਰਵਾਈ ਹੋ ਸਕਦੀ ਹੈ ਚੰਡੀਗੜ੍ਹ ’ਚ
ਇਸੇ ਦੌਰਾਨ ਜਾਣਕਾਰੀ ਇਹ ਵੀ ਮਿਲੀ ਹੈ ਕਿ ਵਿਭਾਗ ਦੀ ਅਗਲੀ ਕਾਰਵਾਈ ਇਸੇ ਕੇਸ ਦੇ ਸਬੰਧ ਵਿਚ ਚੰਡੀਗੜ੍ਹ ’ਚ ਹੋਵੇਗੀ ਕਿਉਂਕਿ ਇਨ੍ਹਾਂ ਸਾਰੀਆਂ ਫਰਮਾਂ ’ਚੋਂ ਇਕ ਫਰਮ ਦੇ ਸਿੱਧੇ ਤਾਰ ’ਤੇ ਚੰਡੀਗੜ੍ਹ ਨਾਲ ਜੁੜਦੇ ਹਨ। ਉਕਤ ਕਾਰੋਬਾਰੀ ਨੇ ਹਾਲ ਹੀ ਵਿਚ ਆਪਣੀ ਬੇਟੀ ਦੇ ਵਿਆਹ ਦਾ ਰਿਸ਼ਤਾ ਚੰਡੀਗੜ੍ਹ ਦੇ ਮਸ਼ਹੂਰ ਫਾਰਮਾਸਿਸਟ ਵਪਾਰ ਨਾਲ ਸਬੰਧ ਰੱਖਣ ਵਾਲੇ ਨਾਲ ਕਰਵਾਇਆ ਸੀ, ਜਿਸ ਕਾਰਨ ਹੁਣ ਵਿਭਾਗ ਨੂੰ ਸ਼ੱਕ ਹੈ ਕਿ ਉਕਤ ਨੇ ਆਪਣਾ ਸਾਰਾ ਨਾਜਾਇਜ਼ ਧਨ ਚੰਡੀਗੜ੍ਹ ਵਿਚ ਲੁਕੋ ਕੇ ਰੱਖਿਆ ਹੈ, ਜਿਸ ’ਤੇ ਜਲਦ ਹੀ ਕਾਰਵਾਈ ਹੋ ਸਕਦੀ ਹੈ।
ਨਵੀਂ ਪਾਰਟੀ ਦੇ ਐਲਾਨ ਤੋਂ ਪਹਿਲਾਂ ਹੀ ਕੈਪਟਨ ’ਤੇ ਵਰ੍ਹੇ ਰੰਧਾਵਾ
NEXT STORY