ਲੁਧਿਆਣਾ (ਰਿਸ਼ੀ, ਗੌਤਮ)- ਮਾਡਲ ਟਾਊਨ ਦੇ ਇਲਾਕੇ ’ਚ ਨਵੀਂ ਬਣ ਰਹੀ ਕੋਠੀ ਦੇ ਮਾਲਕ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਘਰ ਨਾ ਪੁੱਜਣ ਕਾਰਨ ਜਦੋਂ ਪਰਿਵਾਰ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਹਾਦਸੇ ਦਾ ਪਤਾ ਲੱਗਾ, ਜਿਸ ’ਤੇ ਉਨ੍ਹਾਂ ਨੇ ਥਾਣਾ ਮਾਡਲ ਟਾਊਨ ਦੀ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ ਦਾ ਮੁਆਇਨਾ ਕਰ ਕੇ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ।
ਪੁਲਸ ਨੇ ਜਾਂਚ ਤੋਂ ਬਾਅਦ ਮਰਨ ਵਾਲੇ ਦੀ ਪਛਾਣ ਸਲੇਮ ਟਾਬਰੀ ਦੇ ਮੁਹੱਲਾ ਲਕਸ਼ਮੀਪੁਰੀ ਦੇ ਰਹਿਣ ਵਾਲੇ ਖੁਸ਼ਬੀਰ ਸਿੰਘ ਵਜੋਂ ਕੀਤੀ ਹੈ। ਪੁਲਸ ਨੇ ਮੌਕੇ ਤੋਂ ਖ਼ੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਹੈ, ਜੋ ਅੰਗਰੇਜ਼ੀ ’ਚ ਲਿਖਿਆ ਹੋਇਆ ਹੈ। ਇਸ ਨੋਟ ’ਚ ਹਰਿਆਣਾ ਅਤੇ ਲੁਧਿਆਣਾ ਦੇ ਲੋਕਾਂ ਦੇ ਨਾਂ ਲਿਖੇ ਹਨ। ਪੁਲਸ ਨੇ ਇਸ ਮਾਮਲੇ ਸਬੰਧੀ ਕਾਰਵਾਈ ਕਰਦਿਆਂ 6 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੇ ਮਰਨ ਵਾਲੇ ਵਿਅਕਤੀ ਦਾ ਮੋਬਾਈਲ ਅਤੇ ਹੋਰ ਦਸਤਾਵੇਜ਼ ਵੀ ਕਬਜ਼ੇ ’ਚ ਲੈ ਲਏ ਹਨ।
ਪੁਲਸ ਨੇ ਹਰਿਆਣਾ ਦੇ ਕੈਥਲ ਜ਼ਿਲੇ ਦੇ ਵਿਸ਼ਾਲ ਜਿੰਦਲ ਕੇਅਰ ਆਫ਼ ਜਿੰਦਲ ਕਨਫੈਕਸ਼ਨਰੀ ਲੁਧਿਆਣਾ ਦੇ ਰੌਸ਼ਨ, ਵਿਨੇ ਜੈਨ (ਹਰਿਆਣਾ ਨਿਵਾਸੀ), ਹਰਿਆਣਾ ਦੇ ਅਨਿਲ ਬਾਂਸਲ, ਲੁਧਿਆਣਾ ਦੇ ਲਾਲਾ ਅਤੇ ਅਮਨ ਸਵੀਟਸ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਕਾਫ਼ੀ ਦਿਨਾਂ ਤੋਂ ਚੱਲ ਰਿਹਾ ਸੀ ਪ੍ਰੇਸ਼ਾਨ
ਪਰਿਵਾਰਕ ਮੈਂਬਰਾਂ ਮੁਤਾਬਕ ਖੁਸ਼ਬੀਰ ਸਿੰਘ ਬਹੁਤ ਹੀ ਮਿਲਣਸਾਰ ਅਤੇ ਹੱਸਮੁਖ ਸੀ ਪਰ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਪਰਿਵਾਰਕ ਸੂਤਰਾਂ ਦਾ ਕਹਿਣਾ ਹੈ ਕਿ ਉਹ ਆਈ. ਪੀ. ਐੱਲ. ਮੈਚਾਂ ਨੂੰ ਲੈ ਕੇ ਚੱਲ ਰਹੇ ਲੈਣ-ਦੇਣ ਅਤੇ ਬੁਕਿੰਗ ਦੇ ਜਾਲ ’ਚ ਫਸ ਗਿਆ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਪੁਲਸ ਦੇ ਮੁਤਾਬਕ ਉਸ ਦਾ ਵਿਆਹ ਸਾਲ 2015 ’ਚ ਹੋਇਆ ਸੀ। ਉਹ ਆਪਣੀ ਪਤਨੀ, 10 ਸਾਲ ਦੀ ਬੇਟੀ ਅਤੇ 5 ਸਾਲ ਦੇ ਬੇਟੇ ਦੇ ਨਾਲ ਸਲੇਮ ਟਾਬਰੀ ’ਚ ਰਹਿੰਦਾ ਸੀ ਅਤੇ ਮਾਡਲ ਟਾਊਨ ’ਚ ਨਵੀਂ ਕੋਠੀ ਬਣਵਾ ਰਿਹਾ ਸੀ।
ਨਵੀਂ ਕੋਠੀ ’ਚ ਲਟਕਦੀ ਹੋਈ ਮਿਲੀ ਲਾਸ਼
ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਉਹ ਸਵੇਰੇ ਕੰਮਕਾਜ ਦੇ ਸਿਲਸਿਲੇ ’ਚ ਘਰੋਂ ਚਲੇ ਗਏ ਸਨ ਪਰ ਦੇਰ ਸ਼ਾਮ ਤੱਕ ਵਾਪਸ ਨਹੀਂ ਆਏ ਤਾਂ ਪਰਿਵਾਰ ਦੇ ਲੋਕਾਂ ਨੇ ਉਨ੍ਹਾਂ ਦਾ ਪਤਾ ਲਾਉਣ ਦਾ ਯਤਨ ਕੀਤਾ। ਇੱਧਰ-ਓਧਰ ਫ਼ੋਨ ਕਰਨ ਤੋਂ ਬਾਅਦ ਵੀ ਕੁਝ ਪਤਾ ਨਾ ਲੱਗਾ। ਉਸ ਦੇ ਪਰਿਵਾਰਕ ਲੋਕਾਂ ਨੇ ਮਾਡਲ ਟਾਊਨ ’ਚ ਬਣ ਰਹੀ ਉਨ੍ਹਾਂ ਦੀ ਕੋਠੀ ’ਚ ਕੰਮ ਕਰਨ ਵਾਲੇ ਠੇਕੇਦਾਰ ਅਤੇ ਲੇਬਰ ਤੋਂ ਉਨ੍ਹਾਂ ਸਬੰਧੀ ਪੁੱਛਿਆ।
ਜਦੋਂ ਪਰਿਵਾਰ ਦੇ ਲੋਕ ਉਸ ਨੂੰ ਲੱਭਦੇ ਹੋਏ ਨਵੀਂ ਕੋਠੀ ’ਚ ਪੁੱਜੇ ਤਾਂ ਉਨ੍ਹਾਂ ਨੇ ਦੇਖਿਆ ਕਿ ਕੋਠੀ ਦੇ ਬਾਹਰ ਉਨ੍ਹਾਂ ਦੀ ਕਾਰ ਖੜ੍ਹੀ ਹੈ ਪਰ ਉਹ ਉਥੇ ਮੌਜੂਦ ਨਹੀਂ ਸਨ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਲਾਸ਼ ਲਮਕ ਰਹੀ ਸੀ, ਜਿਸ ’ਤੇ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ।
ਜਲੰਧਰ ਵਾਸੀ ਦੇਣ ਧਿਆਨ! ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਹੋਇਆ ਵੱਡਾ ਐਲਾਨ, ਲਿਆ ਗਿਆ ਇਹ ਫ਼ੈਸਲਾ
NEXT STORY