ਰੋਮ, (ਦਲਵੀਰ ਕੈਂਥ)- ਇਟਲੀ ਵਿੱਚ ਖੁੱਲ੍ਹੀ ਇਮੀਗ੍ਰੇਸ਼ਨ ਵਿਚ ਹਰ ਉਹ ਪ੍ਰਵਾਸੀ ਭਾਰਤੀ ਪੱਕਾ ਹੋਣਾ ਲੋਚਦਾ ਹੈ, ਜਿਸ ਕੋਲ ਇਟਲੀ ਦੇ ਕਾਗਜ਼ ਨਹੀਂ ਹਨ ਪਰ ਕੰਮ ਵਾਲਾ ਪੱਕਾ ਮਾਲਕ ਕੋਲ ਨਾ ਹੋਣ ਕਾਰਨ ਤੇ ਬੋਝਾ ਵੀ ਪੈਸੇ ਧੇਲੇ ਤੋਂ ਸੱਖਣਾ ਹੋਣ ਕਾਰਨ ਇਟਲੀ ਦੇ ਪੰਜਾਬੀ ਨੌਜਵਾਨਾਂ ਦੀਆਂ ਫਿਕਰਾਂ ਪਹਿਲਾਂ ਨਾਲ਼ੋਂ ਵੀ ਹੋਰ ਦੂਣ-ਸਵਾਲੀਆਂ ਹੁੰਦੀਆਂ ਜਾ ਰਹੀਆਂ ਹਨ । ਅਜਿਹੇ ਹੀ ਫਿਕਰਾਂ ਦੇ ਮਾਰੇ ਕਰਜ਼ੇ ਹੇਠ ਦੱਬੇ ਪੰਜਾਬੀ ਨੌਜਵਾਨ ਜੋਵਨ ਸਿੰਘ ਉਰਫ ਕਾਲਾ (28) ਨੇ ਬੀਤੇ ਦਿਨ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਪਿੰਡ ਬੇਲਾ ਫਾਰਨੀਆਂ (ਸਬਾਊਦੀਆ) ਵਿਖੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਇਟਲੀ ਵਿੱਚ ਕੰਮ-ਕਾਰਾਂ ਦੇ ਮਾੜੇ ਹਲਾਤਾਂ ਅਤੇ ਪੱਕੇ ਕਾਗਜ਼ ਭਰਾਉਣ ਯੋਗ ਪੈਸੇ ਨਾ ਹੋਣ ਕਾਰਨ ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਇਹ ਕਦਮ ਚੁੱਕਿਆ।
ਮਿਲੀ ਜਾਣਕਾਰੀ ਮੁਤਾਬਕ ਜੋਵਨ ਸਿੰਘ ਕਰੀਬ 8-10 ਮਹੀਨੇ ਪਹਿਲਾਂ ਹੀ ਘਰ ਦੀ ਗਰੀਬੀ ਦੂਰ ਕਰਨ ਅਤੇ ਚੰਗੇ ਭਵਿੱਖ ਲਈ ਲੱਖਾਂ ਰੁਪਏ ਦਾ ਕਰਜ਼ਾ ਚੁੱਕ ਕੇ ਸੀਜ਼ਨ ਵਾਲੇ ਪੇਪਰਾਂ ਰਾਹੀਂ ਇਟਲੀ ਆਇਆ ਸੀ ਪਰ ਇੱਥੇ ਕੰਮ-ਕਾਰ ਕੋਈ ਜ਼ਿਆਦਾ ਚੰਗੇ ਨਾ ਹੋਣ ਕਾਰਨ ਉਸ ਨੂੰ ਕਾਫ਼ੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਤਾਲਾਬੰਦੀ ਦੌਰਾਨ ਜਿਹੜਾ ਮਾੜਾ-ਮੋਟਾ ਕੰਮ ਮਿਲਦਾ ਸੀ, ਉਹ ਵੀ ਬੰਦ ਹੋ ਗਿਆ। ਇਸ ਕਾਰਨ ਜੋਵਨ ਸਿੰਘ ਮਾਨਸਿਕ ਪ੍ਰੇਸ਼ਾਨੀ ਦਾ ਸ਼ਿਕਾਰ ਹੋ ਗਿਆ ਤੇ ਉਸ ਨੇ ਘਰ ਵਿੱਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।
ਉਸ ਦੇ ਯਾਰਾਂ-ਦੋਸਤਾਂ ਅਨੁਸਾਰ ਜੋਵਨ ਸਿੰਘ ਪੱਕੇ ਪੇਪਰ ਭਰਾਉਣੇ ਚਾਹੁੰਦਾ ਸੀ ਪਰ ਏਜੰਟਾਂ ਦੇ ਰੇਟ ਗਰੀਬ ਬੰਦੇ ਦੀ ਪਹੁੰਚ ਤੋਂ ਬਾਹਰ ਹੋਣ ਕਾਰਨ ਉਸ ਦੀ ਪੱਕੇ ਹੋ ਕੇ ਪੰਜਾਬ ਜਾਣ ਦੀ ਉਮੀਦ ਨੂੰ ਉਹ ਦਿਲ ਵਿੱਚ ਲੈ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਮ੍ਰਿਤਕ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸੰਬਧਤ ਸੀ ਜਿਹੜਾ ਕਿ ਆਪਣੇ ਪਿੱਛੇ ਬੁੱਢੀ ਮਾਂ ਤੇ ਛੋਟੇ-ਭੈਣ ਭਰਾ ਨੂੰ ਸਦਾ ਵਾਸਤੇ ਰੋਣ ਲਈ ਛੱਡ ਗਿਆ ਹੈ।
ਜ਼ਿਕਰਯੋਗ ਹੈ ਕਿ ਇਟਲੀ ਵਿੱਚ 8 ਸਾਲਾਂ ਬਾਅਦ ਖੁੱਲ੍ਹੀ ਇਮੀਗ੍ਰੇਸ਼ਨ ਨਾਲ ਹੁਣ ਹਰ ਕੱਚੇ ਪੰਜਾਬੀ ਨੇ ਇਹ ਸੁਪਨਾ ਦੇਖਣਾ ਸ਼ੁਰੂ ਕਰ ਦਿੱਤਾ ਹੈ ਕਿ ਰੱਬ ਨੇ ਉਨ੍ਹਾਂ ਦੀ ਸੁਣ ਕੇ ਪੇਪਰ ਖੋਲ੍ਹ ਦਿੱਤੇ ਹਨ ਪਰ ਪੇਪਰ ਭਰਨ ਲਈ ਮਾਲਕ ਦਾ ਲਾਜ਼ਮੀ ਹੋਣਾ ਇਸ ਸ਼ਰਤ ਨਾਲ ਉਹ ਭਾਰਤੀ ਨੌਜਵਾਨ ਕਾਫ਼ੀ ਮਾਨਸਿਕ ਪ੍ਰੇਸ਼ਾਨੀ ਵਿੱਚ ਦੇਖੇ ਜਾ ਰਹੇ ਹਨ ਜਿਨ੍ਹਾਂ ਕੋਲ ਕੰਮ ਦਾ ਕੋਈ ਪੱਕਾ ਮਾਲਕ ਨਹੀਂ ਜਿਸ ਦੇ ਚੱਲਦਿਆਂ ਜੋਵਨ ਸਿੰਘ ਵਰਗੇ ਨੌਜਵਾਨਾਂ ਨੂੰ ਦੁਖੀ ਹੋ ਕੇ ਇੰਨਾ ਵੱਡਾ ਕਦਮ ਚੁੱਕਣਾ ਪੈ ਰਿਹਾ ਹੈ । ਕੀ ਇਟਲੀ ਦੇ ਪੇਪਰ ਭਰਾਉਣ ਵਾਲੇ ਲੋਕ ਅਜਿਹੇ ਨੌਜਵਾਨਾਂ ਦੇ ਦਰਦ ਨੂੰ ਸਮਝਣ ਲਈ ਸੰਜੀਦਾ ਹੋਣਗੇ ਜਾਂ ਫਿਰ ਜੋਵਨ ਸਿੰਘ ਵਰਗੇ ਨੌਜਵਾਨ ਇੰਝ ਹੀ ਗਰੀਬੀ ਦੇ ਮਾਰੇ ਆਪਣੀ ਬਲੀ ਦਿੰਦੇ ਰਹਿਣਗੇ।
ਜਾਣੋ ਅੱਜ ਤੋਂ ਪੰਜਾਬ 'ਚ ਕੀ-ਕੀ ਖੁੱਲ੍ਹੇਗਾ, ਸਰਕਾਰ ਵਲੋਂ ਖਾਸ ਹਦਾਇਤਾਂ ਜਾਰੀ
NEXT STORY