ਗੁਰਪ੍ਰੀਤ ਚੀਮਾ
80800 88177
ਫਿਲਮ ਇੰਡਸਟਰੀ ਵਿਚ ਬਤੌਰ ਸਿਨੇਮਾਟੋਗ੍ਰਾਫ਼ਰ ਐਸੋਸੀਏਟ ਜਾਂ ਅਸਿਸਟੈਂਟ ਕੰਮ ਕਰਦੇ ਮੈਨੂੰ ਤਕਰੀਬਨ ਪੰਜ ਸਾਲ ਹੋ ਚੱਲੇ ਨੇ, ਨਵੀਆਂ ਨਵੀਆਂ ਥਾਵਾਂ ਘੁੰਮਣਾ, ਅਲੱਗ-ਅਲੱਗ ਲੋਕਾਂ ਨਾਲ ਕੰਮ ਕਰਨਾ, ਉਨ੍ਹਾਂ ਨਾਲ ਆਪਣੇ ਤਜ਼ਰਬੇ ਸਾਂਝੇ ਕਰਨੇ, ਉਨ੍ਹਾਂ ਬਾਰੇ ਲਿਖਣਾ ਮੇਰੇ ਪੇਸ਼ੇ ਨੂੰ ਹੋਰ ਚਮਕਾਉਂਦਾ ਹੈ।
ਕੁਝ ਸਮਾਂ ਪਹਿਲਾਂ ਮੈਨੂੰ 23 ਮੈਂਬਰੀ ਟੀਮ ਨਾਲ 2 ਫ਼ਿਲਮਾਂ ਦੀ ਸ਼ੂਟਿੰਗ ਕਰਨ ਲਈ ਜਰਮਨੀ ਜਾਣ ਦਾ ਮੌਕਾ ਮਿਲਿਆ। ਅੰਤਰਰਾਸਟਰੀ ਪੱਧਰ 'ਤੇ ਮੈਂ ਪਹਿਲੀ ਵਾਰ ਸਫ਼ਰ 'ਤੇ ਜਾ ਰਿਹਾ ਸਾਂ। ਸਾਡਾ ਸਫ਼ਰ ਮੁੰਬਈ ਤੋਂ ਇਸਤਾਂਬੁਲ, ਇਸਤਾਂਬੁਲ ਤੋਂ ਮਿਊਨਿਕ ਦਾ ਤਕਰੀਬਨ 12 ਘੰਟਿਆਂ ਦਾ ਸੀ। ਇਨ੍ਹਾਂ 12 ਘੰਟਿਆਂ ਦੀਆਂ ਅੰਬਰੀਂ ਉਡਾਰੀਆਂ ਦਰਮਿਆਨ ਬਹੁਤ ਕੁਝ ਨਵਾਂ ਦੇਖਿਆ ਨਵੇਂ ਲੋਕ, ਰੰਗ, ਰੂਪ ਮਾਨੋ ਹਰ ਚੀਜ਼ ਹੀ ਮੇਰੇ ਲਈ ਨਵੀਂ ਸੀ ਤੇ ਹਰ ਚੀਜ਼ ਨੂੰ ਨਿੱਕੇ ਬਾਲ ਵਾਂਗ ਨਿਹਾਰਦਾ, ਮੁਸਕਰਾਉਂਦਾ ਤੇ ਕਿਸੇ ਜਗਿਆਸੂ ਵਾਂਗ ਹੈਰਾਨ ਹੁੰਦਾ ਰਿਹਾ।
ਜਰਮਨੀ, ਯੂਰਪ ਦਾ ਸਭ ਤੋਂ ਵੱਧ ਵਿਕਸਿਤ ਦੇਸ਼ ਹੈ ਤੇ ਇਸ ਦਾ ਸਰਕਾਰੀ ਦਸਤਾਵੇਜ਼ਾਂ ਵਿਚ ਨਾਮ ਫੈਡਰਲ ਰਿਪਬਲਿਕ ਆਫ਼ ਜਰਮਨੀ (federal Republic of germany) ਹੈ। ਇਸ ਦੀਆਂ 16 ਸਟੇਟਾਂ ਨੇ ਤੇ ਰਾਜਧਾਨੀ ਬਰਲਿਨ ਹੈ। ਇਹ ਯੂਰਪ ਦਾ ਸਭ ਤੋਂ ਜ਼ਿਆਦਾ ਅਬਾਦੀ ਵਾਲਾ ਦੇਸ਼ ਹੈ, ਇਸ ਦੀ ਅਬਾਦੀ 8 ਕਰੋੜ 2੦ ਲੱਖ ਹੈ, ਆਬਾਦੀ ਪੱਖੋਂ ਇਸ ਦੀ ਗਿਣਤੀ ਦੁਨੀਆਂ 'ਚ 16 ਵੇਂ ਨੰਬਰ 'ਤੇ ਆਉਂਦੀ ਹੈ। ਜਰਮਨੀ 'ਚ ਜ਼ਿਆਦਾਤਰ ਈਸਾਈ ਧਰਮ ਦੇ ਲੋਕ ਰਹਿੰਦੇ ਹਨ।

ਸਫ਼ਰ ਲੰਬਾ ਹੋਣ ਕਰਕੇ ਨੀਂਦ ਆ ਗਈ ਤੇ ਫੇਰ ਜਦ ਪਾਇਲਟ ਦੀ ਆਵਾਜ਼ ਮੇਰੇ ਕੰਨੀ ਪਈ ਕਿ ਹੁਣ ਤੁਸੀਂ ਜਰਮਨੀ 'ਚ ਇੰਟਰ ਹੋ ਚੁਕੇ ਓ ਤਾਂ ਅੱਖਾਂ ਮਲਦੇ ਮਲਦੇ ਜਦੋ ਜਹਾਜ਼ ਦੀ ਖਿੜਕੀ ਰਾਹੀਂ ਥੱਲੇ ਦੇਖਿਆ ਤਾਂ ਮਨ ਗਦ-ਗਦ ਕਰ ਉਠਿਆ। ਪਹਿਲਾਂ ਮੈਂ ਏਨਾ ਹੁਸੀਨ ਨਜ਼ਾਰਾ ਮੇਰੀ ਦਾਦੀ ਵਲੋਂ ਹਰ ਦੀਵਾਲੀ 'ਤੇ ਲਿਆਂਦੀਆਂ ਬਾਜ਼ਾਰੀ ਸਿਨਰੀਆ 'ਚ ਹੀ ਦੇਖਿਆ ਸੀ। ਬਰਫ ਨਾਲ ਭਰੀਆਂ ਪਹਾੜੀਆਂ ਦੇ ਉੱਪਰ ਪੈ ਰਹੀਆਂ ਸੂਰਜ ਦੀਆਂ ਸੁਨਹਿਰੀ ਕਿਰਨਾਂ, ਹਰਿਆਲੀ ਨਾਲ ਭਰੇ ਖੇਤ।
ਜਿਵੇਂ ਜਿਵੇਂ ਅੰਬਰਾਂ ਤੋਂ ਧਰਤੀ ਵੱਲ ਨੂੰ ਆਓਂਦੇ ਜਈਏ ਖੁਸ਼ੀ ਹੋਰ ਦੂਨ ਸਵਾਈ ਹੁੰਦੀ ਜਾਵੇ। ਨਿੱਕੀ ਜਿਹੀ ਖਿੜਕੀ ਵਿੱਚੋ ਕਿੰਨੇ ਹੀ ਹੁਸੀਨ ਨਜ਼ਾਰੇ ਮੈਂ ਇਕੋ ਸਮੇਂ ਦੇਖ ਰਿਹਾ ਸੀ। ਹਲਕੀ ਹਲਕੀ ਪੈ ਰਹੀ ਭੂਰ ਵਿਚ ਆਪਣੇਘਰਾਂ ਨੂੰ ਜਾ ਰਹੇ ਪੰਛੀਆਂ ਦੀਆਂ ਡਾਰਾਂ ਵਿਚਦੀ ਕਈ ਮਨੁੱਖੀ ਪੰਛੀ ਵੀ ਜਰਮਨੀ ਦੀ ਧਰਤੀ 'ਤੇ ਵਾਰੋ-ਵਾਰ ਉਤਰਨ ਦੀ ਉਡੀਕ ਕਰ ਰਹੇ ਸਨ। ਮੇਰੇ ਮਨ ਵਿਚ ਬਾਬੇ ਨਾਨਕ ਦੀ ਬਾਣੀ ਗੂੰਜ ਰਹੀ ਸੀ
ਬਲਿਹਾਰੀ ਕੁਦਰਤਿ ਵਸਿਆ।। ਤੇਰਾ ਅੰਤੁ ਨ ਜਾਈ ਲਖਿਆ।।
ਜਿਸ ਏਅਰਪੋਰਟ 'ਤੇ ਜਹਾਜ਼ ਉਤਰਿਆ ਇਹ ਮਿਊਨਿਕ (Munich) ਏਅਰਪੋਰਟ ਜਰਮਨੀ ਦਾ ਦੂਜਾ ਵੱਡਾ ਏਅਰਪੋਰਟ ਜੋ 28 ਕਿਲੋਮੀਟਰ 'ਚ ਫੈਲਿਆ ਹੋਇਆ ਹੈ। ਮਿਊਨਿਕ ਸਿਟੀ ਘੁੰਮਦੇ ਹੋਏ ਜਾਂ ਸ਼ਾਪਿੰਗ ਕਰਦੇ ਹੋਏ ਤੁਸੀਂ ਲਾਈਵ ਮਿਊਜ਼ਿਕ, ਪੇਂਟਿੰਗ ਅਤੇ ਅਲੱਗ ਅਲੱਗ ਕਲਾਕਾਰਾਂ ਵੱਲੋਂ ਕੀਤੀ ਜਾਂਦੀ ਕਲਾਕਾਰੀ ਦਾ ਆਨੰਦ ਵੀ ਲੈ ਸਕਦੇ ਹੋ। ਇੱਥੋਂ ਦਾ ਚਾਹੇ ਕੋਈ ਮੰਗਤਾ ਹੋਵੇ ਜਾਂ ਕਲਾਕਾਰ ਆਪਣੀ ਕਲਾਕਾਰੀ ਨੂੰ ਰੂਬਰੂ ਕਰਵਾਉਂਦੇ ਹਨ। ਦੂਜੀ ਗੱਲ ਅਲੱਗ ਅਲੱਗ ਦੇਸ਼ਾਂ ਤੇ ਕਲਚਰ ਵਿਚੋਂ ਆਉਣ ਵਾਲੇ ਕਲਾਕਾਰ, ਜੋ ਨਵਾਂ ਨਵਾਂ ਸਿੱਖ ਰਹੇ ਹਨ, ਉਹ ਵੀ ਪਬਲਿਕ ਪਲੇਸ ਵਿਚ ਜਾ ਕੇ ਲੋਕਾਂ ਨਾਲ ਇੰਟਰਟੇਨਮੈਂਟ ਤੇ ਆਪਣੀ ਪ੍ਰੈਕਟਿਸ ਕਰਦੇ ਹਨ। ਇੱਥੋਂ ਦਾ ਇਹ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ। ਆਮ ਬਾਜ਼ਾਰ ਕਲਾ-ਜਗਤ ਵਿਚ ਬਦਲਿਆ ਹੁੰਦਾ ਹੈ। ਟੂਰਿਸਟ ਆਪਣੀ ਆਪਣੀ ਖੁਸ਼ੀ ਮੁਤਾਬਕ ਉਨ੍ਹਾਂ ਨੂੰ ਡਾਲਰ ਯੂਰੋ ਦੇ ਕੇ ਮਾਲੋ ਮਾਲ ਵੀ ਕਰਦੇ ਰਹਿੰਦੇ ਹਨ।

ਪੰਦਰਵੀਂ ਸਦੀ ਵਿਚ ਇਟਾਲੀਅਨ ਆਰਕੀਟੈਕਟਾਂ ਵਲੋਂ ਬਣਾਇਆ Nymphenburg Palace ਮਿਊਨਿਕ ਦਾ ਇਹ ਬਹੁਤ ਖ਼ੂਬਸੂਰਤ ਪੈਲੇਸ ਹੈ। ਜਿਸ ਦਾ ਸਿਰਫ ਪਾਰਕ ਹੀ ਚਾਰ ਸੌ ਨੱਬੇ ਏਕੜ ਵਿਚ ਘਿਰੇ ਹੋਣ ਦੇ ਨਾਲ ਨਾਲ ਇਸ ਵਿਚੋਂ ਦੀ ਦੋ ਝੀਲਾਂ ਨਹਿਰਾਂ ਵੀ ਲੰਘਦੀਆਂ ਹਨ।
ਮਿਊਨਿਕ ਵਿਚ ਬਣਿਆ ਅਲਾਇੰਸ ਅਰੀਨਾ ਦੁਨੀਆਂ ਦਾ ਪਹਿਲਾ ਅਜਿਹਾ ਫੁੱਟਬਾਲ ਸਟੇਡੀਅਮ ਹੈ, ਜਿਸ ਦਾ ਬਾਹਰੀ ਭਾਗ ਪਾਰਦਰਸ਼ੀ ਪਲਾਸਟਿਕ ਪੈਨਲ ਨਾਲ ਬਣਿਆ ਹੋਣ ਕਰਕੇ ਜਿਸ ਦੇਸ਼ ਦੀਆਂ ਟੀਮਾਂ ਖੇਡ ਰਹੀਆਂ ਹੋਣ ਉਨ੍ਹਾਂ ਦੇ ਮੁਤਾਬਕ ਫੁੱਟਬਾਲ ਸਟੇਡੀਅਮ ਦਾ ਰੰਗ ਬਦਲਦਾ ਰਹਿੰਦਾ ਹੈ। 75 ਹਜ਼ਾਰ ਸੀਟਾਂ ਵਾਲੇ ਸਟੇਡੀਅਮ ਨੂੰ ਬਣਾਉਣ ਵਿਚ ਤਕਰੀਬਨ ਤਿੰਨ ਸਾਲ ਲੱਗੇ, ਜੋ 2005 ਵਿਚ ਬਣ ਕੇ ਤਿਆਰ ਹੋ ਗਿਆ। ਇਸ ਸਟੇਡੀਅਮ ਦੀ ਪਾਰਕਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਸਟੇਡੀਅਮ ਥੱਲੇ ਚਾਰ ਸਟੋਰੀ ਪਾਰਕਿੰਗ ਗੈਰਜ, ਜਿਸ ਵਿਚ ਨੌਂ ਹਜ਼ਾਰ ਅੱਠ ਸੌ ਪਾਰਕਿੰਗ ਪਲੇਸ ਹਨ। ਯੂਰਪ ਦਾ ਸਭ ਤੋਂ ਵੱਡਾ ਪਾਰਕਿੰਗ ਸਟਾਕਚਰ ਅਲਾਇੰਸ ਅਰੀਨਾ ਵਿਚ ਹੀ ਹੈ।
Englischer Garten ਮਿਊਨਿਕ ਦਾ ਸਭ ਤੋਂ ਵੱਡਾ ਪਬਲਿਕ ਪਾਰਕ ਹੈ ਜੋ 910 ਏਕੜ ਵਿਚ ਬਣਿਆ ਹੋਇਆ ਹੈ ਇਹ ਮਿਊਨਿਕ ਸਿਟੀ ਦੇ ਵਿਚਾਲੇ ਹੋਣ ਕਰਕੇ ਇਸ ਵਿੱਚੋ ਦੀ ਇਕ ਨਦੀ ਲੰਘਦੀ ਹੈ ਓਥੇ ਆਉਣ ਵਾਲੇ ਲੋਕ ਨਹਾਉਂਦੇ ਨੇ, ਸਨ ਬਾਥ ਲੈਂਦੇ ਨੇ।

Hofbrauhaus am Platzl ਮਿਊਨਿਕ ਦਾ ਬਹੁਤ ਵੱਡਾ ਬੀਅਰ ਹਾਲ ਹੈ। ਦੂਜੇ ਵਿਸ਼ਵ ਯੁੱਧ ਵਿਚ ਇਸ ਹਾਲ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ ਸੀ। ਇਸ ਹਾਲ ਦੇ ਅੰਦਰ ਇਕੋ ਸਮੇਂ ਹਜ਼ਾਰਾਂ ਦੀ ਤਾਦਾਦ ਵਿਚ ਲੋਕ ਬੈਠ ਕੇ ਲੁਤਫ਼ ਉਠਾਉਂਦੇ ਨੇ। ਤੁਸੀਂ ਦੁਨੀਆਂ ਦੀ ਪੁਰਾਣੀ ਤੋਂ ਪੁਰਾਣੀ ਕੋਈ ਵੀ ਸ਼ਰਾਬ, ਬੀਅਰ ਆਦਿ ਦਾ ਆਰਡਰ ਦੇਵੋ, ਇੱਕ ਮਿੰਟ 'ਚ ਤੁਹਾਡੇ ਟੇਬਲ ਤੇ ਹਾਜ਼ਿਰ ਹੋਵੇਗੀ। ਲੈਨਿਨ ਜਦੋਂ ਜਰਮਨੀ ਆਇਆ ਸੀ ਤਾਂ ਉਹਦਾ ਹਰ ਰੋਜ਼ ਇਥੇ ਆਉਣਾ-ਜਾਣਾ ਸੀ। ਹਿਟਲਰ ਦੀਆਂ ਅੰਤਰਰਾਸਟਰੀ ਮੁਲਾਕਾਤਾਂ ਇਸ ਹਾਲ ਵਿਚ ਹੀ ਹੁੰਦੀਆਂ ਸਨ। ਇਸ ਦੇ ਹਾਲ ਵਿਚ ਲਗਾਤਾਰ ਜਰਮਨ ਕਲਾਕਾਰਾਂ ਦੁਵਾਰਾ ਆਪਣੇ ਲੋਕ ਗੀਤ, ਲੋਕ ਕਥਾਵਾਂ, ਲੋਕ ਸਾਜ਼ਾਂ ਦੁਆਰਾ ਲੋਕਾਂ ਨੂੰ ਅਨੰਦਿਤ ਕੀਤਾ ਜਾਂਦਾ ਹੈ।
ਏਅਰਪੋਰਟ 'ਤੇ ਸਾਡੇ ਡਾਇਰੈਕਟਰ ਪ੍ਰੋਡਿਊਸਰ ਸਾਨੂੰ ਲੈਣ ਲਈ ਆ ਪਹੁਚੇ। ਉਹਨਾਂ ਸਾਡੇ ਰਹਿਣ ਦਾ ਪ੍ਰਬੰਧ ਮਿਊਨਿਕ ਤੋਂ 66 ਕਿਲੋਮੀਟਰ ਦੂਰ ਨਿੱਕੇ ਤੇ ਖੂਬਸੂਰਤ ਸ਼ਹਿਰ ਰੋਜ਼ਨਹੈਮ ਵਿਚ ਕੀਤਾ। ਗੱਡੀਆਂ 'ਚ ਅਸੀਂ ਆਪਣਾ ਸਾਮਾਨ ਰੱਖ ਮਿਊਨਿਕ ਏਅਰਪੋਰਟ ਤੋਂ ਰੋਜ਼ਨਹੈਮ ਦਾ ਸਫ਼ਰ ਅਸੀਂ ਟ੍ਰੇਨ 'ਤੇ ਕੀਤਾ।
ਟ੍ਰੇਨ ਜਰਮਨੀ ਦੇ ਨਿੱਕੇ-ਨਿੱਕੇ ਖੂਬਸੂਰਤ ਪਿੰਡਾਂ ਅਤੇਂ ਸਰੋਂ ਦੇ ਫੁੱਲਾਂ ਦੇ ਖੇਤਾਂ ਵਿਚੋਂ ਗੁਜ਼ਰਦੀ ਜਾ ਰਹੀ ਸੀ। ਸੂਰਜ ਛਿਪਨ ਦਾ ਵੇਲਾ ਹੋਵੇ ਤੇ ਉਪਰੋਂ ਨਿੰਮੀ ਨਿੰਮੀ ਪੈ ਰਹੀ ਭੂਰ ਹੋਵੇ ਤਾਂ ਸਫ਼ਰ ਹੋਰ ਸੋਹਣਾ ਬਣ ਜਾਂਦਾ ਏ... ਹੋਟਲ ਪੁਹੰਚ ਕੇ ਅਸੀਂ ਜਰਮਨੀ ਦੀ ਟੀਮ ਨਾਲ ਮੁਲਾਕਾਤ ਕੀਤੀ, ਰਾਤ ਦਾ ਖਾਣਾ ਖਾਧਾ ਤੇ ਸਫ਼ਰ ਦੀ ਥਕਾਵਟ ਹੋਣ ਕਰਕੇ ਅਸੀਂ ਆਪਣੇ ਆਪਣੇ ਕਮਰਿਆਂ ਵਿਚ ਘੂਕ ਸੌਂ ਗਏ।

ਜਰਮਨੀ ਉੱਤਰ ਪੱਛਮੀ ਭਾਗ ਵਿਚ ਸਥਿਤ ਹੋਣ ਕਰਕੇ ਇਥੇ 4 ਵਜੇ ਪੂਰਾ ਚਿੱਟਾ ਦਿਨ ਚੜ ਜਾਂਦਾ ਹੈ। ਜਦੋ ਮੈਂ ਆਪਣੇ ਕਮਰੇ ਦੀ ਖਿੜਕੀ ਖੋਲ੍ਹੀ ਤਾਂ ਨਜ਼ਾਰਾ ਦੇਖਣ ਵਾਲਾ ਸੀ। ਅਸਮਾਨ ਤੋਂ ਡਿੱਗ ਰਹੀ ਏਨੀ ਸਹਿਜਤਾ ਵਿਚ ਬਰਫ ਮੈਂ ਪਹਿਲੀ ਵਾਰੀ ਦੇਖੀ ਸੀ ਤੇ ਇਸ ਨਜ਼ਾਰੇ ਦੀ ਸਹਿਜਤਾ ਮੇਰੇ ਧੁਰ ਅੰਦਰ ਤੀਕ ਫ਼ੈਲ ਰਹੀ ਸੀ...
ਅਗਲੇ ਪ੍ਰੋਗਰਾਮ ਸਾਡੀ ਟੀਮ ਦਾ ਫਿਲਮ ਲਈ ਆਸ-ਪਾਸ ਦੀਆਂ ਲੋਕੇਸ਼ਨਾਂ ਦੇਖਣ ਜਾਨ ਦਾ ਸੀ ਰੋਜ਼ਨਹੈਮ ਜਰਮਨੀ ਦਾ ਦੱਖਣ ਵਿਚ ਸਥਿਤ ਸਭ ਤੋਂ ਅਖੀਰਲਾ ਸਿਟੀ ਹੋਣ ਕਰਕੇ ਜਰਮਨੀ ਨੂੰ ਦੱਖਣ ਵਿਚ ਆਸਟਰੀਆ ਇਟਲੀ ਦੀ ਸਰਹੱਦ ਲੱਗਦੀ ਹੈ ਸਾਰੀ ਟੀਮ ਦਾ ਪਲੈਨ ਜਰਮਨੀ ਆਸਟਰੀਆ ਦੀਆਂ ਖ਼ੂਬਸੂਰਤ ਲੋਕੇਸ਼ਨ ਦੇਖਣ ਦਾ ਸੀ ਸਿਰਫ਼ ਲੋਕੇਸ਼ਨ ਦੇਖਣ ਦਾ ਪਲੈਨ ਸਾਡਾ ਤਕਰੀਬਨ ਇਕ ਹਫ਼ਤੇ ਦਾ ਸੀ। ਰੋਜ਼ਨਹੈਮ ਸਿਟੀ ਦਾ ਛੋਟਾ ਜਿਹਾ ਗੇੜਾ ਕੱਢ ਕੇ ਅਸੀਂ ਆਸ਼ਟਰੀਆ ਨੂੰ ਜਾਂਦੇ ਹਾਈਵੇਅ ਤੇ ਕੁਦਰਤ ਦਾ ਆਨੰਦ ਮਾਣਦੇ ਹੋਏ ਅਸੀਂ ਆਸਟਰੀਆ ਵੱਲ ਨੂੰ ਵੱਧ ਰਹੇ ਸੀ।
ਜਰਮਨੀ ਵਿਚ ਜ਼ਿਆਦਾਤਰ ਖੇਤੀ ਉੱਤਰੀ ਜਰਮਨੀ ਵਿਚ ਹੁੰਦੀ ਹੈ। ਦੱਖਣੀ ਜਰਮਨੀ ਵਿਚ ਅਸੀਂ ਸਿਰਫ਼ ਸਰ੍ਹੋਂ ਮੱਕੀ ਤੇ ਸਟ੍ਰਾਬੇਰੀ ਦੀ ਖੇਤੀ ਹੀ ਦੇਖੀ ਉਹ ਵੀ ਬਹੁਤ ਘੱਟ। ਇਸ ਏਰੀਏ ਦੀਆਂ ਜ਼ਮੀਨਾਂ ਖ਼ਾਲੀ ਪਈਆਂ ਨੇ ਜਿਹੜੇ ਵੀ ਇੱਥੋਂ ਦੇ ਕਿਸਾਨ ਨੇ ਉਨ੍ਹਾਂ ਜ਼ਿਆਦਾਤਰ ਡੇਅਰੀ ਫਾਰਮ ਦਾ ਧੰਦਾ ਅਪਣਾਇਆ ਹੋਇਆ ਹੈ। ਇੱਥੋਂ ਦੇ ਫਾਰਮਰਾਂ ਨੇ ਆਪਣੀਆਂ ਗਾਵਾਂ ਨੂੰ ਸੰਗਲ ਨਹੀਂ ਪਾਏ। ਉਹ ਸਵੇਰ ਹੁੰਦਿਆਂ ਸਾਰ ਹੀ ਇਨ੍ਹਾਂ ਨੂੰ ਆਜ਼ਾਦ ਛੱਡ ਦਿੰਦੇ ਨੇ। ਜਰਮਨੀ ਦਾ ਲੈਂਡਸਕੇਪ ਬਹੁਤ ਖੁੱਲ੍ਹਾਂ ਹੋਣ ਕਰਕੇ ਇਹ ਗਾਵਾਂ ਆਪਣੀਆਂ ਆਪਣੀਆਂ ਚਰਾਂਦਾਂ ਵਿਚ ਚਲੀਆਂ ਜਾਂਦੀਆਂ ਨੇ। ਇਨ੍ਹਾਂ ਗਾਵਾਂ ਨੂੰ ਪਾਣੀ ਪੀਣ ਦੀ ਲੋੜ ਹੋਵੇ ਫਾਰਮਰਾਂ ਵਲੋਂ ਖੁੱਲ੍ਹੀ ਜ਼ਮੀਨ ਵਿਚ ਪਾਣੀ ਦੀਆਂ ਟੈਂਕੀਆਂ ਰੱਖੀਆਂ ਹੋਈਆਂ ਹਨ। ਸੂਰਜ ਛਿਪਦੇ ਸਾਰ ਗਾਵਾਂ ਬਿਨਾਂ ਕਿਸੇ ਆਦਮੀ ਦੀ ਮਦਦ ਤੋਂ ਬਗੈਰ ਆਪਣੇ ਫਾਰਮ ਵਿਚ ਆ ਜਾਂਦੀਆਂ ਨੇ ਤੇ ਦੁੱਧ ਦੀ ਚੁਆਈ ਲਈ ਇਨ੍ਹਾਂ ਨੂੰ ਕਤਾਰਾਂ ਵਿਚ ਲਗਾ ਦਿੱਤਾ ਜਾਂਦਾ ਹੈ।

ਇਨ੍ਹਾਂ ਨੂੰ ਇੰਨੀ ਆਜ਼ਾਦੀ ਮਿਲਣ ਦੇ ਕਰਕੇ ਹੀ ਆਪਣੇ ਇੰਡੀਆ ਦੀਆਂ ਦੋ ਗਾਵਾਂ ਤੇ ਜਰਮਨੀ ਦੀ ਇਕ ਗਾਂ ਦੇ ਬਰਾਬਰ ਹੁੰਦੀ ਹੈ। ਇਕ ਰੌਚਕ ਗੱਲ ਇਹ ਵੀ ਹੈ ਕਿ ਇਥੋਂ ਦੇ ਫਾਰਮ ਹਾਊਸ ਵਿਚ ਗਾਵਾਂ ਲਈ ਮਿਊਜ਼ਿਕ ਸਿਸਟਮ ਦਾ ਪ੍ਰਬੰਧ ਕੀਤਾ ਗਿਆ ਹੈ।
ਆਸਟਰੀਆ ਜਰਮਨੀ ਦੀ ਸਰਹੱਦ ਤੇ ਸ਼ੂਟਿੰਗ ਕਰਦੇ ਸਾਨੂੰ ਇਕ ਛੋਟਾ ਜਿਹਾ ਏਅਰਪੋਰਟ ਦੇਖਣ ਨੂੰ ਮਿਲਿਆ। ਏਅਰਪੋਰਟ ਦੇਖਣ ’ਤੇ ਪਤਾ ਚੱਲਿਆ ਕਿ ਆਸਟਰੀਆ ਅਤੇ ਜਰਮਨੀ ਦੇ ਜਿਹੜੇ ਕਈ ਰਈਸ ਲੋਕਾਂ ਨੇ ਆਪਣੇ ਆਪਣੇ ਪਰਸਨਲ ਜੈੱਟ ਖਰੀਦੇ ਹੋਏ ਨੇ। ਇਹ ਜੈੱਟ ਏਨੇ ਛੋਟੇ ਨੇ ਕਿ ਸਿਰਫ ਇਨ੍ਹਾਂ ਵਿਚ ਦੋ ਹੀ ਆਦਮੀ ਸਫ਼ਰ ਕਰਦੇ ਨੇ। ਵੀਕੇਂਡ ਆਉਂਦੇ ਸਾਰ ਹੀ ਇਹ ਲੋਕ ਆਪਣੀਆਂ ਆਪਣੀਆਂ ਗੱਡੀਆਂ ਮਗਰ ਇਨ੍ਹਾਂ ਜਹਾਜ਼ਾਂ ਨੂੰ ਟੋਚਨ ਪਾ ਕੇ ਇਸ ਏਅਰਪੋਰਟ 'ਤੇ ਇਕੱਠੇ ਹੁੰਦੇ ਨੇ ਤੇ ਵਾਰੀ ਵਾਰੀ ਸਿਰ ਆਪਣੇ ਆਪਣੇ ਜੈੱਟ ਦਾ ਆਨੰਦ ਮਾਣਦੇ ਨੇ।
ਮੈਨੂੰ ਜਰਮਨੀ ਦੇ ਸ਼ਹਿਰਾਂ ਨਾਲੋਂ ਪਿੰਡਾਂ ਨੂੰ ਘੁੰਮ ਕੇ ਬਹੁਤ ਹੀ ਮਜ਼ਾ ਆਇਆ। ਇੱਥੋਂ ਦੇ ਪਿੰਡਾਂ ਵਿੱਚ ਜ਼ਿਆਦਾਤਰ ਬਜ਼ੁਰਗ ਜੋੜੇ ਜਾਂ ਫਾਰਮਰ ਹੀ ਮਿਲਣਗੇ। ਜਵਾਨ ਪੀੜ੍ਹੀ ਸ਼ਹਿਰਾਂ ਵਿਚ ਰਹਿਣਾ ਪਸੰਦ ਕਰਦੀ ਹੈ। ਇੱਥੋਂ ਦੇ ਪਿੰਡਾਂ ਵਿਚ ਹਰ ਪਿੰਡ 'ਚ ਝੀਲ ਹੈ। ਜਿਸ ਤਰ੍ਹਾਂ ਸਾਡੇ ਪੰਜਾਬ ਵਿਚ ਹਰ ਪਿੰਡ ਵਿਚ ਛੱਪੜ ਹੁੰਦਾ ਸੀ ਉਸੇ ਤਰ੍ਹਾਂ ਇੱਥੋਂ ਦੇ ਪਿੰਡਾਂ ਦੀ ਸਮਰੱਥਾ ਮੁਤਾਬਕ ਇੱਥੇ ਝੀਲਾਂ ਨੇ, ਜਿਨ੍ਹਾਂ ਦੇ ਆਲੇ ਦੁਆਲੇ ਫਲਦਾਰ ਬੂਟਿਆਂ ਬੈਠਣ ਲਈ ਥਾਵਾਂ, ਪਿੰਡ ਦੀਆਂ ਦੁਕਾਨਾਂ ਦੇਖਣ ਯੋਗ ਹੁੰਦੀਆਂ ਨੇ। ਇਨ੍ਹਾਂ ਨੂੰ ਜ਼ਿਆਦਾਤਰ ਬਜ਼ੁਰਗ ਜੋੜੇ ਚਲਾ ਰਹੇ ਹੁੰਦੇ ਨੇ, ਜੋ ਆਪਣੇ ਵਿਰਾਸਤੀ ਬਾਵੇਰੀਅਨ ਪਹਿਰਾਵੇ ਵਿਚ ਦਿਖਾਈ ਦੇਣਗੇ। ਦੁਨੀਆਂ ਵਿਚ ਘੁੰਮਣ ਵਾਲੇ ਲੋਕ ਮਕਬੂਲ ਥਾਵਾਂ 'ਤੇ ਘੁੰਮ ਕੇ ਚਲੇ ਜਾਂਦੇ ਨੇ ਜਿਵੇਂ ਜਰਮਨੀ ਵਿਚ ਫਰੈਂਕਫਰਟ, ਮਿਊਨਿਕ, ਬਰਲਿਨ ਆਦਿ ਜਿਹੜੇ ਮੁੱਖ ਸ਼ਹਿਰ ਨੇ। ਜਿੰਨਾ ਕੁ ਮੇਰੀ ਸਮਝ ਮੁਤਾਬਕ ਆਉਂਦਾ ਹੈ ਉਹ ਇਹ ਹੈ ਕਿ ਇਨ੍ਹਾਂ ਪਿੰਡਾਂ ਵਿਚ ਸਾਰਾ ਕੁਝ ਪਿਆ ਹੈ।

ਉਥੋਂ ਦੇ ਲੋਕ ਰੰਗ ਰੂਪ ਫੋਕ ਸੋਂਗ ਫੋਕ ਟੇਲ ਤੇ ਖਾਸ ਕਰਕੇ ਬਜ਼ੁਰਗ। ਚਾਹੇ ਇੰਡੀਆ ਹੋਵੇ ਜਾਂ ਪੰਜਾਬ ਦੁਨੀਆਂ ਦੀ ਕੋਈ ਵੀ ਜ੍ਹਗਾ ਹੋਵੇ ਇਨ੍ਹਾਂ ਪਿੰਡਾਂ ਵਿਚ ਘੁੰਮ ਕੇ ਇੱਥੋਂ ਦੀਆਂ ਬਜ਼ੁਰਗਾਂ ਨਾਲ ਗੱਲ ਕਰਕੇ ਤੁਹਾਡੀ ਰੂਹ ਨੂੰ ਸ਼ਾਂਤੀ ਮਿਲੇਗੀ। ਵਾਕਿਆ ਹੀ ਪਿੰਡਾਂ ਨੇ ਬਹੁਤ ਹੀ ਕੁਝ ਸਾਂਭਿਆ ਹੋਇਆ ਹੈ ਜੇ ਤੁਸੀਂ ਵੀ ਯੂਰਪ ਵਿਚ ਆਵੋ ਤਾਂ ਇੱਥੋਂ ਦੇ ਪਿੰਡਾਂ ਵਿਚ ਰਹਿ ਕੇ ਜ਼ਰੂਰ ਦੇਖਿਓ ਅੰਤਾਂ ਦੀ ਖੁਸ਼ੀ ਮਿਲੇਗੀ।
ਜਰਮਨ ਘੁੰਮਦਿਆਂ ਹੋਰ ਵੀ ਬਹੁਤ ਕਮਾਲ ਦੇ ਅਨੁਭਵ ਹੋਏ। ਯੂਰਪ ਦੇ ਲੋਕ ਸਾਈਕਲ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਹਨ। ਉਥੇ ਸਰਕਾਰੀ ਅਤੇ ਗੈਰ ਸਰਕਾਰੀ ਕੰਪਨੀਆਂ ਵਿਚ ਕੰਮ ਕਰਨ ਵਾਲੇ ਲੋਕ ਸਾਈਕਲ 'ਤੇ ਹੀ ਸਫਰ ਕਰਦੇ ਹਨ। ਉਥੋਂ ਦੀ ਇਹ ਬਹੁਤ ਖੂਬਸੂਰਤ ਗੱਲ ਹੈ ਕਿ ਸਰਕਾਰਾਂ ਵਲੋਂ ਲੋਕਾਂ ਨੂੰ ਟ੍ਰੈਫਿਕ ਵਿਚ ਸਹੂਲਤਾਂ ਦੇਣ ਲਈ ਸ਼ਹਿਰ ਦੀਆਂ ਅਲੱਗ-ਅਲੱਗ ਥਾਵਾਂ 'ਤੇ ਸਾਈਕਲ ਨੂੰ ਪਾਰਕ ਕਰਨ ਲਈ ਵਾਲ ਪਾਰਕਿੰਗ, ਗਰਾਊਂਡ ਪਾਰਕਿੰਗ ਸਟੇਸ਼ਨ ਆਦਿ ਬਣਾਏ ਗਏ ਹਨ। ਲੋਕ ਆਪਣੇ ਆਪਣੇ ਸਾਈਕਲ ਨੂੰ ਦੀਵਾਰ ਉੱਪਰ ਬਣੇ ਸਟੈਂਡਾਂ ਵਿਚ ਪਾ ਕੇ ਆਪਣੇ ਆਪਣੇ ਕੰਮ ਚਲੇ ਜਾਂਦੇ ਹਨ। ਚਾਹੇ ਤੁਸੀਂ ਮਹੀਨੇ ਬਾਅਦ ਆਵੋ ਤਾਂ ਤੁਹਾਡਾ ਸਾਇਕਲ ਉੱਥੇ ਹੀ ਪਿਆ ਹੋਵੇਗਾ। ਸਾਈਕਲ 'ਤੇ ਸਫ਼ਰ ਕਰਨ ਵਾਲੇ ਵਿਅਕਤੀ ਨੂੰ ਸਰਕਾਰ ਵਲੋਂ ਬਹੁਤ ਸਹੂਲਤਾਂ ਸਮੇਂ ਸਮੇਂ ਸਿਰ ਮੁਹੱਈਆ ਕਰਵਾਈਆਂ ਜਾਂਦੀਆਂ ਨੇ।
ਯੂਰਪ ਦੇ ਲੋਕ ਸਿਗਰਟ ਦੇ ਬਹੁਤ ਹੀ ਸ਼ੌਕੀਨ ਨੇ। ਸਰਕਾਰ ਵਲੋਂ ਵੀ ਥਾਂ-ਥਾਂ 'ਤੇ ਸਿਗਰਟ ਲੈਣ ਲਈ ਇਲੈਕਟ੍ਰਾਨਿਕ ਮਸ਼ੀਨਾਂ ਲਗਾਈਆਂ ਹਨ। ਜਿਸ ਤਰ੍ਹਾਂ ਲੰਡਨ ਵਿਚ ਅਖ਼ਬਾਰ ਫ਼ਰੀ ਹੋਣ ਕਰਕੇ ਅਖ਼ਬਾਰਾਂ ਸੜਕ 'ਤੇ ਹੀ ਪਈਆਂ ਹੁੰਦੀਆਂ ਨੇ ਉਸੇ ਤਰ੍ਹਾਂ ਹੀ ਤੁਹਾਨੂੰ ਜਰਮਨੀ ਦੇ ਪਬਲਿਕ ਪਲੇਸ ਰੇਲਵੇ ਸਟੇਸ਼ਨ ਸਟਰੀਟ ਬੱਸ ਸਟਾਪ 'ਤੇ ਸਿਗਰਟਾਂ ਦੇ ਖੋਖੇ ਹੀ ਖੋਖੇ ਪਏ ਮਿਲਣਗੇ।

ਜਰਮਨੀ ਦੇ ਹਾਈਵੇਅ ਨੂੰ ਆਟੋਵਾਹਨ ਹਾਈਵੇ ਕਹਿੰਦੇ ਨੇ। ਦੁਨੀਆਂ ਵਿਚ ਸਿਰਫ਼ ਜਰਮਨੀ ਅਜਿਹਾ ਦੇਸ਼ ਹੈ ਜਿੱਥੇ ਕੋਈ ਵੀ ਸਪੀਡ ਲਿਮਟ ਨਹੀਂ, ਚਾਹੇ ਤੁਸੀਂ ਕਿੰਨੀ ਵੀ ਤੇਜ਼ ਗੱਡੀ ਭਜਾਓ। ਇਹ ਦੁਨੀਆਂ ਦਾ ਸੁਰੱਖਿਅਤ ਹਾਈਵੇ ਹੈ।
ਅਸੀਂ ਜ਼ਿਆਦਾਤਰ ਬਾਵੇਰੀਆ ਸਟੇਟ ਵਿਚ ਹੀ ਰਹੇ। ਇਹ ਜਰਮਨੀ ਦੀ ਸਭ ਤੋਂ ਵੱਡੀ ਤੇ ਅਮੀਰ ਸਟੇਟ ਹੈ। ਇਸ ਦੀ ਰਾਜਧਾਨੀ ਮਿਊਨਿਕ ਹੈ। ਇਸ ਸਟੇਟ ਵਿਚ ਜ਼ਿਆਦਾ ਕੈਥੋਲਿਕ ਲੋਕ ਰਹਿੰਦੇ ਨੇ। ਦੁਨੀਆਂ ਦੀ ਮਸ਼ਹੂਰ ਕਾਰ ਕੰਪਨੀ BMW (Baveriyan Motor Workes ) ਇਸ ਸਟੇਟ ਦੀ ਹੀ ਕਾਢ ਹੈ। ਬਾਵੈਰੀਆ ਦਾ ਮਸ਼ਹੂਰ ਫੈਸਟ ਅਕਤੂਬਰ ਫੈਸਟ ਹੈ ਜੋ ਦੁਨੀਆਂ ਦਾ ਪਹਿਲਾ ਵੱਡਾ ਬੀਅਰ ਫੈਸਟੀਵਲ ਹੈ। ਇਸ ਫੈਸਟ ਵਿਚ ਤੁਹਾਨੂੰ ਇਕ ਲੀਟਰ ਵਾਲੇ ਗਲਾਸ ਵਿਚ ਬੀਅਰ ਸਰਵ ਕਰਵਾਈ ਜਾਂਦੀ ਹੈ। 15 ਦਿਨ ਚਲਣ ਵਾਲੇ ਇਸ ਬੀਅਰ ਫੈਸਟੀਵਲ ਵਿਚ ਬੀਅਰ ਦੀ ਲਾਗਤ 7.7 ਮਿਲੀਅਨ ਲੀਟਰ ਲੱਗ ਜਾਂਦੀ ਹੈ। ਜਰਮਨੀ ਵਿਚ ਹਰ ਸਾਲ 170 ਲੀਟਰ ਹਰ ਵਿਅਕਤੀ ਮੁਤਾਬਕ ਬੀਅਰ ਤਿਆਰ ਕੀਤੀ ਜਾਂਦੀ ਹੈ।
AUDI, BMW, ਮਰਸਡੀਜ਼, ਪੋਰਸ਼ੇ, ARRI, ADIDAS ਤੇ PUMA ਇਥੋਂ ਦੀਆਂ ਹੀ ਕੰਪਨੀਆਂ ਨੇ।ਬਾਵੇਰੀਆਂ ਫਿਲਮ ਸਿਟੀ ਯੂਰਪ ਦੀ ਵੱਡੀ ਫਿਲਮ ਪ੍ਰੋਡਕਸ਼ਨ ਕੰਪਨੀ ਹੋਣ ਕਰਕੇ ਹਾਲੀਵੁਡ, ਯੂਰਪ ਦਾ ਵਧੇਰੇ ਸਿਨੇਮਾ ਇਸ ਫਿਲਮ ਸਿਟੀ ਵਿਚ ਹੀ ਬਣਦਾ ਹੈ। ਸੈਕੜੇ ਏਕਧ ਵਿਚ ਫੈਲੀ ਇਹ ਫਿਲਮ ਸਿਟੀ 1919 ਵਿਚ ਬਣੀ ਸੀ। ਇਥੋਂ ਦੇ ਇਨਡੋਰ ਤੇ ਆਉਟਡੋਰ ਸਟੂਡੀਓ ਬਹੁਤ ਵੱਡੇ ਹਨ। ਮਸ਼ਹੂਰ ਫਿਲਮ ਮੇਕਰ ਅਲਫਰੈਡ ਹਿਚਕੋਕ ਦੀ ਪਹਿਲੀ ਫਿਲਮ “THE PLPASURE GARDAN ਇਥੇ ਹੀ ਬਣੀ ਸੀ।
ਜਰਮਨ ਲੋਕਾਂ ਦੀ ਇੱਕ ਖਾਸ ਗੱਲ ਇਹ ਹੈ ਕਿ ਇਹ ਲੋਕ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਦਬਾਅ ਨਹੀਂ ਬਣਾਉਂਦੇ ਜੋ ਉਨ੍ਹਾਂ ਦੀ ਇੱਛਾ ਹੈ ਓਹੋ ਕੰਮ ਕਰਨ ਇਸ ਗੱਲ ਨੂੰ ਮੁਖ ਰੱਖ ਕੇ ਜਰਮਨ ਸਰਕਾਰ ਵਲੋਂ ਨਿੱਕੇ ਬੱਚਿਆਂ ਲਈ ਹਰ ਮਹਿਕਮੇ ਵਿਚ ਸਮਰ ਕੈਂਪ ਆਯੋਜਿਤ ਕੀਤੇ ਜਾਂਦੇ ਨੇ।

ਅਸੀਂ ਫਿਲਮ ਸਿਟੀ ਵਿਚ ਇਹ ਦੇਖ ਕੇ ਹੈਰਾਨ ਰਹਿ ਗਏ ਕੇ 9 ਤੋਂ 12 ਸਾਲ ਦੇ ਬੱਚਿਆਂ ਨੂੰ ਫਿਲਮ ਬਣਾਉਣ ਦੇ ਗੁਰ ਸਿਖਾਏ ਜਾ ਰਹੇ ਸਨ। ਕੋਈ ਬੱਚਾ ਐਕਟਿੰਗ ਕਰ ਰਿਹਾ ਸੀ ਕੋਈ ਕੈਮਰਾ ਚਲਾ ਰਿਹਾ ਸੀ ਕੋਈ ਰਿਕਾਡਿੰਗ ਕਰ ਰਿਹਾ ਸੀ ਵਗੈਰਾ ਵਗੈਰਾ ... ਇਹਨਾਂ ਕੈਂਪਾਂ ਵਿਚ ਬੱਚਿਆਂ ਨੂੰ ਥਿਊਰੀ ਤੇ ਪ੍ਰੈਕਟੀਕਲ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਬੱਚਾ 20 ਸਾਲ ਦੀ ਉਮਰ 'ਚ ਜਾਂਦਾ ਹੈ ਤਾਂ ਉਹ ਕਿੱਤੇ ਦੀਆਂ ਬਾਰੀਕੀਆਂ ਨੂੰ ਸਮਝ ਲੈਂਦਾ ਹੈ।
ਤੁਸੀਂ ਸੋਚਦੇ ਹੋਵੋਂਗੇਂ ਬਈ ਅਡੌਲਫ਼ ਹਿਟਲਰ ਦਾ ਜ਼ਿਕਰ ਨਹੀਂ ਕੀਤਾ ਹਾਲੇ ਤਕ। ਭਾਵੇਂ ਕਦੇ ਜਰਮਨੀ ਨੂੰ ਹਿਟਲਰ ਨਾਲ ਜਾਣਿਆਂ ਜਾਂਦਾ ਸੀ ਪਰ ਹੁਣ ਹਾਲਾਤ ਇਹ ਨੇ ਕਿ ਤਾਨਾਸ਼ਾਹ ਅਡੌਲਫ਼ ਹਿਟਲਰ ਦੀ ਫੌਜ ਇਕ ਖਾਸ ਤਰਾਂ ਦਾ ਸਲੂਟ ਕਰਦੀ ਸੀ - ਨਾਜ਼ੀ ਸਲੂਟ ਜੇ ਕੋਈ ਜਰਮਨੀ 'ਚ ਹੁਣ ਕਰੇ ਤਾਂ ਉਸ ਨੂੰ 3 ਸਾਲ ਦੀ ਸਜ਼ਾ ਦਿੱਤੀ ਜਾਂਦੀ ਹੈ। ਹਿਟਲਰ 2 ਕਰੋੜ ਲੋਕਾਂ ਦੀ ਮੌਤ ਦੀ ਵਜ੍ਹਾਂ ਬਣਿਆ ਮੰਨਿਆਂ ਜਾਂਦਾ ਹੈ, ਜਿਸ ਨੇ 50, 60 ਲੱਖ ਯਹੂਦੀ ਮਾਰੇ। ਬਾਕੀ ਬਚੇ ਯਹੂਦੀ ਯੂਰਪ ਛੱਡ ਕੇ ਫਲਿਸਤੀਨ ਦੇ ਸ਼ਰਨਾਰਥੀ ਬਣੇ। ਇਸੇ ਲਈ ਜਰਮਨੀ ਨੇ ਸਭ ਤੋਂ ਜ਼ਿਆਦਾ ਸੀਰੀਆ ਸ਼ਰਨਾਰਥੀਆਂ ਨੂੰ ਪਨਾਹ ਦਿੱਤੀ ਹੈ, ਕਿਉਂਕਿ ਜਰਮਨੀ ਆਪ ਵੱਡੇ ਹਾਦਸਿਆਂ ਦਾ ਸ਼ਿਕਾਰ ਰਹਿ ਚੁੱਕਾ ਹੈ।
ਪਹਿਲੀ ਤੇ ਦੂਜੀ ਵਿਸ਼ਵ ਜੰਗ ਵਿਚ ਇਸ ਧਰਤੀ 'ਤੇ ਐਨੇ ਬੰਬ ਰੱਖੇ ਗਏ ਕਿ ਅੱਜ ਵੀ ਓਥੇ ਬੰਬ ਨਕਾਰਾ ਕਰਨੇ ਪੈ ਰਹੇ ਨੇ। ਪਹਿਲੀ ਵਿਸ਼ਵ ਜੰਗ ਵਿਚ ਐਨੇ ਲੋਕ ਮਾਰੇ ਗਏ ਕਿ 70 ਫੀਸਦੀ ਔਰਤਾਂ ਵਿਧਵਾ ਹੋ ਗਈਆਂ ਤੇ 1000 ਔਰਤਾਂ ਪਿੱਛੇ ਸਿਰਫ 350 ਮਰਦ ਹੀ ਬਚੇ ਸਨ।
ਮੈਂ ਹੈਰਾਨ ਸਾਂ ਕਿ ਐਨੇ ਵੱਡੇ ਸੰਕਟਾਂ ਵਿਚੋਂ ਲੰਘ ਵੀ ਇਹ ਮੁਲਕ ਫੇਰ ਕਿਵੇਂ ਹਰਾ-ਭਰਾ ਤੇ ਖੁਸ਼ਹਾਲ ਹੋ ਗਿਆ। ਇਸ ਦਾ ਰਾਜ਼ ਮੈਨੂੰ ਉਥੋਂ ਦੇ ਇਸ ਬਾਬੇ ਨੇ ਦੱਸਿਆ ਕਿ ਵਿਸ਼ਵ ਯੁੱਧਾਂ ਦੀ ਤਬਾਹੀ ਤੋਂ ਬਾਅਦ ਦੁਨੀਆਂ ਭਰ 'ਚ ਵਸਦੇ ਜਰਮਨਾਂ ਨੂੰ ਵਾਪਸ ਆ ਕੇ ਆਪਣੇ ਮੁਲਕ ਨੂੰ ਮੁੜ-ਸੁਰਜੀਤ ਕਰਨ ਦਾ ਵਾਸਤਾ ਪਾਇਆ ਗਿਆ ਤੇ ਉਹ ਸਾਰੇ ਵਾਪਸ ਆਏ ਤਾਂ ਜਾ ਕੇ ਜਰਮਨੀ ਪੈਰਾਂ ਸਿਰ ਹੋਇਆ। ਜਰਮਨੀ ਚ ਸਿੱਖਿਆ ਫ੍ਰੀ ਹੈ। ਦੁਨੀਆਂ ਦੀ ਪਹਿਲੀ ਕਿਤਾਬ ਤੇ ਮੈਗਜ਼ੀਨ ਦੀ ਜਰਮਨੀ ਨੇ ਛਪਾਈ ਕੀਤੀ। ਬੱਚਿਆਂ ਦਾ ਨਾਮ ਐਵੇ ਨਹੀਂ ਰੱਖਿਆ ਜਾਂਦਾ ਜਿਸ ਤੋਂ ਪਤਾ ਚਲੇ ਕੇ ਉਹ ਮੁੰਡਾ ਹੈ ਜਾਂ ਕੁੜੀ। ਕਾਸ਼! ਇਵੇਂ ਮੇਰੇ ਮੁਲਕ ਜਾਂ ਮੇਰੇ ਪੰਜਾਬ ਵਿਚ ਵੀ ਹੋ ਜਾਵੇ, ਜਿਥੇ ਲੋਕ ਪਰਵਾਸੀ ਹੋਣ ਨੂੰ ਤਰਲੋ-ਮੱਛੀ ਹੋਏ ਪਏ ਨੇ। ਤੇ ਮੈਨੂੰ ਪੰਜਾਬ ਦੀ ਸਥਿਤੀ ਬਾਰੇ ਸੁਰਜੀਤ ਪਾਤਰ ਜੀ ਦਾ ਸ਼ਿਅਰ ਯਾਦ ਆ ਰਿਹੈ...
ਇਥੇ ਮੇਘ ਆਉਂਦੇ ਮੁੜ ਗਏ
ਪੰਛੀ ਵੀ ਇਥੋਂ ਉੜ ਗਏ
ਇਥੇ ਕਰਨ ਅੱਜ ਕੱਲ੍ਹ ਬਿਰਖ਼ ਵੀ
ਕਿਤੇ ਹੋਰ ਜਾਣ ਦੇ ਮਸ਼ਵਰੇ
ਖ਼ੈਰ! ਜਰਮਨੀ ਵਿੱਚ ਪੰਜਾਬੀਆਂ ਦੀ ਸਥਿਤੀ ਬਹੁਤ ਹੀ ਕਾਮਯਾਬ ਹੈ। ਪੰਜਾਬ ਵਿਚੋਂ ਜ਼ਿਆਦਾਤਰ ਉੱਥੇ ਸਾਡੇ ਦੋਆਬੇ ਇਲਾਕੇ ਦੇ ਪੰਜਾਬੀਆਂ ਨੇ ਬਹੁਤ ਮੱਲਾਂ ਮਾਰੀਆਂ ਹਨ। ਯੂਰਪ ਵਿਚ ਜ਼ਿਆਦਾਤਰ ਦੁਆਬੇ ਵਾਲਿਆਂ ਦਾ ਵਾਸਾ ਹੈ। ਪੰਜਾਬੀਆਂ ਦੇ ਆਪਣੇ ਸਟੋਰ ਤੇ ਹੋਟਲ ਨੇ। ਯੂਰਪ ਸੈਰ-ਸਪਾਟੇ ਦੀ ਥਾਂ ਹੋਣ ਕਰਕੇ ਇੱਥੇ ਲੱਖਾਂ ਦੀ ਤਦਾਦ ਵਿਚ ਯਾਤਰੀ ਆਉਂਦੇ ਹਨ। ਸਾਡੇ ਦੇਸ਼ ਦਾ ਖਾਣਾ ਖਾਸ ਕਰਕੇ ਪੰਜਾਬੀਆਂ ਦਾ ਖਾਣਾ ਦੁਨੀਆਂ ਵਿਚ ਬਹੁਤ ਮਸ਼ਹੂਰ ਹੈ। ਇੱਥੇ ਆਉਣ ਵਾਲੇ ਯਾਤਰੀਆਂ ਦੀ ਭੀੜ ਇੰਡੀਅਨ ਹੋਟਲਾਂ ਰੈਸਟੋਰੈਂਟਾਂ ਵਿੱਚ ਹੁੰਦੀ ਹੈ। ਉਥੋਂ ਦੀ ਸਾਰੀ ਹੋਣ ਵਾਲੀ ਕਮਾਈ ਉਪਰ ਕਬਜ਼ਾ ਸਾਡੇ ਪੰਜਾਬੀਆਂ ਦਾ ਹੀ ਹੈ। ਜਰਮਨੀ ਦੀ ਪੀਆਰ ਲੈਣ ਦੇ ਚੱਕਰ ਵਿਚ ਸਾਡੇ ਕਈ ਪੰਜਾਬੀ ਨੌਜਵਾਨਾਂ ਨੂੰ 20-20 ਸਾਲ ਹੋ ਚੁੱਕੇ ਨੇ ਪਰ ਉਨ੍ਹਾਂ ਦੇ ਦਿਲਾਂ ਵਿੱਚ ਪੰਜਾਬ ਆਉਣ ਦੀ ਹਮੇਸ਼ਾ ਤਾਂਘ ਰਹਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਅਸੀਂ ਲੱਖਾਂ ਕਰੋੜਾਂ ਰੁਪਇਆ ਕਮਾ ਚੁੱਕੇ ਹਾਂ ਪਰ ਆਪਣਾ ਦੇਸ਼ ਆਪਣਾ ਹੀ ਹੁੰਦਾ ਹੈ। ਸਾਡੀ ਟੀਮ ਵਿੱਚੋਂ ਅਸੀਂ ਸਿਰਫ ਤਿੰਨ ਹੀ ਪੰਜਾਬੀ ਸੀ, ਮੈਂ, ਇਸ਼ਾਨ ਸ਼ਰਮਾ ਅਤੇ ਹਰਪ੍ਰੀਤ। ਉਨ੍ਹਾਂ ਸਾਡੀ ਰੱਜ ਕੇ ਆਓ ਭਗਤ ਕਰਨੀ, ਰਾਤ ਨੂੰ ਵਿਹਲੇ ਹੋ ਕੇ ਸਾਡੇ ਨਾਲ ਆਪਣੇ ਦੁੱਖ ਸੁੱਖ ਸਾਂਝੇ ਵੀ ਕਰਨੇ, ਸਾਡੇ ਪੰਜਾਬੀਆਂ ਦੀ ਸ਼ਾਇਦ ਇਹੋ ਹੀ ਦਰਿਆਦਿਲੀ ਹੈ...
ਡੀਪ ਫਰਿਜ਼ਰ 'ਚ ਕਈ ਦਿਨਾਂ ਤੱਕ ਜ਼ਿੰਦਾ ਰਹਿ ਸਕਦੈ 'ਕੋਰੋਨਾ ਵਾਇਰਸ'
NEXT STORY