ਮੋਹਾਲੀ (ਰਾਣਾ) - ਹਲਕੇ ਤੋਂ ਤੀਜੀ ਵਾਰ ਜਿੱਤ ਹਾਸਲ ਕਰ ਚੁੱਕੇ ਬਲਬੀਰ ਸਿੰਘ ਸਿੱਧੂ ਨੂੰ ਸਰਕਾਰ ਵਲੋਂ ਕੈਬਨਿਟ ਮੰਤਰੀ ਦਾ ਅਹੁਦਾ ਦੇ ਦਿੱਤਾ ਗਿਆ। ਸਿੱਧੂ ਨੇ ਇਸ ਅਹੁਦੇ ਨੂੰ ਖੁਦ ਦੀ ਕਾਮਯਾਬੀ ਨਹੀਂ, ਸਗੋਂ ਲੋਕਾਂ ਦੀ ਮਿਹਨਤ ਦਾ ਫਲ ਦੱਸਿਆ ਹੈ। ਉਥੇ ਹੀ ਸਿੱਧੂ ਨੇ 'ਜਗ ਬਾਣੀ' ਨਾਲ ਖਾਸ ਗੱਲਬਾਤ ਵਿਚ ਕਿਹਾ ਕਿ ਸ਼ਹਿਰ ਦੀ ਤਰੱਕੀ ਲਈ ਜੋ ਕੰਮ ਰੁਕੇ ਹੋਏ ਸਨ ਉਹ ਹੁਣ ਨਹੀਂ ਰੁਕਣਗੇ, ਜਿਨ੍ਹਾਂ ਨੂੰ ਛੇਤੀ ਪੂਰਾ ਕੀਤਾ ਜਾਵੇਗਾ। ਸਵਾਲ-ਇੰਡਸਟ੍ਰੀਜ਼ ਸਬੰਧੀ ਕੀ ਕਦਮ ਚੁੱਕਿਆ ਜਾਵੇਗਾ?
ਜਵਾਬ-ਇੰਡਸਟ੍ਰੀਜ਼ ਨੂੰ ਪ੍ਰਮੋਟ ਕੀਤਾ ਜਾਵੇਗਾ, ਜਿਸ ਨਾਲ ਸ਼ਹਿਰ ਦਾ ਨਾਂ ਵਿਦੇਸ਼ਾਂ 'ਚ ਵੀ ਗੂੰਜੇਗਾ ਤੇ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਸਵਾਲ-ਜੁਝਾਰ ਨਗਰ 'ਚ ਜੋ ਮੈਡੀਕਲ ਕਾਲਜ ਬਣਾਉਣ ਦਾ ਪ੍ਰੋਪਜ਼ਲ ਸੀ, ਉਸਦਾ ਕੀ ਬਣਿਆ?
ਜਵਾਬ-ਫੇਜ਼-6 ਦੇ ਨੇੜੇ ਪਿੰਡ ਜੁਝਾਰ ਨਗਰ ਵਿਚ ਜੋ ਮੈਡੀਕਲ ਕਾਲਜ ਬਣਾਉਣ ਦਾ ਪ੍ਰੋਪਜ਼ਲ ਸੀ, ਉਸਨੂੰ ਸਰਕਾਰ ਵਲੋਂ ਹਰੀ ਝੰਡੀ ਮਿਲ ਚੁੱਕੀ ਹੈ। ਇਹ ਮੈਡੀਕਲ ਕਾਲਜ 250 ਬੈੱਡਾਂ ਦਾ ਹੋਵੇਗਾ। ਇਹੀ ਨਹੀਂ, ਲੜਕੀਆਂ ਲਈ ਟੈਕਨੀਕਲ ਕਾਲਜ ਵੀ ਬਣਾਇਆ ਜਾ ਰਿਹਾ ਹੈ ਤੇ ਦੋਵਾਂ ਦਾ ਕੰਮ ਛੇਤੀ ਸ਼ੁਰੂ ਕਰ ਦਿੱਤਾ ਜਾਵੇਗਾ।
ਸਵਾਲ-ਇੰਟਰਨੈਸ਼ਨਲ ਏਅਰਪੋਰਟ ਦੇ ਨਾਂ ਸਬੰਧੀ ਜੋ ਵਿਵਾਦ ਚੱਲ ਰਿਹਾ ਸੀ ਕੀ ਹੁਣ ਉਹ ਵਿਵਾਦ ਸੁਲਝੇਗਾ ਜੇਕਰ ਸੁਲਝੇਗਾ ਤਾਂ ਏਅਰਪੋਰਟ ਦਾ ਕੀ ਨਾਂ ਰੱਖਿਆ ਜਾਵੇਗਾ?
ਜਵਾਬ-ਇੰਟਰਨੈਸ਼ਨਲ ਏਅਰਪੋਰਟ ਦੇ ਨਾਂ ਸਬੰਧੀ ਦਿੱਲੀ ਵਿਚ ਵੀ ਉਨ੍ਹਾਂ ਵੱਲੋਂ ਪ੍ਰੋਟੈਸਟ ਕੀਤਾ ਗਿਆ ਸੀ, ਨਾਲ ਹੀ ਸਰਕਾਰ ਨੂੰ ਵੀ ਲਿਖ ਕੇ ਦਿੱਤਾ ਗਿਆ ਹੈ। ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਸਰਦਾਰ ਭਗਤ ਸਿੰਘ ਦੇ ਨਾਂ 'ਤੇ ਹੀ ਰੱਖਿਆ ਜਾਵੇਗਾ।
ਸਵਾਲ-ਹਾਊਸ ਦੀ ਮੀਟਿੰਗ 'ਚ ਕਾਂਗਰਸ ਦੇ ਕੌਂਸਲਰਾਂ ਵਲੋਂ ਚੁੱਕੇ ਮੁੱਦਿਆਂ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ, ਨਾਲ ਹੀ ਮੇਅਰ ਵਲੋਂ ਵਾਰ-ਵਾਰ ਜਾਂਚ ਕਰਨ ਦੀ ਗੱਲ ਕੀਤੀ ਜਾਂਦੀ ਹੈ।
ਜਵਾਬ-ਨਗਰ ਨਿਗਮ ਵਿਚ ਕੁਰੱਪਸ਼ਨ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣਗੇ, ਨਾਲ ਹੀ ਇਕ ਮੈਨੇਜਮੈਂਟ ਬਣਾਈ ਜਾਵੇਗੀ ਜੋ ਕੁਰੱਪਸ਼ਨ ਕਰਨ ਵਾਲਿਆਂ 'ਤੇ ਨਜ਼ਰ ਰੱਖ ਸਕੇ। ਹਾਊਸ ਵਿਚ ਅਕਾਲੀ ਜ਼ਿਆਦਾ ਹੋਣ ਕਾਰਨ ਹੀ ਉਨ੍ਹਾਂ ਦੇ ਕੌਂਸਲਰਾਂ ਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ। ਜੋ ਕੁਰੱਪਸ਼ਨ ਕਰੇਗਾ ਉਸਦੀ ਜਾਂਚ ਹੋਵੇਗੀ, ਉਹ ਚਾਹੇ ਕੋਈ ਵੀ ਹੋਵੇ।
ਸਵਾਲ-ਪੁਲਸ ਵਿਭਾਗ ਵਿਚ ਕੁਝ ਅਫਸਰ ਕਾਫੀ ਸਮੇਂ ਤੋਂ ਇਕ ਹੀ ਸੀਟ 'ਤੇ ਜੰਮੇ ਬੈਠੇ ਹਨ, ਜਦੋਂਕਿ ਹੋਰ ਸਾਰਿਆਂ ਦੇ ਤਬਾਦਲੇ ਹੋ ਚੁੱਕੇ ਹਨ।
ਜਵਾਬ-ਬਿਹਤਰ ਕੰਮ ਕਰਨ ਵਾਲੇ ਅਫਸਰਾਂ ਦੀ ਉਹ ਪ੍ਰਸ਼ੰਸਾ ਕਰਦੇ ਹਨ ਤੇ ਜੇਕਰ ਸਮਾਂ ਮਿਆਦ ਤੋਂ ਜ਼ਿਆਦਾ ਅਫਸਰ ਇਕ ਹੀ ਸੀਟ 'ਤੇ ਬੈਠੇ ਹੋਏ ਹਨ ਤਾਂ ਚੈੱਕ ਕਰਵਾਇਆ ਜਾਵੇਗਾ।
ਸਵਾਲ-ਇਮੀਗ੍ਰੇਸ਼ਨ ਕੰਪਨੀਆਂ ਚੰਡੀਗੜ੍ਹ ਤੋਂ ਮੋਹਾਲੀ ਵੱਲ ਰੁਖ਼ ਕਰ ਰਹੀਆਂ ਹਨ, ਸਾਰਿਆਂ ਨੇ ਮੋਹਾਲੀ 'ਚ ਠਿਕਾਣੇ ਬਣਾ ਲਏ ਤੇ ਲੋਕਾਂ ਨਾਲ ਠੱਗੀ ਦੇ ਮਾਮਲੇ ਰੋਜ਼ਾਨਾ ਵਧਦੇ ਜਾ ਰਹੇ ਹਨ।
ਜਵਾਬ-ਜੋ ਇਮੀਗ੍ਰੇਸ਼ਨ ਕੰਪਨੀਆਂ ਰਜਿਸਟਰ ਹਨ ਉਨ੍ਹਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ, ਜਿਸ ਲਈ ਹੁਣ ਫਰਜ਼ੀ ਇਮੀਗ੍ਰੇਸ਼ਨ ਕੰਪਨੀ ਸੰਚਾਲਕਾਂ ਨੂੰ ਦਬੋਚਣਾ ਸੌਖਾ ਹੋਵੇਗਾ। ਹੁਣ ਤਾਂ ਮੋਹਾਲੀ ਵਿਚੋਂ ਫਰਜ਼ੀ ਕੰਪਨੀਆਂ ਵਾਲੇ ਭੱਜ ਚੁੱਕੇ ਹਨ। ਮੋਹਾਲੀ ਨੂੰ ਫਰਜ਼ੀ ਕੰਪਨੀਆਂ ਦੇ ਹੱਥੋਂ ਲੁੱਟਣ ਨਹੀਂ ਦਿੱਤਾ ਜਾਵੇਗਾ।
ਸਵਾਲ-ਪੇਡ ਪਾਰਕਿੰਗ ਸ਼ੁਰੂ ਕਰਨ ਲਈ ਨਗਰ ਨਿਗਮ ਸਰਵੇ ਕਰਵਾ ਰਿਹਾ ਹੈ ਤੇ ਉਸਨੂੰ ਸ਼ੁਰੂ ਕਰਨ ਸਬੰਧੀ ਵੀ ਵਿਚਾਰ ਕੀਤਾ ਜਾ ਰਿਹਾ ਹੈ?
ਜਵਾਬ-ਸ਼ੁਰੂ ਤੋਂ ਹੀ ਉਹ ਪੇਡ ਪਾਰਕਿੰਗ ਦੇ ਹੱਕ ਵਿਚ ਨਹੀਂ ਹਨ ਕਿਉਂਕਿ ਇਸ ਨਾਲ ਨਾ ਸਿਰਫ ਲੋਕਾਂ ਦੀ ਜੇਬ 'ਤੇ ਬੋਝ ਪਵੇਗਾ, ਸਗੋਂ ਦੁਕਾਨਦਾਰਾਂ ਨੂੰ ਵੀ ਕਾਫੀ ਨੁਕਸਾਨ ਹੋਵੇਗਾ।
ਸਵਾਲ-ਜਿਹੜੀ ਪਰੂਨਿੰਗ ਮਸ਼ੀਨ ਸਬੰਧੀ ਵਿਵਾਦ ਚੱਲਿਆ ਉਸਨੂੰ ਨਿਗਮ ਵਾਪਸ ਕਰਨ ਜਾ ਰਿਹਾ ਹੈ ਪਰ ਇਸ ਨਾਲ ਸ਼ਹਿਰ ਦੇ ਕਾਫੀ ਕੰਮ ਰੁਕ ਨਹੀਂ ਗਏ ਹਨ?
ਜਵਾਬ-ਪਰੂਨਿੰਗ ਮਸ਼ੀਨ ਵਿਦੇਸ਼ ਤੋਂ 1.79 ਕਰੋੜ ਵਿਚ ਖਰੀਦੀ ਗਈ, ਜਦੋਂਕਿ ਉਸਦੀ ਕੀਮਤ ਭਾਰਤ ਵਿਚ ਕਾਫੀ ਘੱਟ ਹੈ। ਇੰਨੀ ਮਹਿੰਗੀ ਮਸ਼ੀਨ ਕਿਉਂ ਖਰੀਦੀ ਗਈ ਜਦੋਂਕਿ ਚੰਡੀਗੜ੍ਹ 'ਚ 70 ਲੱਖ ਦੀਆਂ 5 ਪਰੂਨਿੰਗ ਮਸ਼ੀਨ ਲਿਆਂਦੀਆਂ ਗਈਆਂ ਹਨ। ਅਜਿਹੀਆਂ ਹੀ ਮਸ਼ੀਨਾਂ ਸ਼ਹਿਰ ਵਿਚ ਲਿਆਂਦੀਆਂ ਜਾਣਗੀਆਂ। ਸ਼ਹਿਰ ਦੇ ਕੰਮਾਂ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ।
ਸਵਾਲ-ਸਿਵਲ ਹਸਪਤਾਲ ਵਿਚ ਡਾਕਟਰਾਂ ਦੀ ਕਮੀ ਹੈ, ਜਿਸ ਕਾਰਨ ਉਥੇ ਲੋਕਾਂ ਨੂੰ ਕਾਫੀ ਦਿੱਕਤਾਂ ਆਉਂਦੀਆਂ ਹਨ ਤੇ ਉਨ੍ਹਾਂ ਨੂੰ ਕਦੋਂ ਦੂਰ ਕੀਤਾ ਜਾਵੇਗਾ?
ਜਵਾਬ-ਇਹ ਗੱਲ ਉਨ੍ਹਾਂ ਦੇ ਧਿਆਨ ਵਿਚ ਹੈ, ਡਾਕਟਰਾਂ ਦੀ ਕਮੀ ਨੂੰ ਛੇਤੀ ਦੂਰ ਕਰ ਦਿੱਤਾ ਜਾਵੇਗਾ ਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਕੋਠੀ 'ਚੋਂ 50 ਲੱਖ ਦੇ ਗਹਿਣਿਆਂ ਨਾਲ ਭਰੀ ਸੇਫ ਕੀਤੀ ਚੋਰੀ
NEXT STORY