ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) – ਪੁਲਸ ਵੱਲੋਂ ਬੀਤੀ ਰਾਤ ਚੌਲਾਂ ਦੇ ਭਰੇ 2 ਟਰੱਕਾਂ ਨੂੰ ਫਡ਼ਨ ਦੇ ਮਾਮਲੇ ਨੇ ਤੂਲ ਫਡ਼ ਲਿਆ ਹੈ। ਇਸ ਸਬੰਧੀ ਪੁਲਸ ਨੇ ਅਣਪਛਾਤੇ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਸੀ। ਦੂਜੇ ਪਾਸੇ ਪੁਲਸ ਅਤੇ ਐੱਫ. ਸੀ. ਆਈ. ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਸ਼ੈਲਰ ਐਸੋਸੀਏਸ਼ਨ ’ਚ ਰੋਸ ਫੈਲ ਗਿਆ ਹੈ। ਇਸ ਸਬੰਧੀ ਪ੍ਰਧਾਨ ਅਜੈਬ ਸਿੰਘ ਜਵੰਧਾ ਦੀ ਪ੍ਰਧਾਨਗੀ ਹੇਠ ਸ਼ੈਲਰ ਐਸੋਸੀਏਸ਼ਨ ਦਾ ਇਕ ਵਫਦ ਸੇਖਾਂ ਸਥਿਤ ਐੱਫ. ਸੀ. ਆਈ. ਦੇ ਡਿਪੂ ਨੰਬਰ-1 ਦੇ ਅਧਿਕਾਰੀਆਂ ਨੂੰ ਮਿਲਿਆ ਅਤੇ ਪੁਲਸ ਵੱਲੋਂ ਫਡ਼ੇ ਗਏ ਚੌਲਾਂ ਦੀ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ।
ਇਸ ਮੌਕੇ ਸ਼ੈਲਰ ਐਸੋਸੀਏਸ਼ਨ ਅਤੇ ਐੱਫ. ਸੀ. ਆਈ. ਦੇ ਅਧਿਕਾਰੀਆਂ ’ਚ ਤੂੰ-ਤੂੰ, ਮੈਂ-ਮੈਂ ਵੀ ਹੋਈ। ਸ਼ੈਲਰ ਐਸੋਸੀਏਸ਼ਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਗੋਦਾਮਾਂ ’ਚੋਂ ਚੌਲ ਕਿਵੇਂ ਬਾਹਰ ਆ ਗਏ, ਇਸ ਦੀ ਜਾਂਚ ਕੀਤੀ ਜਾਵੇ।
ਗ਼ਲਤੀ ਅਧਿਕਾਰੀਆਂ ਦੀ ਅਤੇ ਕਟੌਤੀ ਸ਼ੈਲਰ ਮਾਲਕਾਂ ਨੂੰ
ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਜੈਬ ਸਿੰਘ ਜਵੰਧਾ ਨੇ ਕਿਹਾ ਕਿ ਖਰੀਦ ਏਜੰਸੀਆਂ ਵੱਲੋਂ ਸ਼ੈਲਰ ਮਾਲਕਾਂ ਨੂੰ ਬੇਵਜ੍ਹਾ ਕਟੌਤੀ ਪਾ ਦਿੱਤੀ ਜਾਂਦੀ ਹੈ। ਇਕ ਗੱਡੀ ਦੇ ਪਿੱਛੇ ਸ਼ੈਲਰ ਮਾਲਕਾਂ ਤੋਂ 2 ਕੁਇੰਟਲ ਦੇ ਕਰੀਬ ਚੌਲ ਜ਼ਿਆਦਾ ਲਏ ਜਾਂਦੇ ਹਨ। ਜਦੋਂਕਿ ਅਧਿਕਾਰੀਆਂ ਦੀ ਨਾਲਾਇਕੀ ਕਾਰਨ ਗੋਦਾਮਾਂ ਤੋਂ ਮਾਲ ਬਾਹਰ ਆ ਰਿਹਾ ਹੈ ਅਤੇ ਕਟੌਤੀ ਸ਼ੈਲਰ ਮਾਲਕਾਂ ’ਤੇ ਪਾ ਦਿੱਤੀ ਜਾਂਦੀ ਹੈ, ਜਦੋਂਕਿ ਗ਼ਲਤੀ ਅਧਿਕਾਰੀਆਂ ਦੀ ਹੁੰਦੀ ਹੈ। ਪੁਲਸ ਵੱਲੋਂ ਫਡ਼ੇ ਗਏ ਚੌਲਾਂ ਤੋਂ ਇਹ ਗੱਲ ਸਾਬਤ ਹੋ ਗਈ ਹੈ ਕਿ ਇਸ ਦੇ ਪਿੱਛੇ ਕੋਈ ਵੱਡੀ ਖੇਡ ਹੈ। ਬੀਤੀ ਰਾਤ ਚੌਲਾਂ ਦੀ ਸਪੈਸ਼ਲ ਲੱਗੀ ਹੋਈ ਸੀ, ਜੋ ਕਿ ਬਰਨਾਲਾ ਰੇਲਵੇ ਸਟੇਸ਼ਨ ਤੋਂ ਭਰ ਕੇ ਚਲੀ ਗਈ ਸੀ। ਇਸ ਤੋਂ ਬਾਅਦ ਹੀ ਪੁਲਸ ਨੇ ਇਨ੍ਹਾਂ ਦੋ ਟਰੱਕਾਂ ਨੂੰ ਫਡ਼ਿਆ ਹੈ। ਸ਼ੈਲਰ ਐਸੋਸੀਏਸ਼ਨ ਮੰਗ ਕਰਦੀ ਹੈ ਕਿ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਉਹ ਅੱਜ ਐੱਫ. ਸੀ. ਆਈ. ਦੇ ਅਧਿਕਾਰੀਆਂ ਨੂੰ ਮਿਲੇ ਹਨ ਅਤੇ ਜੇਕਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਅਮਲ ’ਚ ਨਾ ਲਿਆਂਦੀ ਗਈ ਤਾਂ ਉਹ ਇਸ ਸਬੰਧੀ ਸੱਚਾਈ ਸਭ ਦੇ ਸਾਹਮਣੇ ਲਿਆਉਣ ਲਈ ਐੱਸ.ਐੱਸ.ਪੀ. ਬਰਨਾਲਾ ਨੂੰ ਮਿਲਣਗੇ ਕਿਉਂਕਿ ਇਹ ਚੌਲ ਕਿਸੇ ਗੋਦਾਮ ’ਚੋਂ ਹੀ ਬਾਹਰ ਆਏ ਹਨ। ਜੇਕਰ ਪੁਲਸ ਅਤੇ ਐੱਫ. ਸੀ. ਆਈ. ਦੇ ਅਧਿਕਾਰੀ ਇਸ ਦੀ ਜਾਂਚ ਕਰਨ ਤਾਂ ਸੱਚਾਈ ਸਾਹਮਣੇ ਆਉਣ ’ਚ ਕੁਝ ਵੀ ਸਮਾਂ ਨਹੀਂ ਲੱਗੇਗਾ। ਇਸ ਮੌਕੇ ਇਕਬਾਲ ਸਿੰਘ ਸਰਾਂ, ਸੋਹਣ ਮਿੱਤਲ, ਸੰਜੇ ਉਪਲੀ, ਕ੍ਰਿਸ਼ਨ ਬਿੱਟੂ, ਸ਼ਸ਼ੀ, ਪਾਰਸ ਬਾਂਸਲ ਅਤੇ ਕਾਫੀ ਗਿਣਤੀ ’ਚ ਸ਼ੈਲਰ ਮਾਲਕ ਹਾਜ਼ਰ ਸਨ।
ਮੁਜਰਿਮਾਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਪੁਲਸ ਅਤੇ ਅਧਿਕਾਰੀ
ਸ਼ੈਲਰ ਐਸੋਸੀਏਸ਼ਨ ਦੇ ਆਗੂ ਮਦਨ ਲਾਲ ਨੇ ਕਿਹਾ ਕਿ ਪੁਲਸ ਨੇ ਜੋ ਦੋ ਟਰੱਕ ਫਡ਼ੇ ਹਨ, ਉਨ੍ਹਾਂ ਟਰੱਕਾਂ ’ਚ ਚੌਲ ਲੱਦੇ ਹੋਏ ਹਨ। ਚੌਲ ’ਚ ਲੱਗੀਆਂ ਪਰਚੀਆਂ ਦਰਸ਼ਾ ਰਹੀਆਂ ਹਨ ਕਿ ਇਹ ਮਾਲ ਪਿੰਡ ਫਰਵਾਹੀ ਦੇ ਗੋਦਾਮਾਂ ’ਚੋਂ ਆਇਆ ਹੈ। ਸਾਡੀ ਸੂਚਨਾ ਅਨੁਸਾਰ ਪੁਲਸ ਨੇ ਟਰੱਕ ਡਰਾਈਵਰਾਂ ਨੂੰ ਵੀ ਹਿਰਾਸਤ ’ਚ ਲਿਆ ਹੋਇਆ ਹੈ ਪਰ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕੀਤਾ। ਕੁਝ ਸਮਾਂ ਪਹਿਲਾਂ ਗੋਦਾਮਾਂ ’ਚੋਂ ਚੌਲ ਬਦਲਣ ਦੇ ਦੋਸ਼ ’ਚ ਮੇਰੇ ’ਤੇ ਝੂਠਾ ਕੇਸ ਦਰਜ ਕੀਤਾ ਗਿਆ ਸੀ। ਹੁਣ ਪੁਲਸ ਵੱਲੋਂ ਚੌਲਾਂ ਦੇ ਟਰੱਕ ਫਡ਼ਨ ਨਾਲ ਸੱਚਾਈ ਸਾਹਮਣੇ ਆ ਰਹੀ ਹੈ ਪਰ ਪੁਲਸ ਪ੍ਰਸ਼ਾਸਨ ਅਤੇ ਅਧਿਕਾਰੀ ਦੋਸ਼ੀਆਂ ਨੂੰ ਬਚਾਉਣ ਲੱਗੇ ਹਨ। ਪਹਿਲਾਂ ਵੀ ਇਨ੍ਹਾਂ ਲੋਕਾਂ ਵੱਲੋਂ ਚੌਲ ਬਦਲੇ ਗਏ ਸਨ। ਸਾਡੀ ਮੰਗ ਹੈ ਕਿ ਦੋਸ਼ੀ ਲੋਕਾਂ ’ਤੇ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਐੱਸ. ਸੀ. ਬੱਚਿਆਂ ਤੋਂ ਪੂਰੀਅਾਂ ਫੀਸਾਂ ਲੈਣ ਵਿਰੁੱਧ ਪ੍ਰਗਟਾਇਆ ਰੋਹ
NEXT STORY