ਜਲੰਧਰ (ਕਮਲੇਸ਼) - ਪੰਜਾਬ ਦਾ ਮਸ਼ਹੂਰ ਬਦਮਾਸ਼ ਜੇਲ ’ਚ ਬੰਦ ਹੋਣ ਦੇ ਬਾਵਜੂਦ ਕਈ ਲੋਕਾਂ ਲਈ ਸਿਰਦਰਦੀ ਤੇ ਕਈ ਸਾਲਾਂ ਤੋਂ ਪੰਜਾਬ ’ਚ ਉਦਯੋਗਪਤੀਆਂ ਲਈ ਡਰ ਦਾ ਕਾਰਨ ਬਣਿਆ ਹੋਇਆ ਹੈ। ਭਗਵਾਨਪੁਰੀਆ ਹੁਣ ਪੁਲਸ ਦੀ ਨੀਂਦ ਉੱਡਣ ਦਾ ਕਾਰਨ ਵੀ ਬਣ ਗਿਆ ਸੀ। ਉਸ ਨੂੰ ਗ੍ਰਿਫਤਾਰ ਕਰ ਕੇ ਜੇਲ ’ਚ ਭੇਜ ਕੇ ਪੁਲਸ ਨੇ ਚੈਨ ਦਾ ਸਾਹ ਲਿਆ ਸੀ ਪਰ ਬੀਤੇ ਦਿਨਾਂ ਤੋਂ ਭਗਵਾਨਪੁਰੀਆ ਸੁਰਖੀਆਂ ’ਚ ਛਾਇਆ ਹੋਇਆ ਹੈ। ਇਸ ਦਾ ਕਾਰਨ ਉਸ ਦੀ ਜੇਲ ’ਚ ਮਨਾਈ ਗਈ ‘ਬਰਥਡੇ ਪਾਰਟੀ’ ਸੀ, ਜਿਸ ਨੂੰ ਫੇਸਬੁਕ ’ਤੇ ਲਾਈਵ ਕੀਤਾ ਗਿਆ ਸੀ। ਹਾਲਾਂਕਿ ਜੇਲ ’ਚ ਮੋਬਾਇਲ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕੋਈ ਨਵੀਂ ਗੱਲ ਨਹੀਂ ਪਰ ਅਪਰਾਧ ਦੀ ਦੁਨੀਆ ’ਚ ਇਸ ਸਮੇਂ ਜੱਗੂ ਭਗਵਾਨਪੁਰੀਆ ਇਕ ਵੱਡਾ ਨਾਂ ਬਣ ਗਿਆ ਹੈ। ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਉਸ ਨੇ ਪੰਜਾਬ ’ਚ ਆਪਣੇ ਪ੍ਰਭਾਵ ਨੂੰ ਵਧਾ ਲਿਆ ਹੈ।

ਜੇਲ ’ਚ ਮਨਾਈ ਬਰਥਡੇ ਪਾਰਟੀ ਮਗਰੋਂ ਦੋਸ਼ਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ, ਜਿਸ ’ਚ ਅਕਾਲੀ ਨੇਤਾ ਮਜੀਠੀਆ ਨੇ ਜੇਲ ਮੰਤਰੀ ਰੰਧਾਵਾ ’ਤੇ ਭਗਵਾਨਪੁਰੀਆ ਨੂੰ ਸੁਰੱਖਿਆ ਦੇਣ ਦੇ ਇਲਜ਼ਾਮ ਲਾਏ ਸਨ। ਇਸ ਮਗਰੋਂ ਮੀਡੀਆ ਦੇ ਸਾਹਮਣੇ ਆ ਕੇ ਜੇਲ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਭਗਵਾਨਪੁਰੀਆ ਨੂੰ ਸੁਰੱਖਿਆ ਦੇਣ ਵਾਲੇ ਉਹ ਨਹੀਂ ਸਗੋਂ ਖੁਦ ਮਜੀਠੀਆ ਹਨ। ਮਜੀਠੀਆ ਨੇ ਇਹ ਵੀ ਇਲਜ਼ਾਮ ਲਾਏ ਸਨ ਕਿ ਭਗਵਾਨਪੁਰੀਆ ਨੇ ਉਨ੍ਹਾਂ ਨੂੰ ਜਾਨੋਂ ਮਾਰਨੇ ਦੀਆਂ ਧਮਕੀਆਂ ਵੀ ਦਿੱਤੀਆਂ ਹਨ। ਦੋਸ਼ਾਂ ਦਾ ਇਹ ਸਿਲਸਿਲਾ ਇਸ ਗੱਲ ਨੂੰ ਸਿੱਧ ਕਰਦਾ ਹੈ ਕਿ ਕਿਤੇ ਨਾ ਕਿਤੇ ਗੈਂਗਸਟਰਾਂ ਨੂੰ ਖੜ੍ਹਾ ਕਰਨ ਵਿਚ ਰਾਜਨੀਤੀ ਨਾਲ ਜੁੜੇ ਲੋਕਾਂ ਦਾ ਹੱਥ ਹੁੰਦਾ ਹੈ।
ਕਾਹਲਵਾਂ ਅਤੇ ਗੌਂਡਰ ਨੂੰ ਖੌਫ ਦਾ ਦੂਜਾ ਨਾਂ ਬਣਾਉਣ ਵਿਚ ਵੀ ਨੇਤਾਵਾਂ ਦਾ ਸੀ ਹੱਥ
ਕੁਝ ਸਾਲ ਪਹਿਲਾਂ ਪੰਜਾਬ ’ਚ ਖੌਫ ਦਾ ਦੂਜਾ ਨਾਂ ਬਣੇ ਬਦਮਾਸ਼ ਸੁੱਖਾ ਕਾਹਲਵਾਂ ਅਤੇ ਵਿੱਕੀ ਗੌਂਡਰ ਨੂੰ ਬਣਾਉਣ ਵਿਚ ਕਿਤੇ ਨਾ ਕਿਤੇ ਸਿਆਸੀ ਨੇਤਾਵਾਂ ਦਾ ਹੱਥ ਸੀ। ਇਸ ਗੱਲ ਦਾ ਖੁਲਾਸਾ ਆਪਣੇ ਆਪ ਉਕਤ ਬਦਮਾਸ਼ ਦੇ ਪਰਿਵਾਰ ਵਾਲਿਆਂ ਨੇ ਮੀਡੀਆ ਸਾਹਮਣੇ ਕੀਤਾ ਸੀ। ਭਗਵਾਨਪੁਰੀਆ ਕਾਹਲਵਾਂ ਦਾ ਨਜ਼ਦੀਕੀ ਮੰਨਿਆ ਜਾਂਦਾ ਸੀ। ਕਾਹਲਵਾਂ ਦੇ ਮਾਰੇ ਜਾਣ ਮਗਰੋਂ ਗੌਂਡਰ ਗੈਂਗ ਨੇ ਭਗਵਾਨਪੁਰੀਆ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਜਿਹੀ ਗੈਂਗਵਾਰ ’ਚ ਭਗਵਾਨਪੁਰੀਆ ਦੇ ਕੁਝ ਲੋਕਾਂ ਨੂੰ ਗੌਂਡਰ ਗੈਂਗ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਪੁਲਸ ਵਲੋਂ ਕੀਤੇ ਗਏ ਗੌਂਡਰ ਦੇ ਐਨਕਾਊਂਟਰ ਮਗਰੋਂ ਭਗਵਾਨਪੁਰੀਆ ਨੇ ਪੰਜਾਬ ’ਚ ਬਦਮਾਸ਼ਾਂ ਦੀ ਦੁਨੀਆ ’ਚ ਆਪਣਾ ਨਾਂ ਬਣਾਉਣਾ ਸ਼ੁਰੂ ਕਰ ਦਿੱਤਾ ਸੀ।
ਕਬੱਡੀ ਖੇਡ ਨੂੰ ਕੰਟਰੋਲ ’ਚ ਕਰਨ ਦੇ ਲੱਗੇ ਹਨ ਦੋਸ਼
ਭਗਵਾਨਪੁਰੀਆ ਦੇ ਵਿਰੁੱਧ ਕਬੱਡੀ ਦੇ ਈਵੈਂਟਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਦੇ ਵੀ ਦੋਸ਼ ਲੱਗ ਚੁੱਕੇ ਹਨ। ਇਕ ਮਾਮਲੇ ਵਿਚ ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਫੈੱਡਰੇਸ਼ਨ ਨੇ ਡੀ. ਜੀ. ਪੀ. ਪੰਜਾਬ ਨੂੰ ਭਗਵਾਨਪੁਰੀਆ ਦੇ ਵਿਰੁੱਧ ਸ਼ਿਕਾਇਤ ਦਿੱਤੀ ਸੀ ਕਿ ਉਹ ਡਰੱਗ ਮਨੀ ਦੀ ਵਰਤੋਂ ਕਰ ਕੇ ਕਬੱਡੀ ਦੇ ਈਵੈਂਟਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰਨ ਵਿਚ ਲੱਗੀ ਹੋਈ ਹੈ।
ਬਰਥਡੇ ਪਾਰਟੀ ਲਾਈਵ ਹੋਣ ਮਗਰੋਂ ਭਗਵਾਨਪੁਰੀਆ ਨੇ ਪ੍ਰਗਟਾਇਆ ਸੀ ਫੇਕ ਐਨਕਾਊਂਟਰ ’ਚ ਮਾਰੇ ਜਾਣ ਦਾ ਸ਼ੱਕ
ਭਗਵਾਨਪੁਰੀਆ ਨੇ ਉਸ ਦੀ ਬਰਥਡੇ ਪਾਰਟੀ ਲਾਈਵ ਹੋਣ ਤੋਂ ਬਾਅਦ ਫੇਕ ਐਨਕਾਊਂਟਰ ਵਿਚ ਮਾਰੇ ਜਾਣ ਦਾ ਸ਼ੱਕ ਪ੍ਰਗਟਾਇਆ ਸੀ। ਇਸ ਦੇ ਲਈ ਉਸ ਨੇ ਹਾਈ ਕੋਰਟ ’ਚ ਵੀ ਪਹੁੰਚ ਕੀਤੀ ਹੈ ਅਤੇ ਅੰਮ੍ਰਿਤਸਰ ਜੇਲ ਵਿਚ ਸ਼ਿਫਟ ਕਰਵਾਏ ਜਾਣ ਦੀ ਮੰਗ ਵੀ ਕੀਤੀ ਹੈ। ਇਸ ਮਾਮਲੇ ਵਿਚ ਅਦਾਲਤ ਨੇ ਅਗਲੀ ਤਰੀਕ 21 ਜਨਵਰੀ ਨੂੰ ਤੈਅ ਕੀਤੀ ਹੈ।
ਗੈਂਗਸਟਰ ਸੁਖਪ੍ਰੀਤ ਬੁੱਢਾ ਗ੍ਰਿਫਤਾਰ, 4 ਦਿਨਾਂ ਪੁਲਸ ਰਿਮਾਂਡ 'ਤੇ
NEXT STORY