ਜਲੰਧਰ/ਨਵੀਂ ਦਿੱਲੀ (ਚਾਵਲਾ) : 'ਜਾਗੋ' ਪਾਰਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੀ ਸ਼ਤਾਬਦੀ ਦੇ ਮੌਕੇ ਹੋਏ ਸਮਾਗਮ ਦੌਰਾਨ ਕਲ ਅੰਮ੍ਰਿਤਸਰ ਵਿਖੇ ਦਿੱਤੇ ਗਏ ਬਿਆਨ ਦੇ ਡੂੰਘੇ ਅਰਥਾਂ ਨੂੰ ਸਮਝਣ ਦੀ ਅਪੀਲ ਕੀਤੀ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਦੇ ਬਿਆਨ ਨੂੰ ਇਕ ਤਰ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਸ਼ੀਸ਼ਾ ਵਿਖਾਉਣ ਵਾਲੇ ਬਿਆਨ ਦੇ ਤੌਰ 'ਤੇ ਪਰਿਭਾਸ਼ਿਤ ਕੀਤਾ ਹੈ। ਜੀ. ਕੇ. ਨੇ ਕਿਹਾ ਕਿ ਜਥੇਦਾਰ ਨੇ ਅਕਾਲੀ ਦਲ ਨੂੰ 'ਪੰਥ ਟੂ ਪੰਜਾਬ' ਚੱਲਣ ਦੀ ਹਿਦਾਇਤ ਠੀਕ ਦਿੱਤੀ ਹੈ ਕਿਉਂਕਿ ਜਥੇਦਾਰ ਨੂੰ ਪਤਾ ਹੈ ਕਿ ਅਕਾਲੀ ਦਲ ਪੰਥ ਅਤੇ ਪੰਜਾਬ ਦੇ ਨਾਲ ਨਹੀਂ ਹੈ ਅਤੇ ਪੰਜਾਬ ਦੀ ਸੱਤਾ ਲਈ ਪੰਥ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਥ ਨੇ ਅਕਾਲੀ ਦਲ ਨੂੰ ਪੰਜਾਬ ਸਪੁਰਦ ਕੀਤਾ ਸੀ, ਤਦ ਤਾਂ ਇਹੀ ਲੋਕ ਪੰਥ ਨੂੰ ਮਾਰਨ ਅਤੇ ਆਪਣੇ ਵਪਾਰ ਨੂੰ ਉਭਾਰਨ ਲਈ ਪੰਜਾਬ ਦਾ ਇਸਤੇਮਾਲ ਕਰ ਰਹੇ ਸਨ। ਇਸ ਲਈ ਹੁਣ ਪੰਥ ਇਨ੍ਹਾਂ ਦੇ ਝਾਂਸੇ 'ਚ ਨਹੀਂ ਆਉਣ ਵਾਲਾ। 30 ਸਾਲ ਤੋਂ ਬਾਦਲ ਪਰਿਵਾਰ ਨੇ ਅਕਾਲੀ ਦਲ, ਪੰਜਾਬ ਅਤੇ ਪੰਥ ਨੂੰ ਆਪਣੀ ਨਿੱਜੀ ਜਗੀਰ ਬਣਾ ਰੱਖਿਆ ਸੀ। ਜਿਸ ਨੂੰ ਹੁਣ ਜਥੇਦਾਰ ਵੱਲੋਂ ਅਸਿੱਧੇ ਤਰੀਕੇ ਨਾਲ ਸਵੀਕਾਰ ਕਰ ਕੇ ਬਾਦਲਾਂ ਨੂੰ ਨਸੀਹਤਾਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : 'ਦਿੱਲੀ ਕਮੇਟੀ ਚੋਣਾਂ ਲਈ ਚੋਣ ਜ਼ਾਬਤਾ ਤੁਰੰਤ ਲਗਾਉਣ ਦੀ ਜਾਗੋ ਨੇ ਕੀਤੀ ਮੰਗ'
ਮੋਦੀ ਸਰਕਾਰ ਨੂੰ ਜਥੇਦਾਰ ਵੱਲੋਂ 'ਈ. ਵੀ. ਐੱਮ. ਸਰਕਾਰ' ਦੱਸਣ ਉੱਤੇ ਚੁਟਕੀ ਲੈਂਦੇ ਹੋਏ ਜੀ. ਕੇ. ਨੇ ਕਿਹਾ ਕਿ ਫਿਰ 2019 'ਚ ਈ. ਵੀ. ਐੱਮ. ਨਾਲ ਜਿੱਤਣ ਵਾਲੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਨੈਤਿਕਤਾ ਦਾ ਸਬੂਤ ਦੇਣਾ ਚਾਹੀਦਾ ਹੈ। ਇਸ ਈ. ਵੀ. ਐੱਮ. ਸਰਕਾਰ 'ਚ 6.5 ਸਾਲ ਤੱਕ ਹਰਸਿਮਰਤ ਕੌਰ ਬਾਦਲ ਮੰਤਰੀ ਰਹੀ ਹੈ। ਅੱਜ ਸੱਤਾ ਤੋਂ ਬਾਹਰ ਹੁੰਦੇ ਹੀ ਪੰਥ ਅਤੇ ਪੰਜਾਬ ਖ਼ਤਰੇ 'ਚ ਆ ਗਿਆ ਹੈ। ਜੇਕਰ ਮੋਦੀ ਦੀ ਸਰਕਾਰ ਨੇ ਬਹੁਮਤ ਦੀ ਲੁੱਟ ਕੀਤੀ ਸੀ ਤਾਂ ਅਕਾਲੀ ਸੰਸਦਾਂ ਮੈਂਬਰਾਂ ਨੂੰ ਬਿਨਾਂ ਸਮਾਂ ਗਵਾਏ ਆਪਣੀਆਂ ਸੀਟਾਂ ਤੋਂ ਅਸਤੀਫ਼ਾ ਦੇ ਕੇ ਜਥੇਦਾਰ ਦੀ ਗੱਲ ਉੱਤੇ ਮੋਹਰ ਲਗਾਉਣੀ ਚਾਹੀਦੀ ਹੈ। ਜਥੇਦਾਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਮਾਂ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੁੱਤ ਦੱਸ ਕੇ ਮਾਂ ਨੂੰ ਪੁੱਤ ਤੋਂ ਵੱਖ ਨਾ ਕਰਨ ਦੀ ਕੀਤੀ ਗਈ ਅਪੀਲ ਉੱਤੇ ਜੀ. ਕੇ. ਨੇ ਕਿਹਾ ਕਿ ਮਾਂ ਵੀ ਕਾਬਿਲ ਪੁੱਤ ਨੂੰ ਗਲੇ ਲਗਾਉਂਦੀ ਹੈ ਨਾ ਕਿ ਨਾਕਾਬਲ ਪੁੱਤ ਨੂੰ।
ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਜਲੰਧਰ 'ਚ ਈ. ਡੀ. ਸਾਹਮਣੇ ਹੋਏ ਪੇਸ਼
ਜੀ. ਕੇ. ਨੇ ਕਿਹਾ ਕਿ ਅਕਾਲੀ ਦਲ ਪੰਥ ਤੋਂ ਸਰਦਾਰੀ ਲੈ ਕੇ ਡੇਰਿਆਂ ਦੀ ਸੇਵਾ ਕਰੇ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਡੇਰੇ ਨੂੰ ਬਿਨਾਂ ਮੰਗੇ ਮੁਆਫੀ ਦਿਲਾਵੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਨਾ ਫੜੇ ਅਤੇ ਇਨਸਾਫ਼ ਮੰਗ ਰਹੀ ਸੰਗਤਾਂ ਉੱਤੇ ਅਕਾਲੀ ਸਰਕਾਰ ਦੀ ਪੁਲਸ ਗੋਲੀ ਚਲਾਏ। ਨਸ਼ੇ ਦਾ ਕੰਮ-ਕਾਜ ਕਰਨ ਦੇ ਅਕਾਲੀ ਨੇਤਾਵਾਂ ਉੱਤੇ ਦੋਸ਼ ਲੱਗਣ। ਅਕਾਲੀ ਦਲ ਦੇ ਪ੍ਰਬੰਧ ਵਾਲੀ ਸ਼੍ਰੋਮਣੀ ਕਮੇਟੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ-ਸੰਭਾਲ ਨਾ ਕਰ ਸਕੇ ਤਾਂ ਅਜਿਹੇ ਅਕਾਲੀ ਦਲ ਰੂਪੀ ਨਾਲਾਇਕ ਪੁੱਤ ਨੂੰ ਮਾਂ ਰੂਪੀ ਸ਼੍ਰੋਮਣੀ ਕਮੇਟੀ ਕਿਉਂ ਗਲੇ ਲਾਏ? ਪੁੱਤ ਪਿਆਰ ਨੂੰ ਤਾਂ ਗੁਰੂ ਸਾਹਿਬਾਨਾਂ ਨੇ ਨਹੀਂ ਪਾਲਿਆ ਸੀ, ਫਿਰ ਪੰਥ ਕਿਉਂ ਨਾਲਾਇਕ ਪੁੱਤ ਨੂੰ ਪਾਲੇ? ਜੀ. ਕੇ. ਨੇ ਕਿਹਾ ਕਿ ਪੰਜਾਬ ਦੇ ਲੋਕ ਸੂਝਵਾਨ ਅਤੇ ਠੀਕ ਨਿਜਾਮ ਚੁਣਨ ਵਿਚ ਸਮਰੱਥ ਹਨ। ਇਸ ਲਈ ਅਕਾਲੀ ਦਲ ਨੂੰ ਸਿਰਫ ਸੱਤਾ ਲਈ 'ਪੰਥ ਟੂ ਪੰਜਾਬ' ਜਾਣ ਦੀ ਜ਼ਰੂਰਤ ਨਹੀਂ ਹੈ।
ਇਹ ਵੀ ਪੜ੍ਹੋ : ਜਲੰਧਰ: ਪਤੀ ਦੀ ਬਰਸੀ ਵਾਲੇ ਦਿਨ ਪਤਨੀ ਨੇ ਵਿਦੇਸ਼ ਰਹਿੰਦੇ ਪੁੱਤ ਨੂੰ ਵੀਡੀਓ ਕਾਲ ਕਰਦਿਆਂ ਚੁੱਕਿਆ ਖ਼ੌਫ਼ਨਾਕ ਕਦਮ
ਜਲਾਲਾਬਾਦ 'ਚ ਨਹੀਂ ਰੁਕ ਰਹੀਆਂ ਲੁੱਟਖੋਹ ਦੀਆਂ ਘਟਨਾਵਾਂ, ਸਵਾਲਾਂ ਦੇ ਘੇਰੇ 'ਚ ਪੁਲਸ ਪ੍ਰਸ਼ਾਸ਼ਨ
NEXT STORY