ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਦੀ ਧੜੇਬੰਦੀ 'ਚ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਰੋੜੀ ਦੇ ਪਾਲਾ ਬਦਲਣ ਕਾਰਨ ਨਵਾਂ ਤੇ ਰੋਚਕ ਮੋੜ ਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਧੜੇਬੰਦੀ ਦੇ 5 ਮਹੀਨਿਆਂ ਦੌਰਾਨ ਸਿਰਫ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਦੀਆਂ ਮਨਮਰਜ਼ੀਆਂ ਹੀ ਰੋੜੀ ਦੀ ਘਰ ਵਾਪਸੀ ਦਾ ਕਾਰਨ ਬਣੀਆਂ ਕਿਉਂਕਿ ਧੜੇ 'ਚ ਖਹਿਰਾ-ਸੰਧੂ ਦਾ ਬੋਲਬਾਲਾ ਹੋਣ ਕਾਰਨ ਹੋਰ ਵਿਧਾਇਕਾਂ 'ਚ ਨਾਰਾਜ਼ਗੀ ਵਧੀ ਹੈ ਅਤੇ ਅਜਿਹੀਆਂ ਗੱਲਾਂ ਹੀ ਜੈ ਕਿਸ਼ਨ ਰੋੜੀ ਦੇ ਦਿਲ ਨੂੰ ਚੁੱਭੀਆਂ ਹਨ, ਜਿਸ ਕਾਰਨ ਉਨ੍ਹਾਂ ਨੇ 'ਘਰ ਵਾਪਸੀ' ਦਾ ਫੈਸਲਾ ਕਰ ਲਿਆ। ਖਹਿਰਾ ਧੜੇ ਨੂੰ ਬੇਸ਼ੱਕ ਜਿੱਥੇ ਵੱਡਾ ਝਟਕਾ ਲੱਗਾ ਹੈ, ਉਥੇ ਹੋਰ ਹੋਰ ਤਰੇੜਾਂ ਵਧਣ ਦੀਆਂ ਸੰਭਾਵਨਾ ਪੈਦਾ ਹੋ ਗਈਆਂ ਹਨ।
ਹਾਲਾਂਕਿ ਸੁਖਪਾਲ ਸਿੰਘ ਖਹਿਰਾ ਧੜੇ ਦੇ ਵਿਧਾਇਕਾਂ 'ਚ ਸੰਨ੍ਹ ਲਾਉਣ ਦਾ ਹਰਪਾਲ ਸਿੰਘ ਚੀਮਾ ਨੇ ਅਕਤੂਬਰ 'ਚ ਹੀ ਐਲਾਨ ਕਰਦੇ ਹੋਏ ਕਿਹਾ ਸੀ ਕਿ ਦੀਵਾਲੀ ਤੋਂ ਪਹਿਲਾਂ ਹੀ ਝਟਕਾ ਦੇ ਦਿੱਤਾ ਜਾਵੇਗਾ ਪਰ ਕਈ ਕਾਰਨਾਂ ਕਾਰਨ ਸਮਾਂ ਕ੍ਰਿਸਮਸ ਤੱਕ ਲਟਕ ਗਿਆ। ਦਿੱਲੀ 'ਚ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨਾਲ ਸੋਮਵਾਰ ਨੂੰ ਬੈਠਕ ਤੋਂ ਮਗਰੋਂ ਵਿਧਾਇਕ ਰੋੜੀ ਨੇ ਵਾਪਸ ਪਾਰਟੀ 'ਚ ਆਉਣ ਸਬੰਧੀ ਐਲਾਨ ਕੀਤਾ। ਜਸਟਿਸ ਜ਼ੋਰਾ ਸਿੰਘ ਦੇ ਸਵਾਗਤ ਸਬੰਧੀ ਪ੍ਰੈੱਸ ਕਾਨਫਰੰਸ ਵਿਚ ਉਪਰੋਕਤ ਵਿਧਾਇਕ ਨੇ ਇਹ ਐਲਾਨ ਕੀਤਾ। ਹਾਲਾਂਕਿ ਖਹਿਰਾ ਨੇ ਜਸਟਿਸ ਜ਼ੋਰਾ ਸਿੰਘ ਦੇ 'ਆਪ' 'ਚ ਤਿੱਖੀ ਪ੍ਰਤੀਕਿਰਿਆ ਦਿੱਤੀ ਪਰ ਰੋੜੀ ਦੇ ਐਲਾਨ 'ਤੇ ਚੁੱਪ ਧਾਰ ਗਏ। 'ਘਰ ਵਾਪਸੀ' ਦਾ ਐਲਾਨ ਕਰਦਿਆਂ ਰੋੜੀ ਨੇ ਕਿਹਾ ਕਿ ਪਾਰਟੀ ਨਾਲ ਗਿਲੇ-ਸ਼ਿਕਵੇ ਦੂਰ ਕਰ ਲਏ ਗਏ ਹਨ ਤੇ ਹੁਣ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ਦੀ 'ਆਪ' ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਕੀਤੇ ਗਏ ਕੰਮਾਂ ਨੂੰ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣਾ ਉਨ੍ਹਾਂ ਦਾ ਮੁੱਖ ਕੰਮ ਹੋਵੇਗਾ।
ਕੈਪਟਨ ਵਲੋਂ ਕਪੂਰਥਲਾ ਦੇ ਮਹਾਰਾਜਾ ਬਾਰੇ ਕਿਤਾਬ ਰਿਲੀਜ਼
NEXT STORY